Traffic Lights News: ਹੁਣ ਤਿੰਨ ਨਹੀਂ, ਚਾਰ ਰੰਗ ਦੀਆਂ ਹੋਣਗੀਆਂ ਟਰੈਫਿਕ ਲਾਈਟਾਂ! ਚੌਥਾ ਰੰਗ ਜੋੜਨ ਦੀ ਤਿਆਰੀ
Traffic Lights News: ਸਫੈਦ ਰੰਗ ਦੀ ਲਾਈਟ ਲਾਉਣ 'ਤੇ ਹੋ ਰਿਹਾ ਵਿਚਾਰ, ਨਾਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਦੇ ਖੋਜੀਆਂ ਦਾ ਸੁਝਾਅ
Traffic lights will be four colors News in punjabi : ਟਰੈਫ਼ਿਕ ਲਾਈਟਾਂ ਦੇ ਹਰੇ, ਪੀਲੇ ਅਤੇ ਲਾਲ ਰੰਗ ਤੋਂ ਸਾਰੇ ਚੰਗੀ ਤਰ੍ਹਾਂ ਜਾਣੂ ਹਨ ਕਿਉਂਕਿ ਰੋਜ਼ਾਨਾ ਕੰਮਕਾਰ ’ਤੇ ਜਾਣ ਵਾਲੇ ਲੋਕਾਂ ਨੂੰ ਅਕਸਰ ਹੀ ਇਨ੍ਹਾਂ ਟਰੈਫਿਕ ਲਾਈਟਾਂ ’ਤੇ ਖੜ੍ਹਨਾ ਪੈਂਦਾ ਹੈ, ਪਰ ਹੁਣ ਇਨ੍ਹਾਂ ਤਿੰਨ ਰੰਗਾਂ ਦੀਆਂ ਟਰੈਫਿਕ ਲਾਈਟਾਂ ਵਿਚ ਇਕ ਚੌਥਾ ਰੰਗ ਹੋਰ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨੂੰ ਇਕ ਬੇਹੱਦ ਖ਼ਾਸ ਮਕਸਦ ਨਾਲ ਲਿਆਂਦਾ ਜਾ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ, ਤਿੰਨ ਰੰਗਾਂ ਦੀਆਂ ਟਰੈਫ਼ਿਕ ਲਾਈਟਾਂ ਵਿਚ ਕਿਹੜਾ ਚੌਥਾ ਰੰਗ ਜੋੜਨ ਦੀ ਹੋ ਰਹੀ ਤਿਆਰੀ ਅਤੇ ਕੀ ਹੋਵੇਗਾ ਇਸ ਦਾ ਫ਼ਾਇਦਾ?
ਸ਼ਹਿਰਾਂ ਵਿਚ ਟਰੈਫ਼ਿਕ ਕੰਟਰੋਲ ਕਰਨ ਲਈ ਲੱਗੀਆਂ ਤਿੰਨ ਰੰਗਾਂ ਦੀਆਂ ਟਰੈਫਿਕ ਲਾਈਟਾਂ ਵਿਚ ਹੁਣ ਇਕ ਚੌਥਾ ਰੰਗ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਮੇਂ ਦੇ ਨਾਲ ਆਵਾਜਾਈ ਦੇ ਸਾਧਨਾਂ ਵਿਚ ਵੱਡਾ ਬਦਲਾਅ ਆ ਚੁੱਕਿਆ ਹੈ,, ਹੁਣ ਕਈ ਦੇਸ਼ਾਂ ਵਿਚ ਸੜਕਾਂ ’ਤੇ ਡਰਾਇਵਰਲੈੱਸ ਕਾਰਾਂ ਵੀ ਦੌੜਦੀਆਂ ਦਿਖਾਈ ਦਿੰਦੀਆਂ ਹਨ। ਜੇਕਰ ਆਵਾਜਾਈ ਦੇ ਸਾਧਨਾਂ ਵਿਚ ਇੰਨਾ ਵੱਡਾ ਬਦਲਾਅ ਆ ਚੁੱਕਿਆ ਹੈ ਤਾਂ ਜ਼ਾਹਿਰ ਹੈ ਕਿ ਇਨ੍ਹਾਂ ਨੂੰ ਕੰਟਰੋਲ ਕਰਨ ਦੇ ਤਰੀਕੇ ਵਿਚ ਵੀ ਬਦਲਾਅ ਆਉਣਾ ਲਾਜ਼ਮੀ ਹੈ । ਇਸੇ ਕਰਕੇ ਹੁਣ ਲਾਲ, ਪੀਲੇ ਅਤੇ ਹਰੇ ਰੰਗ ਦੀਆਂ ਟਰੈਫ਼ਿਕ ਲਾਈਟਾਂ ਵਿਚ ਚੌਥਾ ਰੰਗ ਜੋੜਨ ਬਾਰੇ ਵਿਚਾਰ ਕੀਤਾ ਜਾ ਰਿਹਾ ਏ।
ਦਰਅਸਲ ਟਰੈਫ਼ਿਕ ਲਾਈਟਾਂ ਵਿਚ ਨਵਾਂ ਸਫ਼ੈਦ ਰੰਗ ਜੋੜਨ ਦਾ ਇਹ ਸੁਝਾਅ ਨਾਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ ਪੇਸ਼ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਨਵਾਂ ਰੰਗ ਖ਼ਾਸ ਤੌਰ ’ਤੇ ਆਟੋਨਾਮਸ ਵਹੀਕਲਜ਼ ਯਾਨੀ ਸੈਲਫ ਡਰਾਈਵਿੰਗ ਕਾਰ ਦੇ ਲਈ ਬਣਾਇਆ ਗਿਆ ਹੈ। ਮੌਜੂਦਾ ਸਮੇਂ ਟਰੈਫ਼ਿਕ ਲਾਈਟਾਂ ਵਿਚ ਲਾਲ ਰੰਗ ਰੁਕਣ ਲਈ, ਪੀਲਾ ਰੰਗ ਸਾਵਧਾਨੀ ਲਈ ਅਤੇ ਹਰਾ ਰੰਗ ਚੱਲਣ ਦਾ ਸੰਕੇਤ ਦਿੰਦਾ ਹੈ, ਪਰ ਹੁਣ ਇਹ ਸਫ਼ੈਦ ਰੰਗ ਦੀ ਲਾਈਟ ਟਰੈਫ਼ਿਕ ਫਲੋਅ ਨੂੰ ਹੋਰ ਸੁਚਾਰੂ ਬਣਾਉਣ ਵਿਚ ਮਦਦ ਕਰ ਸਕਦੀ ਐ।
ਖੋਜ ਦੇ ਅਨੁਸਾਰ ਸਫ਼ੈਦ ਰੰਗ ਦੀ ਇਹ ਲਾਈਟ ਸੈਲਫ਼ ਡਰਾਈਵਿੰਗ ਕਾਰਾਂ ਦੀ ਟੈਕਨਾਲੌਜੀ ਦੀ ਵਰਤੋਂ ਕਰਕੇ ਟਰੈਫ਼ਿਕ ਜਾਮ ਘੱਟ ਕਰਨ ਵਿਚ ਮਦਦ ਕਰੇਗੀ। ਇਸ ਵਿਚਾਰ ਨੂੰ ਸਭ ਤੋਂ ਪਹਿਲਾਂ ਸਾਲ 2024 ਵਿਚ ਪਰੋਫੈਸਰ ਅਲੀ ਹਜਬਾਬਾਈ ਵੱਲੋਂ ਪੇਸ਼ ਕੀਤਾ ਗਿਆ ਸੀ ਜੋ ਸਿਵਲ ਕੰਸਟਰੱਕਸ਼ਨ ਅਤੇ ਇਨਵਾਇਰਮੈਂਟਲ ਇੰਜੀਨਿਅਰਿੰਗ ਦੇ ਐਸੋਸੀਏਟ ਪ੍ਰੋਫ਼ੈਸਰ ਹਨ।
