Panthak News: ਜੇੇ ਏਨੀਆਂ ਮੀਟਿੰਗਾਂ ਕਾਲਾ ਅਫ਼ਗ਼ਾਨਾ, ਸ. ਜੋਗਿੰਦਰ ਸਿੰਘ ਸਪੋਕਸਮੈਨ ਵਿਰੁਧ ਹੁਕਮਨਾਮੇ ਸਮੇਂ ਕਰ ਲਈਆਂ ਜਾਂਦੀਆਂ ਤਾਂ...

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Panthak News: ਕਾਲਾ ਅਫ਼ਗ਼ਾਨਾ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਸ. ਜੋਗਿੰਦਰ ਸਿੰਘ ਸਪੋਕਸਮੈਨ ਅਪਣੇ ਆਖ਼ਰੀ ਸਾਹਾਂ ਤਕ ਅਪਣੇ ਸਿਧਾਂਤ ਉਤੇ ਅਟਲ ਰਹੇ

Panthak News In Punjabi

ਚੰਡੀਗੜ੍ਹ: 21ਵੀਂ ਸਦੀ ਵਿਚ ਸਿੱਖ ਚਿੰਤਕ ਕਾਲਾ ਅਫ਼ਗ਼ਾਨਾ ਨੂੰ ਪੰਥ ਵਿਚੋਂ ਛੇਕ ਦੇਣ ਦੇ ਫ਼ੈਸਲੇ ਤੋਂ ਬਾਅਦ ਧੜਾ-ਧੜ ਸ. ਜੋਗਿੰਦਰ ਸਿੰਘ ਸਪੋਕਸਮੈਨ, ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਅਤੇ ਹੋਰ ਅਨੇਕਾਂ ਧਾਰਮਕ ਆਗੂਆਂ ਅਤੇ ਸਿੱਖ ਵਿਚਾਰਕਾਂ ਨੂੰ ਪੰਥ ਵਿਚੋਂ ਲਾਂਭੇ ਕੀਤਾ ਗਿਆ। ਇਨ੍ਹਾਂ ਵਿਚੋਂ ਕੁੱਝ ਚਿੰਤਕਾਂ ਨੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਅੱਗੇ ਪੇਸ਼ ਹੋ ਕੇ ਖ਼ੁਦ ਨੂੰ ਤਨਖ਼ਾਹ ਲਵਾਈ ਅਤੇ ਇਸ ਗੱਲ ਉਪਰ ਮੋਹਰ ਵੀ ਲਗਾ ਦਿਤੀ ਕਿ ਜਥੇਦਾਰਾਂ ਦੇ ਪਿੱਛੇ ਚਾਹੇ ਸਿਆਸਤ ਹੀ ਕੰਮ ਕਿਉਂ ਨਾ ਕਰ ਰਹੀ ਹੈ? ਚਾਹੇ ਸਾਰੇ ਫ਼ੈਸਲਿਆਂ ਉਤੇ ਹੀ ਕਿਸੇ ਇਕ ਪਾਰਟੀ ਅਤੇ ਇਕ ਪ੍ਰਵਾਰ ਦਾ ਗ਼ਲਬਾ ਹੀ ਕਿਉਂ ਨਾ ਹੋਵੇ? ਪਰ ਫਿਰ ਵੀ ਜਥੇਦਾਰ ਸੁਪਰੀਮ ਹੈ ਅਤੇ ਉਸ ਦੇ ਫ਼ੈਸਲੇ ਵੀ ਸੁਪਰੀਮ ਹੀ ਹਨ। ਗਿਆਨੀ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਮਹਾਨ ਸਿੱਖ ਵਿਚਾਰਕਾਂ ਵਿਚੋਂ ਇਕ ਸੀ। ਕਾਲਾ ਅਫ਼ਗ਼ਾਨਾ ਨੇ ਹਮੇਸ਼ਾ ਜਥੇਦਾਰਾਂ, ਡੇਰਿਆਂ, ਅਖੌਤੀ ਸੰਤਾਂ, ਬਾਬਿਆਂ ਵਲੋਂ ਸਿੱਖ ਧਰਮ ਵਿਚ ਗੁਰਮਤਿ ਦੇ ਉਲਟ ਪੈਦਾ ਕੀਤੀਆਂ ਪਿਰਤਾਂ ਦਾ ਡਟ ਕੇ ਵਿਰੋਧ ਕੀਤਾ। ਤਖ਼ਤਾਂ ਉਤੇ ਜਥੇਦਾਰਾਂ ਦੇ ਰੂਪ ਵਿਚ ਬਿਠਾਈਆਂ ਜਾਂਦੀਆਂ ਕਠਪੁਤਲੀਆਂ ਦੇ ਫ਼ਜ਼ੂਲ ਅਤੇ ਸਿਆਸੀ ਫ਼ੈਸਲਿਆਂ ਦਾ ਡਟ ਕੇ ਵਿਰੋਧ ਕੀਤਾ। 

ਕਾਲਾ ਅਫ਼ਗ਼ਾਨਾ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਸ. ਜੋਗਿੰਦਰ ਸਿੰਘ ਸਪੋਕਸਮੈਨ ਅਪਣੇ ਆਖ਼ਰੀ ਸਾਹਾਂ ਤਕ ਅਪਣੇ ਸਿਧਾਂਤ ਉਤੇ ਅਟਲ ਰਹੇ ਅਤੇ ਕਿਹਾ ਕਿ ਕੌਮ ਨੂੰ ਅਜਿਹੇ ਜਥੇਦਾਰਾਂ ਦੀ ਹਰਗਿਜ਼ ਲੋੜ ਨਹੀਂ ਜਿਹੜੇ ਸਿੱਖੀ ਸਿਧਾਂਤਾਂ ਦੀ ਰੋਸ਼ਨੀ ਵਿਚ ਨਿਰੋਲ ਅਪਣਾ ਫ਼ੈਸਲਾ ਦੇਣ ਦੀ ਸਮਰਥਾ ਤਕ ਨਹੀਂ ਰੱਖਦੇ। ਹਾਲਾਂਕਿ ਸ. ਜੋਗਿੰਦਰ ਸਿੰਘ ਸਪੋਕਸਮੈਨ ਸਾਹਮਣੇ ਕਈ ਅਜਿਹੇ ਮੌਕੇ ਆਏ ਜਦ ਉਨ੍ਹਾਂ ਨੂੰ ਸਿੱਧੇ ਤੌਰ ਤੇ ਪੇਸ਼ਕਸ਼ ਕੀਤੀ ਗਈ ਕਿ ਉਹ ਅਕਾਲ ਤਖ਼ਤ ਸਾਹਿਬ ਅਥਵਾ ਜਥੇਦਾਰ ਅੱਗੇ ਇਕ ਸੈਕਿੰਡ ਲਈ ਪੇਸ਼ ਹੋ ਜਾਣ, ਉਨ੍ਹਾਂ ਨੂੰ ਮਾਮੂਲੀ ਜਿਹੀ ਤਨਖ਼ਾਹ ਲਗਾ ਕੇ ਪੰਥ ਵਿਚ ਸ਼ਾਮਲ ਕਰ ਲਿਆ ਜਾਵੇਗਾ। ਇਹ ਬਹੁਤ ਆਸਾਨ ਰਸਤਾ ਸੀ ਪਰ ਸ. ਜੋਗਿੰਦਰ ਸਿੰਘ ਨੇ ਇਸ ਪੇਸ਼ਕਸ਼ ਨੂੰ ਇਸ ਕਰ ਕੇ ਠੁਕਰਾ ਦਿਤਾ ਕਿਉਂਕਿ ਇਹ ਪੇਸ਼ਕਸ਼ ਵੀ ਜਥੇਦਾਰ ਦੀ ਅਪਣੀ ਨਹੀਂ ਸੀ ਬਲਕਿ ਇਸ ਪਿੱਛੇ ਵੀ ਸਿਆਸਤ ਹੀ ਕੰਮ ਕਰ ਰਹੀ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿਤੇ ਜਾਣ ਤੋਂ ਬਾਅਦ ਹੁਣ ਜਦ ਸਜ਼ਾ ਸੁਣਾਉਣ ਦੀ ਵਾਰੀ ਆਈ ਤਾਂ ਜਥੇਦਾਰਾਂ ਦੀ ਕਮਜ਼ੋਰ ਸਥਿਤੀ ਅਤੇ ਫ਼ੈਸਲਾ ਲੈਣ ਵਿਚ ਅਸਮਰਥਾ ਨੇ ਪੂਰੀ ਦੁਨੀਆਂ ਵਿਚ ਸਿੱਖੀ ਸਿਧਾਂਤਾਂ ਨੂੰ ਹਾਸੇ ਦਾ ਮੌਜੂ ਬਣਾ ਕੇ ਰੱਖ ਦਿਤਾ ਹੈ। ਪੰਜੇ ਮੁੱਖ ਸੇਵਾਦਾਰ ਫ਼ੈਸਲਾ ਲੈਣ ਦੀ ਬਜਾਏ ਢੇਰੀ ਢਾਹ ਚੁੱਕੇ ਹਨ ਅਤੇ ਖ਼ੁਦ ਅਜਿਹੇ ਲੋਕਾਂ ਤੋਂ ਸਲਾਹਾਂ ਲੈ ਰਹੇ ਹਨ ਜਿਹੜੇ ਸਮਾਜ ਵਿਚ ਪਹਿਲਾਂ ਵੀ ਕਿਸੇ ਨਾਲ ਕਿਸੇ ਰੂਪ ਵਿਚ ਵਿਵਾਦਤ ਹਨ ਜਾਂ ਫਿਰ ਕਿਸੇ ਨਾਲ ਕਿਸੇ ਸਿਆਸੀ ਜਮਾਤ ਨਾਲ ਜੁੜੇ ਹੋਏ ਹਨ। ਅਕਾਲੀ ਦਲ ਦੇ ਲੀਡਰ ਅਕਾਲ ਤਖ਼ਤ ਸਾਹਿਬ ਨੂੰ ਸੁਪਰੀਮ ਮੰਨ ਕੇ ਸਜ਼ਾ ਲੁਆਉਣ ਲਈ ਜਥੇਦਾਰ ਕੋਲ ਪੁੱਜੇ ਹਨ ਪਰ ਜਥੇਦਾਰਾਂ ਨੇ ਫਿਰ ਸਾਬਤ ਕਰ ਦਿਤਾ ਕਿ ਉਹ ਸੁਪਰੀਮ ਨਹੀਂ। ਉਨ੍ਹਾਂ ਵਿਚ ਏਨੀ ਕਾਬਲੀਅਤ ਨਹੀਂ ਕਿ ਉਹ ਖ਼ੁਦ ਸਿੱਖੀ ਸਿਧਾਤਾਂ ਦੀ ਰੋਸ਼ਨੀ ਵਿਚ ਕੋਈ ਫ਼ੈਸਲਾ ਦੇ ਕੇ ਸਮੁੱਚੀ ਕੌਮ ਨੂੰ ਨਾ ਸਿਰਫ਼ ਸ਼ਾਂਤ ਕਰਨ ਬਲਕਿ ਅਪਣੀ ਨਿਰਪੱਖਤਾ, ਆਜ਼ਾਦੀ ਅਤੇ ਪੰਥਕ ਰਹੁ-ਰੀਤਾਂ ਦੀ ਉਚਤਾ ਨੂੰ ਸਾਬਤ ਕਰਨ। 

