Chandigarh News : ਰੱਖੜੀ ਵਾਲੇ ਦਿਨ ਟ੍ਰਾਈਸਿਟੀ ‘ਚ ਲੋਕਲ ਬੱਸਾਂ 'ਚ ਮੁਫ਼ਤ ਸਫ਼ਰ ਕਰਨਗੀਆਂ ਮਹਿਲਾਵਾਂ
ਇਹ ਐਲਾਨ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਗੁਲਾਬ ਚੰਦ ਕਟਾਰੀਆ ਨੇ ਕੀਤਾ ਹੈ
Chandigarh News : ਰੱਖੜੀ ਦੇ ਮੌਕੇ 'ਤੇ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਮਹਿਲਾਵਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ। ਭਰਾਵਾਂ ਦੇ ਘਰ ਆਉਣ-ਜਾਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ, ਰਾਜ ਸਰਕਾਰਾਂ ਨੇ ਖਾਸ ਤੌਰ 'ਤੇ ਔਰਤਾਂ ਲਈ ਮੁਫਤ ਬੱਸ ਸੇਵਾ ਦਾ ਐਲਾਨ ਕੀਤਾ ਹੈ। ਇਸ ਸਾਲ ਰੱਖੜੀ ਦਾ ਤਿਉਹਾਰ 19 ਅਗਸਤ (ਸੋਮਵਾਰ) ਨੂੰ ਮਨਾਇਆ ਜਾਵੇਗਾ। ਜਿਨ੍ਹਾਂ ਰਾਜਾਂ 'ਚ ਔਰਤਾਂ ਨੂੰ ਰੱਖੜੀ 'ਤੇ ਮੁਫਤ ਬੱਸ ਸੇਵਾ ਦਾ ਲਾਭ ਮਿਲੇਗਾ, ਉਨ੍ਹਾਂ 'ਚ ਚੰਡੀਗੜ੍ਹ ,ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਰਿਆਣਾ ਸ਼ਾਮਲ ਹਨ।
ਰੱਖੜੀ ਦੇ ਤਿਉਹਾਰ ‘ਤੇ 19 ਅਗਸਤ ਸੋਮਵਾਰ ਨੂੰ ਟ੍ਰਾਈਸਿਟੀ ਖੇਤਰ ਯਾਨੀ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਵਿੱਚ ਚੱਲਣ ਵਾਲੀਆਂ ਏ.ਸੀ ਅਤੇ ਨਾਨ-ਏ.ਸੀ ਲੋਕਲ ਬੱਸਾਂ ਵਿੱਚ ਮਹਿਲਾਵਾਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਗੁਲਾਬ ਚੰਦ ਕਟਾਰੀਆ ਨੇ ਕੀਤਾ ਹੈ।
ਉੱਤਰ ਪ੍ਰਦੇਸ਼ ਵਿੱਚ ਮੁਫਤ ਬੱਸ ਸੇਵਾ
ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਰ ਵਾਰ ਦੀ ਤਰ੍ਹਾਂ 18 ਅਤੇ 19 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਲਈ ਬੱਸਾਂ ਵਿੱਚ ਮੁਫ਼ਤ ਸਫ਼ਰ ਦਾ ਤੋਹਫ਼ਾ ਦਿੱਤਾ ਹੈ ਤਾਂ ਜੋ ਰੱਖੜੀ ਵਾਲੇ ਦਿਨ ਔਰਤਾਂ ਸਰਕਾਰੀ ਬੱਸਾਂ ਵਿੱਚ ਬੈਠ ਕੇ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਉਨ੍ਹਾਂ ਦੇ ਘਰ ਜਾਣ। ਸਰਕਾਰ ਦੀ ਇਸ ਯੋਜਨਾ ਤੋਂ ਔਰਤਾਂ ਖੁਸ਼ ਹਨ।
ਹਰਿਆਣਾ ਵਿੱਚ ਰੱਖੜੀ ਵਾਲੇ ਦਿਨ ਮਾਂ ਅਤੇ ਬੱਚੇ ਲਈ ਮੁਫ਼ਤ ਸਫ਼ਰ
