ਮਾਂ ਦੇ ਪੈਨਸ਼ਨ ਖਾਤੇ ਵਿੱਚ ਨਾਮਜ਼ਦ ਕਰਨ ਲਈ ਲੜਦੀਆਂ ਰਹੀਆਂ 2 ਧੀਆਂ, ਬੇਵੱਸ ਮਾਂ ਐਂਬੂਲੈਂਸ ਵਿਚ ਪਈ ਰਹੀ
90 ਸਾਲਾ ਬੇਵੱਸ ਮਾਂ ਐਂਬੂਲੈਂਸ ਵਿਚ ਪਈ ਧੀਆਂ ਵੱਲ ਵੇਖਦੀ ਰਹੀ, ਬੋਲਣ ਜਾਂ ਤੁਰਨ ਤੋਂ ਅਸਮਰੱਥ ਹੈ ਬਜ਼ੁਰਗ ਮਾਤਾ
ਚੰਡੀਗੜ੍ਹ: ਅੱਜ ਅਸੀਂ ਇਨਸਾਨ ਹੋਣ ਦੇ ਨਾਤੇ ਕਿੱਥੇ ਜਾ ਰਹੇ ਹਾਂ? ਇੰਝ ਲੱਗਦਾ ਹੈ ਕਿ ਅਸੀਂ ਅੰਦਰੋਂ ਮਰ ਚੁੱਕੇ ਹਾਂ। ਅਸੀਂ ਹੁਣ ਆਪਣੇ ਰਿਸ਼ਤਿਆਂ ਦੀ ਮਹੱਤਤਾ ਅਤੇ ਮਾਣ ਦੀ ਕਦਰ ਨਹੀਂ ਕਰਦੇ, ਨਾ ਹੀ ਸਾਡੇ ਵਿਚ ਇਨਸਾਨੀਅਤ ਬਚੀ ਹੈ। ਦਰਅਸਲ, ਚੰਡੀਗੜ੍ਹ ਵਿਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਥੇ ਕਲਯੁਗੀ ਧੀਆਂ ਨੇ ਆਪਣੀ ਮਾਂ ਦੀ ਜਾਇਦਾਦ ਦੇ ਲਾਲਚ ਵਿਚ ਜੋ ਕੀਤਾ ਉਸ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ ਅਤੇ ਇਸ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕੀ ਸਾਡੇ ਬੱਚੇ ਵੀ ਅਜਿਹੇ ਦਿਨ ਦਿਖਾਉਣਗੇ।
ਇਹ ਹੈਰਾਨ ਕਰਨ ਵਾਲੀ ਅਤੇ ਪ੍ਰੇਸ਼ਾਨ ਕਰਨ ਵਾਲੀ ਘਟਨਾ ਚੰਡੀਗੜ੍ਹ ਦੇ ਸੈਕਟਰ 30 ਵਿੱਚ ਵਾਪਰੀ। ਇਥੇ ਇੱਕ ਸਰਕਾਰੀ ਬੈਂਕ ਵਿੱਚ ਇੱਕ ਧੀ ਆਪਣੀ 90 ਸਾਲਾ ਅਪਾਹਜ ਮਾਂ ਨੂੰ ਉਸ ਦੇ ਪੈਨਸ਼ਨ ਖਾਤੇ ਵਿੱਚ ਨਾਮਜ਼ਦ ਕਰਨ ਲਈ ਲੈ ਕੇ ਆਈ। ਹਾਲਾਂਕਿ, ਜਦੋਂ ਉਸ ਦੀ ਦੂਜੀ ਧੀ, ਜੋ ਪਹਿਲਾਂ ਹੀ ਖਾਤੇ ਵਿੱਚ ਨਾਮਜ਼ਦ ਹੈ, ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਸਿੱਧੇ ਆਪਣੇ ਪਰਿਵਾਰ ਨਾਲ ਬੈਂਕ ਪਹੁੰਚ ਗਈ ਅਤੇ ਆਪਣੀ ਭੈਣ ਨਾਲ ਝਗੜਾ ਕਰਨ ਲੱਗ ਪਈ।
ਉਨ੍ਹਾਂ ਨੇ ਇਸ ਗੱਲ 'ਤੇ ਬਹਿਸ ਕੀਤੀ ਕਿ ਜਦੋਂ ਪਹਿਲਾਂ ਹੀ ਇੱਕ ਨਾਮਜ਼ਦ ਹੈ ਤਾਂ ਦੂਜਾ ਨਾਮਜ਼ਦ ਕਿਉਂ ਕੀਤਾ ਜਾ ਰਿਹਾ। ਦੋਵੇ ਭੈਣਾਂ ਬਹਿਸ ਕਰਨ ਲੱਗ ਪਈਆਂ। ਇਸ ਵਿਚਾਲੇ ਬੇਵੱਸ ਬਜ਼ੁਰਗ ਮਾਂ ਐਂਬੂਲੈਂਸ ਵਿੱਚ ਪਈ ਸਾਰਾ ਕੁਝ ਸੁਣਦੀ ਰਹੀ, ਬਜ਼ੁਰਗ ਮਾਤਾ ਬੋਲਣ ਤੇ ਤੁਰਨ ਤੋਂ ਅਸਮਰੱਥ ਹੈ। ਲੋਕ ਆਲੇ-ਦੁਆਲੇ ਇਕੱਠੇ ਹੋ ਗਏ। ਕੁਝ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਨਾਲ ਖੜ੍ਹੇ ਇਕ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੀਸੀਆਰ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ, ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਸਟੇਸ਼ਨ ਚੱਲਣ ਲਈ ਕਿਹਾ।
ਪਰ ਬਾਅਦ ਵਿੱਚ, ਦੋਵੇਂ ਭੈਣਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਸ ਵਿੱਚ ਗੱਲ ਕਰਨਗੀਆਂ ਅਤੇ ਉਹ ਕਿਸੇ ਦੇ ਖ਼ਿਲਾਫ਼ ਸ਼ਿਕਾਇਤ ਦਰਜ ਨਹੀਂ ਕਰਵਾਉਣਾ ਚਾਹੁੰਦੀਆਂ। ਕਿਸੇ ਵੀ ਨਾਮ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ ਕਿਉਂਕਿ ਇਹ ਇੱਕ ਨਿੱਜੀ ਮਾਮਲਾ ਸੀ।