ਅਕਾਲੀ-ਭਾਜਪਾ ਦੇ 2007 ਤੋਂ 2017 ਤਕ ਦੇ ਸ਼ਾਸਨ-ਕਾਲ ਦਰਮਿਆਨ ਹੋਈਆਂ ਕੁਤਾਹੀਆਂ ਦੀ ਮੁਆਫ਼ੀ ਲਈ ਅਕਾਲੀ ਪ੍ਰਧਾਨ ਨੇ ਜਥੇਦਾਰਾਂ ਨੂੰ ਫ਼ੈਸਲਾ ਕਰਨ ਦੀ ਅਪੀਲ ਕੀਤੀ ਸੀ, ਅੱਗੇ ਜਥੇਦਾਰ ਨੇ ਪਤਿਤ ਪੱਤਰਕਾਰਾਂ, ਸਿੱਖ ਵਿਦਵਾਨਾਂ ਅਤੇ ਕਾਮਰੇਡ ਕਿਸਮ ਦੇ ਲੀਡਰਾਂ ਨਾਲ ਮੀਟਿੰਗਾਂ ਕਰਨ ਦਾ ਸਿਲਸਿਲਾ ਆਰੰਭਿਆ ਹੋਇਆ ਹੈ। ਤਾਜ਼ਾ ਹਾਲਾਤ ਨੇ ਇਹ ਸਾਬਤ ਕਰ ਦਿਤਾ ਹੈ ਕਿ ਸ. ਜੋਗਿੰਦਰ ਸਿੰਘ ਸਪੋਕਸਮੈਨ ਦਾ ਲਿਆ ਹੋਇਆ ਸਟੈਂਡ ਸੋਲਾਂ ਆਨੇ ਸੱਚ ਸੀ। ਉਦੋਂ ਵੀ ਜਥੇਦਾਰ ਆਜ਼ਾਦ ਅਤੇ ਸਮਰੱਥ ਨਹੀਂ ਸਨ, ਅੱਜ ਵੀ ਜਥੇਦਾਰ ਸੁਤੰਤਰ ਅਤੇ ਸਰਬ-ਕਲਾ ਸੰਪੂਰਨ ਨਹੀਂ।

ਉਦੋਂ ਵੀ ਜਿਹੜੇ ਫ਼ੈਸਲਾ ਆਏ, ਉਹ ਸਿੱਖੀ ਰਹੁ-ਰੀਤਾਂ ਦੀ ਬਜਾਏ ਸਿਆਸਤਦਾਨਾਂ ਅਤੇ ਕਾਮਰੇਡਾਂ ਦੀ ਰਾਏ ਮੁਤਾਬਕ ਸਨ। ਹੁਣ ਵੀ ਜਿਹੜਾ ਫ਼ੈਸਲਾ ਆਏਗਾ, ਉਹ ਜਥੇਦਾਰਾਂ ਦਾ ਨਹੀਂ ਬਲਕਿ ਸਿੱਖੀ ਸਿਧਾਂਤਾਂ ਨੂੰ ਖੋਰਾ ਲਾਉਣ ਲਈ ਤਤਪਰ ਅਤੇ ਜਥੇਦਾਰਾਂ ਦੀ ਸਥਿਤੀ ਨੂੰ ਹੋਰ ਭੰਬਲਭੂਸੇ ਵਾਲੀ ਬਣਾਉਣ ਦੀ ਤਾਕ ਵਿਚ ਬੈਠੇ ਲੋਕਾਂ ਦੇ ਪ੍ਰਭਾਵ ਵਾਲਾ ਹੋਵੇਗਾ। ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸੁਪਰੀਮ ਕੌਣ ਹੈ? ਜਥੇਦਾਰ ਜਾਂ ਫਿਰ ਉਹ ਲੋਕ, ਵਿਦਵਾਨ, ਪਤਿਤ ਸਿੱਖ ਜਾਂ ਕਾਮਰੇਡ ਜਿਨ੍ਹਾਂ ਨਾਲ ਜਥੇਦਾਰ ਮੀਟਿੰਗ-ਦਰ-ਮੀਟਿੰਗ ਕਰ ਕੇ ਸਲਾਹਾਂ ਇਕੱਠੀਆਂ ਕਰ ਰਹੇ ਹਨ। ਜੇ ਜਥੇਦਾਰ ਸੁਪਰੀਮ ਹੋਣ ਜਾਂ ਸਮਝਣ ਤਾਂ ਉਨ੍ਹਾਂ ਨੂੰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਦੀ ਸਲਾਹ ਨਹੀਂ ਲੈਣੀ ਚਾਹੀਦੀ ਕਿਉਂਕਿ ਗੁਰਬਾਣੀ ਤੋਂ ਉੱਚਾ ਕੋਈ ਨਹੀਂ। 

ਤਖ਼ਤਾਂ ਦੇ ਮੁੱਖ ਸੇਵਾਦਾਰਾਂ ਨੇ ਅਕਾਲੀ ਦਲ ਦੇ ਪ੍ਰਧਾਨ ਬਾਰੇ ਫ਼ੈਸਲਾ ਲੈਣ ਵਿਚ ਦੇਰੀ ਕਰ ਕੇ, ਅਜਿਹੇ ਹਾਲਾਤ ਪੈਦਾ ਕਰ ਲਏ ਹਨ, ਜਿਨ੍ਹਾਂ ਉਪਰ ਗ਼ੈਰ-ਸਿੱਖ ਵੀ ਗ਼ੈਰ-ਵਾਜਬ ਟਿਪਣੀਆਂ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਇਕ ਨਿਮਾਣੇ ਸਿੱਖ ਵਜੋਂ ਪੇਸ਼ ਹੋ ਕੇ ਮੁਆਫ਼ੀ ਮੰਗੀ ਅਤੇ ਸਜ਼ਾ ਦੀ ਗੁਜ਼ਾਰਿਸ਼ ਕੀਤੀ ਹੈ, ਇਸ ਮਾਮਲੇ ਨੂੰ ਜ਼ਿਆਦਾ ਪੈਚੀਦਾ ਬਣਾਉਣ ਦੀ ਕੀ ਲੋੜ ਸੀ? ਇਸ ਤੋਂ ਪਹਿਲਾਂ ਵੀ ਜਥੇਦਾਰਾਂ ਨੇ ਰਾਤੋ-ਰਾਤ ਫ਼ੈਸਲੇ ਸੁਣਾਏ ਹਨ, ਜਿਵੇਂ ਦਸੰਬਰ, 2005 ਵਿਚ ਵੀ ਕੁੱਝ ਘੰਟਿਆਂ ਵਿਚ ਹੀ ਰੋਜ਼ਾਨਾ ਸਪੋਕਸਮੈਨ ਨੂੰ ਨਾ ਖ਼ਰੀਦਣ, ਨਾ ਪੜ੍ਹਨ, ਨਾ ਇਸ਼ਤਿਹਾਰ ਦੇਣ ਅਤੇ ਨਾ ਇਸ ਵਿਚ ਕੰਮ ਕਰਨ ਬਾਰੇ ਸਿਆਸੀ ਹੁਕਮਨਾਮਾ ਸੁਣਾ ਦਿਤਾ ਗਿਆ ਸੀ। ਫਿਰ ਸੁਖਬੀਰ ਸਿੰਘ ਬਾਦਲ ਕਿਹੜੇ ਬਾਗ਼ ਦੀ ਮੂਲੀ ਹੈ। ਉਸ ਬਾਰੇ ਵੀ ਫ਼ੈਸਲਾ ਲਿਆ ਜਾ ਸਕਦਾ ਸੀ। ਸਿੱਖ ਮਰਿਆਦਾ ਏਨੀ ਕਮਜ਼ੋਰ ਨਹੀਂ ਕਿ ਇਕ ਸਿੱਖ ਵਲੋਂ ਮੰਗੀ ਗਈ ਮੁਆਫ਼ੀ ਦੀ ਸਜ਼ਾ ਵੀ ਨਾ ਸੁਣ ਸਕੇ।