ਹਰਿਆਣਾ ਰੋਡਵੇਜ਼ ਨੇ ਐਲਾਨ ਕੀਤਾ ਹੈ ਕਿ ਰੱਖੜੀ ਵਾਲੇ ਦਿਨ 15 ਸਾਲ ਤੱਕ ਦੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੀ ਮਾਂ ਨੂੰ ਬੱਸ 'ਚ ਮੁਫਤ ਸਫਰ ਕਰਨ ਦਾ ਮੌਕਾ ਦਿੱਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ ਰੋਡਵੇਜ਼ ਹੈੱਡਕੁਆਰਟਰ ਵੱਲੋਂ ਇਸ ਸਬੰਧੀ ਪੱਤਰ ਜਾਰੀ ਕਰ ਦਿੱਤੇ ਗਏ ਹਨ। ਇਹ ਸਹੂਲਤ 18 ਅਗਸਤ ਨੂੰ ਦੁਪਹਿਰ 12 ਵਜੇ ਤੋਂ 19 ਅਗਸਤ ਦੀ ਦਰਮਿਆਨੀ ਰਾਤ 12 ਵਜੇ ਤੱਕ ਔਰਤਾਂ ਅਤੇ 15 ਸਾਲ ਤੱਕ ਦੇ ਬੱਚਿਆਂ ਲਈ ਉਪਲਬਧ ਹੋਵੇਗੀ।
ਜੇਕਰ ਮਹਿਲਾਵਾਂ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਰਾਹੀਂ ਦਿੱਲੀ, ਚੰਡੀਗੜ੍ਹ ਜਾਂ ਹਰਿਆਣਾ ਵਿੱਚ ਹੀ ਸਫ਼ਰ ਕਰਨਗੀਆਂ ਤਾਂ ਉਨ੍ਹਾਂ ਨੂੰ ਮੁਫ਼ਤ ਸਫ਼ਰ ਕਰਨ ਦੀ ਇਜਾਜ਼ਤ ਹੋਵੇਗੀ ਪਰ ਜੇਕਰ ਮਹਿਲਾਵਾਂ ਉੱਤਰਾਖੰਡ ਜਾਂ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਜਾਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਕਿਰਾਇਆ ਦੇਣਾ ਪਵੇਗਾ।
ਉੱਤਰਾਖੰਡ ਵਿੱਚ ਵੀ ਰੱਖੜੀ ਵਾਲੇ ਦਿਨ ਮਹਿਲਾਵਾਂ ਬੱਸ 'ਚ ਮੁਫ਼ਤ ਸਫ਼ਰ ਕਰਨਗੀਆਂ
ਪੁਸ਼ਕਰ ਸਿੰਘ ਧਾਮੀ ਦੀ ਉੱਤਰਾਖੰਡ ਸਰਕਾਰ ਨੇ ਵੀ ਰੱਖੜੀ ਵਾਲੇ ਦਿਨ ਔਰਤਾਂ ਲਈ ਮੁਫ਼ਤ ਬੱਸ ਸੇਵਾ ਦਾ ਐਲਾਨ ਕੀਤਾ ਹੈ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟਰਾਂਸਪੋਰਟ ਸਕੱਤਰ ਬ੍ਰਜੇਸ਼ ਸੰਤ ਨੇ ਇਸ ਸਬੰਧ ਵਿੱਚ ਸਬੰਧਤ ਅਧਿਕਾਰੀਆਂ ਨੂੰ ਇੱਕ ਪੱਤਰ ਭੇਜਿਆ ਹੈ, ਜਿਸ ਵਿੱਚ ਉੱਤਰਾਖੰਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਚਲਾਈਆਂ ਜਾਂਦੀਆਂ ਬੱਸਾਂ ਵਿੱਚ ਰੱਖੜੀ ਵਾਲੇ ਦਿਨ ਔਰਤਾਂ ਲਈ ਕਿਰਾਏ ਵਿੱਚ 100 ਫੀਸਦੀ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਕਿਰਾਇਆ ਸੂਬਾ ਸਰਕਾਰ ਅਦਾ ਕਰੇਗੀ। ਹਾਲਾਂਕਿ ਇਸ ਪੱਤਰ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸਹੂਲਤ ਸਿਰਫ ਉੱਤਰਾਖੰਡ ਸੂਬੇ ਦੀਆਂ ਔਰਤਾਂ ਨੂੰ ਹੀ ਦਿੱਤੀ ਜਾਵੇਗੀ। ਜੇਕਰ ਕੋਈ ਭੈਣ ਸੂਬੇ ਤੋਂ ਬਾਹਰ ਜਾਂਦੀ ਹੈ ਤਾਂ ਉਸ ਨੂੰ ਬੱਸ ਦਾ ਕਿਰਾਇਆ ਦੇਣਾ ਪਵੇਗਾ।