Chandigarh DC ਨਿਸ਼ਾਂਤ ਯਾਦਵ ਫਰਜ਼ੀ ਵੀਜਾ ਏਜੰਟਾਂ ’ਤੇ ਹੋਏ ਸਖਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਟਰੈਵਲ ਅਤੇ ਵੀਜਾ ਏਜੰਟਾਂ ਨੂੰ ਸਾਰੀ ਜਾਣਕਾਰੀ ਐਸ.ਡੀ.ਐਮ. ਦਫ਼ਤਰ ’ਚ ਜਮ੍ਹਾਂ ਕਰਵਾਉਣ ਦਾ ਦਿੱਤਾ ਹੁਕਮ

Chandigarh DC Nishant Yadav takes strict action against fake visa agents

ਚੰਡੀਗੜ੍ਹ : ਚੰਡੀਗੜ੍ਹ ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਰੋਜ਼ਾਨਾ ਲੱਖਾਂ ਰੁਪਏ ਦੀ ਧੋਖਾਧੜੀ ਹੋ ਰਹੀ ਹੈ ਅਤੇ ਪੁਲਿਸ ਵੱਲੋਂ ਮਾਮਲੇ ’ਚ ਠੱਗੀ ਕਰਨ ਵਾਲੇ ਇਮੀਗੇ੍ਰਸ਼ਨ ਏਜੰਟਾਂ ਵਿਰੁੱਧ ਕਾਰਵਾਈ ਕਰਨ ਦਾ ਦਾਅਵਾ ਕਰ ਰਹੀ ਹੈ, ਉੱਥੇ ਹੀ ਅਸਲੀਅਤ ਇਹ ਹੈ ਕਿ ਦੱਖਣ-ਪੱਛਮੀ ਡਿਵੀਜ਼ਨ ਵਿੱਚ ਕੁੱਲ 149 ਇਮੀਗ੍ਰੇਸ਼ਨ ਕੰਪਨੀਆਂ ਹਨ ਅਤੇ ਇਨ੍ਹਾਂ ਵਿਚੋਂ ਵਿੱਚੋਂ ਸਿਰਫ਼ 43 ਦੀ ਵੈਰੀਫਾਈਡ ਹਨ ਜਦਕਿ 106 ਦੀ ਵੈਰੀਫਿਕੇਸ਼ਨ ਫ਼ਿਲਹਾਲ ਤਸਦੀਕ ਅਧੀਨ ਹੈ।

ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਵੱਲੋਂ ਸਾਰੇ ਫਰਜ਼ੀ ਵੀਜਾ ਏਜੰਟਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਭਾਰਤੀ ਨਾਗਰਿਕ ਸੁਰੱਖਿਆ ਕਾਨੂੰਨ 2023 ਦੀ ਧਾਰਾ 163 ਦੇ ਤਹਿਤ ਹੁਕਮ ਜਾਰੀ ਕਰਕੇ ਸਾਰੇ ਟਰੈਵਲ ਅਤੇ ਵੀਜਾ ਏਜੰਟਾਂ ਨੂੰ ਆਪਣੀ ਪੂਰੀ ਜਾਣਕਾਰੀ ਐਸ.ਡੀ.ਐਮ. ਦਫਤਰ ’ਚ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਇਹ ਹੁਕਮ 10 ਨਵੰਬਰ ਦੀ ਰਾਤ ਤੋਂ ਲਾਗੂ ਹੋ ਚੁੱਕਿਆ ਹੈ ਅਤੇ 8 ਜਨਵਰੀ 2026 ਤੱਕ ਲਾਗੂ ਰਹੇਗਾ। ਜੇਕਰ ਕੋਈ ਇਸ ਹੁਕਮ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਦੇ ਖ਼ਿਲਾਫ਼ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਕਿਹਾ ਕਿ ਜੋ ਇਮੀਗ੍ਰੇਸ਼ਨ ਕੰਪਨੀ ਬਿਨਾ ਆਗਿਆ ਦੇ ਚੱਲ ਰਹੀਆਂ ਹਨ ਅਜਿਹੇ ’ਚ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਬੰਧਤ ਪੁਲਿਸ ਥਾਣੇ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਫਰਜ਼ੀ ਵੀਜਾ ਏਜੰਟਾਂ ਦੀ ਪਹਿਚਾਣ ਕਰਕੇ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇ। ਅਜਿਹਾ ਨਾ ਕਰਨ ’ਤੇ ਸਬੰਧਤ ਪੁਲਿਸ ਅਧਿਕਾਰੀਆਂ ’ਤੇ ਵੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਇਸ ਲਾਪਰਵਾਹੀ ਦੇ ਕਾਰਨ ਲੋਕ  ਆਪਣੀ ਮਿਹਨਤ ਦੀ ਕਮਾਈ ਅਜਿਹੇ ਏਜੰਟਾਂ ਨੂੰ ਦੇ ਕੇ ਠੱਗੀ ਦਾ ਸ਼ਿਕਾਰ ਬਣ ਰਹੇ ਹਨ।