Ravikaran Singh Kahlon Joins BJP: ਅਕਾਲੀ ਦਲ 'ਚੋਂ ਬਰਖ਼ਾਸਤ ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿਚ ਸ਼ਾਮਲ
ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਪਾਰਟੀ ਵਿਰੁੱਧ ਗਤੀਵਿਧੀਆਂ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਸੀ।
Ravikaran Singh Kahlon Joins BJP: ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ 'ਚੋਂ ਬੀਤੇ ਦਿਨ ਬਰਖ਼ਾਸਤ ਕੀਤਾ ਗਏ ਰਵੀਕਰਨ ਸਿੰਘ ਕਾਹਲੋਂ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਪਾਰਟੀ ਵਿਰੁੱਧ ਗਤੀਵਿਧੀਆਂ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਸੀ।
ਭਾਜਪਾ ਵਿਚ ਸ਼ਾਮਲ ਹੋਣ ਸਮੇਂ ਰਵੀਕਰਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸਿਰਫ਼ ਸੱਚ ਬੋਲਣ ਦੀ ਸਜ਼ਾ ਮਿਲੀ ਹੈ ਕਿਉਂਕਿ ਉਹਨਾਂ ਨੇ ਪਾਰਟੀ ਨੂੰ ਸਿਰਫ਼ ਇਹ ਕਿਹਾ ਸੀ ਕਿ ਉਹ ਬਲਾਤਕਾਰੀਆਂ ਦੇ ਦੋਸ਼ੀਆਂ ਨੂੰ ਪਾਰਟੀ ਵਿਚ ਸ਼ਾਮਲ ਨਾ ਕਰਨ ਤੇ ਇਸ ਕਰੇ ਹੀ ਉਹਨਾਂ 'ਤੇ ਕਾਰਵਾਈ ਕੀਤੀ ਗਈ। ਕਾਹਲੋਂ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਇਸ ਪਾਰਟੀ ਨੂੰ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਬਣਾਇਆ ਤੇ ਉਨ੍ਹਾਂ ਦੀ ਖੂਨ-ਪਸੀਨੇ ਦੀ ਕਮਾਈ ਇਸ ਪਾਰਟੀ ਵਿਚ ਹੈ ਪਰ ਹੁਣ ਇਹ ਪਾਰਟੀ ਇਕ ਲਿਮਿਟਡ ਕੰਪਨੀ ਬਣ ਕੇ ਰਹਿ ਗਈ ਹੈ, ਜਿਸ ਨੂੰ 2 ਜਣੇ ਹੀ ਚਲਾਉਂਦੇ ਹਨ।
ਜਿਹੜਾ ਬੰਦਾ ਕੋਈ ਗੱਲ ਕਰਦਾ ਹੈ, ਉਸ ਦਾ ਗਲਾ ਦਬਾ ਦਿੱਤਾ ਜਾਂਦਾ ਹੈ ਜਾਂ ਬਾਹਰ ਦਾ ਰਾਹ ਦਿਖਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਗੁਰੂ ਮਹਾਰਾਜ ਅੱਗੇ ਹੀ ਝੁਕਦਾ ਹਾਂ। ਉਹਨਾਂ ਨੇ ਕਿਹਾ ਕਿ ਆਪਣੀ ਗਰਦਨ ਇੰਨੀ ਵੀ ਨਹੀਂ ਝੁਕਾਉਣੀ ਚਾਹੀਦੀ ਕਿ ਤੁਹਾਡੀ ਪੱਗ ਹੀ ਡਿੱਗ ਪਵੇ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਸੂਬੇ ਵਿਚ ਭਾਜਪਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਵਿਰੋਧੀ ਪਾਰਟੀਆਂ ਦੇ ਕਈ ਨੇਤਾ ਭਾਜਪਾ 'ਚ ਸ਼ਾਮਲ ਹੋ ਰਹੇ ਹਨ।
ਇਸ ਤੋਂ ਸਾਫ਼ ਹੈ ਕਿ ਭਾਜਪਾ ਹੁਣ ਪੰਜਾਬ ਵਿਚ ਇੱਕ ਵੱਡੀ ਤਾਕਤ ਬਣ ਕੇ ਉਭਰੀ ਹੈ ਅਤੇ ਇਸ ਵਾਰ ਲੋਕ ਸਭਾ ਚੋਣਾਂ ਵਿਚ ਪਾਰਟੀ ਆਪਣਾ ਬਿਹਤਰੀਨ ਪ੍ਰਦਰਸ਼ਨ ਕਰੇਗੀ। ਇਸ ਮੌਕੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ, ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਬਰਾੜ ਅਤੇ ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਰਵੀਕਰਨ ਸਿੰਘ ਕਾਹਲੋਂ ਨੂੰ ਪਾਰਟੀ ਵਿਚੋਂ ਕੱਢਣ ਦੀ ਜਾਣਕਾਰੀ ਅਕਾਲੀ ਦਲ ਦੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਅਪਣੀ ਫੇਸਬੁੱਕ 'ਤੇ ਇਕ ਸੰਦੇਸ਼ ਪਾ ਕੇ ਦਿਤੀ ਸੀ। ਚੀਮਾ ਨੇ ਕਿਹਾ ਸੀ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਦੇ ਦੋਸ਼ ਹੇਠ ਰਵੀਕਰਨ ਕਾਹਲੋਂ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿਤੀ ਗਈ ਹੈ।
ਜ਼ਿਕਰਯੋਗ ਹੈ ਕਿ ਰਵੀਕਰਨ ਹਲਕਾ ਡੇਰਾ ਬਾਬਾ ਨਾਨਕ ਤੋਂ 2022 'ਚ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ਼ ਵਿਧਾਨ ਸਭਾ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਚੁੱਕੇ ਹਨ। ਰਵੀਕਰਨ ਸਿੰਘ ਕਾਹਲੋਂ ਸਾਬਕਾ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਸਵਰਗੀ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਹਨ, ਜੋ ਅਕਾਲੀ ਸਰਕਾਰ ਵਿਚ ਕਈ ਉੱਚ ਅਹੁਦਿਆਂ ’ਤੇ ਰਹੇ ਸਨ।