Chandigarh News: ਮੁਫ਼ਤ ਪਾਣੀ ਦੇ ਮੁੱਦੇ ’ਤੇ ਬੋਲੇ ਚੰਡੀਗੜ੍ਹ ਦੇ ਮੇਅਰ, ‘ਪ੍ਰਸ਼ਾਸਕ ਨੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ’
ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਬੀਤੇ ਦਿਨ ਜਿਸ ਤਰ੍ਹਾਂ ਰਾਜਪਾਲ ਅਤੇ ਪ੍ਰਸ਼ਾਸਕ ਨੇ ਸਟੇਜ 'ਤੇ ਮੇਅਰ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ
Chandigarh News: ਚੰਡੀਗੜ੍ਹ ਨਗਰ ਨਿਗਮ ਦੀ 11 ਤਰੀਕ ਨੂੰ ਹੋਈ ਮੀਟਿੰਗ ਵਿਚ 20,000 ਲੀਟਰ ਪ੍ਰਤੀ ਘਰ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪਾਣੀ ਮੁਹੱਈਆ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ ਸੀ। ਇਸ 'ਤੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਗਠਜੋੜ ਅਤੇ ਭਾਜਪਾ ਨੂੰ ਸਖ਼ਤ ਤਾੜਨਾ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿਚ 24 ਘੰਟੇ ਪਾਣੀ ਮੁਹੱਈਆ ਕਰਵਾਉਣ ਲਈ ਫਰਾਂਸ ਦੀ ਇਕ ਏਜੰਸੀ ਨਾਲ 15 ਸਾਲਾਂ ਲਈ ਸਮਝੌਤਾ ਹੋਇਆ ਹੈ।
ਅਜਿਹੀ ਸਥਿਤੀ ਵਿਚ ਮੁਫ਼ਤ ਪਾਣੀ ਨਹੀਂ ਦਿਤਾ ਜਾ ਸਕਦਾ। ਇਸ ਸਬੰਧੀ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਮੇਅਰ ਕੁਲਦੀਪ ਕੁਮਾਰ ਤੋਂ ਇਲਾਵਾ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ.ਲੱਕੀ ਅਤੇ ‘ਆਪ’ ਚੰਡੀਗੜ੍ਹ ਦੇ ਸਹਾਇਕ ਇੰਚਾਰਜ ਡਾ. ਸੰਨੀ ਆਹਲੂਵਾਲੀਆ ਵੀ ਮੌਜੂਦ ਸਨ। ਐਚ.ਐਸ.ਲੱਕੀ ਨੇ ਕਿਹਾ ਕਿ ਅਸੀਂ ਮੁਫ਼ਤ ਪਾਣੀ ਸਬੰਧੀ ਸਦਨ ਵਿਚ ਜੋ ਫੈਸਲਾ ਲਿਆ ਸੀ, ਉਸ ਨੂੰ ਰਾਜਪਾਲ ਨੇ ਰੱਦ ਕਰ ਦਿਤਾ ਹੈ, ਜਦਕਿ ਕੌਂਸਲਰ ਲੋਕਾਂ ਵਲੋਂ ਚੁਣੇ ਜਾਂਦੇ ਹਨ ਅਤੇ ਮੇਅਰ ਦੀ ਚੋਣ ਕੌਂਸਲਰਾਂ ਵਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਨਤਾ ’ਤੇ ਟੈਕਸ ਦਾ ਬੋਝ ਹੈ, ਉਨ੍ਹਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ।
ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਬੀਤੇ ਦਿਨ ਜਿਸ ਤਰ੍ਹਾਂ ਰਾਜਪਾਲ ਅਤੇ ਪ੍ਰਸ਼ਾਸਕ ਨੇ ਸਟੇਜ 'ਤੇ ਮੇਅਰ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ, ਅਸੀਂ ਇਸ ਨੂੰ ਜਨਤਾ ਦਾ ਅਪਮਾਨ ਸਮਝਦੇ ਹਾਂ। ਉਨ੍ਹਾਂ ਕਿਹਾ ਕਿ ਇਹ ਮਤਾ ਪੂਰੇ ਸਦਨ ਵਲੋਂ ਪਾਸ ਕੀਤਾ ਗਿਆ ਹੈ। ਇਹ ਲੋਕਾਂ ਦੀ ਲੋੜ ਸੀ, ਇਸ ਲਈ ਹੀ ਫ਼ੈਸਲਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕ ਉਨ੍ਹਾਂ ਨੂੰ ਬੁਲਾ ਕੇ ਇਸ ਸਬੰਧੀ ਪੁੱਛ ਸਕਦੇ ਸਨ।
ਮੇਅਰ ਨੇ ਕਿਹਾ ਕਿ ਅਸੀਂ ਜਨਤਾ ਨੂੰ ਰਾਹਤ ਦੇਣਾ ਚਾਹੁੰਦੇ ਸੀ ਪਰ ਭਾਜਪਾ ਦੇ ਦਬਾਅ ਹੇਠ ਆ ਕੇ ਮੇਅਰ ਲਈ ਅਪਮਾਨਜਨਕ ਸ਼ਬਦ ਵਰਤੇ ਗਏ, ਇਹ ਸਹੀ ਨਹੀਂ ਹੈ। ਉਨ੍ਹਾਂ ਦਸਿਆ ਕਿ ਬੀਤੇ ਦਿਨ ਦੇ ਪ੍ਰੋਗਰਾਮ ਵਿਚ ਜਿਥੇ ਮੇਅਰ ਦੇ ਨਾਮ ਦੀ ਪਲੇਟ ਲੱਗੀ ਸੀ, ਉਥੇ ਸੰਸਦ ਮੈਂਬਰ ਕਿਰਨ ਖੇਰ ਆ ਕੇ ਬੈਠ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ ਸੰਸਦ ਮੈਂਬਰ ਦੇ ਵਤੀਰੇ ਨੂੰ ਲੈ ਕੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਉਹ ਮੇਅਰ ਹੋਣ ਦੇ ਨਾਤੇ ਕਿਰਨ ਖੇਰ ਦੇ ਕਿਸੇ ਵੀ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਣਗੇ।
ਇਸ ਮਗਰੋਂ ‘ਆਪ’ ਆਗੂ ਸੰਨੀ ਆਹਲੂਵਾਲੀਆ ਨੇ ਕਿਹਾ ਕਿ ਜਦੋਂ ਸਟੇਜ ਉਤੇ ਮੇਅਰ ਬੈਠੇ ਸੀ ਤਾਂ ਰਾਜਪਾਲ ਨੇ ਸਵਾਲ ਕੀਤਾ ਕਿ ਉਹ ਮੁਫ਼ਤ ਪਾਣੀ ਕਿਵੇਂ ਦੇ ਸਕਦੇ ਹਨ। ਆਹਲੂਵਾਲੀਆ ਨੇ ਕਿਹਾ ਕਿ ਅਸੀਂ ਦਿੱਲੀ ਵਿਚ ਵੀ ਮੁਫ਼ਤ ਪਾਣੀ ਦੇ ਰਹੇ ਹਾਂ, ਪਾਰਟੀ ਕੋਲ ਇਸ ਦੀ ਪੂਰੀ ਯੋਜਨਾ ਹੈ। ਭਾਜਪਾ ਦੇ ਮੰਤਰੀ ਆਉਂਦੇ ਹਨ ਤਾਂ ਸਮਾਗਮ ਵਿਚ ਇਕ ਕਰੋੜ ਤਕ ਦੀ ਰਾਸ਼ੀ ਖਰਚ ਦਿਤੀ ਜਾਂਦੀ ਹੈ, ਉਸ ਖਰਚੇ ਵਿਚੋਂ ਲੋਕਾਂ ਨੂੰ ਪਾਣੀ ਦੇਣ ਵਿਚ ਕੀ ਗਲਤ ਹੈ?
(For more Punjabi news apart from Chandigarh mayor on free water issue News, stay tuned to Rozana Spokesman)