ਸੁਮਿਤ ਕਤਲ ਕੇਸ ਵਿੱਚ ਚੰਡੀਗੜ੍ਹ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ
ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਥਾਣਾ ਸੈਕਟਰ-39 ਦੀ ਟੀਮ ਨੇ ਇੱਕ ਅਹਿਮ ਕਾਰਵਾਈ ਕਰਦਿਆਂ ਕਤਲ ਦੇ ਮਾਮਲੇ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਐਸ.ਐਸ.ਪੀ. (SSP) ਕੰਵਰਦੀਪ ਕੌਰ ਅਤੇ ਐਸ.ਪੀ. (SP) ਸਿਟੀ ਕੇ.ਐਮ. ਪ੍ਰਿਅੰਕਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸ.ਡੀ.ਪੀ.ਓ. (SDPO) ਦੱਖਣ-ਪੱਛਮ ਗੁਰਜੀਤ ਕੌਰ ਦੀ ਨਿਗਰਾਨੀ ਵਿੱਚ ਅੰਜਾਮ ਦਿੱਤੀ ਗਈ।
ਸ਼ਿਕਾਇਤਕਰਤਾ ਮਨਦੀਪ ਅਨੁਸਾਰ ਇਹ ਵਾਰਦਾਤ 16 ਜਨਵਰੀ ਨੂੰ ਵਾਪਰੀ ਸੀ। ਮਨਦੀਪ ਦਾ ਭਰਾ ਸੁਮਿਤ ਉਰਫ਼ ਗੋਲੂ ਜਦੋਂ ਆਪਣੀ ਐਕਟਿਵਾ 'ਤੇ ਜਾ ਰਿਹਾ ਸੀ, ਤਾਂ ਪੁਰਾਣੀ ਰੰਜਿਸ਼ ਕਾਰਨ ਮੁਲਜ਼ਮਾਂ ਨੇ ਬੁਲੇਟ ਮੋਟਰਸਾਈਕਲ (CH-01-CA-8562) 'ਤੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਸੈਕਟਰ-38 ਸਥਿਤ ਪ੍ਰਿਆਸ ਬਿਲਡਿੰਗ ਨੇੜੇ ਮੁਲਜ਼ਮਾਂ ਨੇ ਸੁਮਿਤ ਨੂੰ ਧੱਕਾ ਦਿੱਤਾ, ਜਿਸ ਕਾਰਨ ਉਹ ਸੜਕ 'ਤੇ ਡਿੱਗ ਗਿਆ। ਆਰੀਅਨ ਉਰਫ਼ ਹਨੀ ਨੇ ਸੁਮਿਤ ਦੇ ਹੱਥ ਫੜ ਲਏ ਅਤੇ ਕ੍ਰਿਸ਼ ਉਰਫ਼ ਕਾਸ਼ੂ ਨੇ ਤੇਜ਼ਧਾਰ ਚਾਕੂ ਨਾਲ ਉਸ ਦੀ ਛਾਤੀ 'ਤੇ ਵਾਰ ਕੀਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਸੁਮਿਤ ਨੂੰ ਤੁਰੰਤ ਪੀ.ਜੀ.ਆਈ. (PGI) ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕ੍ਰਿਸ਼ ਉਰਫ਼ ਕਾਸ਼ੂ (19 ਸਾਲ), ਵਾਸੀ DMC ਚੰਡੀਗੜ੍ਹ ਅਤੇ ਆਰੀਅਨ ਉਰਫ਼ ਹਨੀ (18.5 ਸਾਲ), ਵਾਸੀ DMC ਚੰਡੀਗੜ੍ਹ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਦੋਵੇਂ ਮੁਲਜ਼ਮ ਆਦਤਨ ਅਪਰਾਧੀ ਹਨ। ਇਹ ਪਹਿਲਾਂ ਵੀ ਥਾਣਾ ਸੈਕਟਰ-26 ਅਤੇ ਥਾਣਾ ਸੈਕਟਰ-11 ਵਿੱਚ ਦਰਜ ਕਈ ਸੰਗੀਨ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।