ਜਾਣਕਾਰੀ ਅਨੁਸਾਰ ਇਸ ਵਾਈਟ ਫੇਜ਼ ਕੰਸੈਪਟ ਨੂੰ ਪਹਿਲਾਂ ਖੋਜ ਦੇ ਤੌਰ ’ਤੇ ਅਮਰੀਕਾ ਵਿਚ ਰੱਖਿਆ ਗਿਆ ਸੀ, ਜੋ ਸੈਲਫ਼ ਡਰਾਈਵਿੰਗ ਕਾਰਾਂ ਦੇ ਵਿਚਕਾਰ ਕੋਆਰਡੀਨੇਸ਼ਨ ਵਧਾ ਕੇ ਇੰਟਰਸੈਕਸ਼ਨ ’ਤੇ ਟਰੈਫ਼ਿਕ ਨੂੰ ਤੇਜ਼ੀ ਨਾਲ ਕਲੀਅਰ ਕਰਨ ਵਿਚ ਮਦਦ ਕਰਦਾ ਹੈ, ਇਸ ਵਿਚ ਪੈਦਲ ਯਾਤਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਦੇ ਨਤੀਜੇ ਕਾਫ਼ੀ ਸਕਰਾਤਮਕ ਰਹੇ।
ਖੋਜ ਤੋਂ ਇਹ ਵੀ ਪਤਾ ਚੱਲਿਆ ਕਿ ਪੈਦਲ ਯਾਤਰੀਆਂ ਦੇ ਬਾਵਜੂਦ ਵਾਈਟ ਲਾਈਟ ਸਿਸਟਮ ਨਾਲ ਟਰੈਫ਼ਿਕ ਦੀ ਆਵਾਜਾਈ ਵਿਚ ਸੁਧਾਰ ਦੇਖਣ ਨੂੰ ਮਿਲਿਆ। ਜੇਕਰ ਭਵਿੱਖ ਵਿਚ ਜ਼ਿਆਦਾਤਰ ਗੱਡੀਆਂ ਆਟੋਨਾਰਮਸ ਹੋ ਜਾਂਦੀਆਂ ਨੇ ਤਾਂ ਚੌਰਾਹਿਆਂ ’ਤੇ ਵੇਟਿੰਗ ਦਾ ਸਮਾਂ 25 ਫੀਸਦੀ ਤੋਂ ਵੀ ਘੱਟ ਹੋ ਸਕਦਾ ਹੈ। ਭਲੇ ਹੀ ਸਾਰੀਆਂ ਗੱਡੀਆਂ ਸੈਲਫ਼ ਡਰਾਈਵਿੰਗ ਨਾ ਹੋਣ, ਫਿਰ ਵੀ ਇਸ ਸਿਸਟਮ ਨਾਲ ਯਾਤਰਾ ਦਾ ਸਮਾਂ ਅਤੇ ਟਰੈਫ਼ਿਕ ਜਾਮ ਦੋਵਾਂ ਵਿਚ ਕਮੀ ਆਉਣ ਦੀ ਉਮੀਦ ਹੈ। ਫਿਲਹਾਲ ਇਸ ਸਿਸਟਮ ਦਾ ਕੰਪਿਊਟਰ ਸਿਮੁਲੇਸ਼ਨ ਵਿਚ ਟੈਸਟ ਕੀਤਾ ਗਿਆ ਹੈ, ਪਰ ਅਮਰੀਕੀ ਪਰਸ਼ਾਸਨ ਵੱਲੋਂ ਇਸ ਪਾਇਲਟ ਪ੍ਰੋਜੈਕਟ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਨੂੰ ਅਸਲ ਰੂਪ ਵਿਚ ਸੜਕਾਂ ’ਤੇ ਅਜਮਾਇਆ ਜਾ ਸਕੇ। ਫਿਲਹਾਲ ਇਹ ਅਜਮਾਇਸ਼ ਅਮਰੀਕਾ ਵਿਚ ਕੀਤੀ ਜਾ ਰਹੀ ਹੈ, ਹੋ ਸਕਦੈ ਇਸ ਮਗਰੋਂ ਹੋਰਨਾਂ ਦੇਸ਼ਾਂ ਵਿਚ ਵੀ ਹੋਵੇ,ਪਰ ਭਾਰਤ ਵਿਚ ਇਸ ਬਦਲਾਅ ਬਾਰੇ ਹਾਲੇ ਸੋਚਿਆ ਵੀ ਨਹੀਂ ਜਾ ਸਕਦਾ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ।