ਜਣੇਪੇ ਸਮੇਂ ਪਤਨੀ ਨੂੰ ਪਤੀ ਦੇ ਸਹਿਯੋਗ ਦੀ ਲੋੜ ਹੁੰਦੀ ਹੈ : ਹਾਈ ਕੋਰਟ
ਡਰੱਗਜ਼ ਕੇਸ ਵਿਚ ਮੁਲਜ਼ਮ ਨੂੰ ਦਿਤੀ ਅੰਤਰਿਮ ਜ਼ਮਾਨਤ
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ) : ਇਹ ਦੇਖਦੇ ਹੋਏ ਕਿ ਜਣੇਪੇ ਦੇ ਸਮੇਂ ਦੌਰਾਨ ਔਰਤ ਨੂੰ ਅਪਣੇ ਪਤੀ ਦੇ ਸਾਥ ਅਤੇ ਮਦਦ ਦੀ ਲੋੜ ਹੁੰਦੀ ਹੈ ਅਤੇ ਮਾਂ ਤੇ ਨਵਜੰਮੇ ਬੱਚੇ ਦੋਵਾਂ ਨੂੰ ਬਹੁਤ ਜ਼ਿਆਦਾ ਦੇਖਭਾਲ ਅਤੇ ਧਿਆਨ ਦੀ ਲੋੜ ਹੁੰਦੀ ਹੈ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਨਡੀਪੀਐਸ ਐਕਟ ਦੇ ਤਹਿਤ ਦਰਜ ਇਕ ਮਾਮਲੇ ਦੇ ਦੋਸ਼ੀ ਨੂੰ ਛੇ ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦੇ ਦਿਤੀ ਹੈ।
ਜਸਟਿਸ ਸੰਜੈ ਵਸ਼ਿਸਟ ਦੇ ਬੈਂਚ ਨੇ ਕਿਹਾ ਕਿ, ਕੇਸ ਦੀ ਮੈਰਿਟ ਵਿਚ ਜਾਏ ਬਿਨਾਂ, ਪਟੀਸ਼ਨਰ ਮਨੁੱਖੀ ਆਧਾਰ ’ਤੇ ਸੀਮਤ ਅੰਤਰਿਮ ਰਾਹਤ ਦਾ ਹੱਕਦਾਰ ਹੈ, ਜਿਸ ਵਿਚ ਉਸਦੇ ਬੱਚੇ ਦੇ ਜਨਮ ਅਤੇ ਜਣੇਪੇ ਤੋਂ ਬਾਅਦ ਦੀ ਮਿਆਦ ਦੌਰਾਨ ਉਸ ਦੀ ਪਤਨੀ ਦੀ ਦੇਖਭਾਲ ਕਰਨ ਦੀ ਜ਼ਰੂਰਤ ਨੂੰ ਧਿਆਨ ਵਿਚ ਰਖਿਆ ਗਿਆ ਹੈ। ਜਸਟਿਸ ਸੰਜੇ ਵਸ਼ਿਸ਼ਟ ਨੇ ਕਿਹਾ, ‘‘ਪਟੀਸ਼ਨਕਰਤਾ ਦੀ ਪਤਨੀ ਨੇ 5 ਜਨਵਰੀ ਨੂੰ ਇਕ ਧੀ ਨੂੰ ਜਨਮ ਦਿੱਤਾ।
ਬਿਨਾਂ ਸ਼ੱਕ, ਅਜਿਹੇ ਪੜਾਅ ’ਤੇ ਪਟੀਸ਼ਨਰ ਦੀ ਪਤਨੀ ਨੂੰ ਅਪਣੇ ਸਭ ਤੋਂ ਵਧੀਆ ਸਾਥੀ ਯਾਨੀ ਉਸ ਦੇ ਪਤੀ ਦੀ ਸੰਗਤ ਦੀ ਲੋੜ ਹੋਵੇਗੀ।’’ ਪਟੀਸ਼ਨਰ ਅਜੈ ਕੁਮਾਰ ਨੇ ਐਨਡੀਪੀਐਸ ਐਕਟ ਤਹਿਤ ਦਰਜ ਐਫ਼ਆਈਆਰ ਦੇ ਸਬੰਧ ਵਿਚ ਦੋ ਮਹੀਨਿਆਂ ਲਈ ਅੰਤਰਿਮ ਜ਼ਮਾਨਤ ਦੀ ਮੰਗ ਕਰਦੇ ਹੋਏ ਹਾਈ ਕੋਰਟ ਵਿਚ ਪਹੁੰਚ ਕੀਤੀ ਸੀ। ਪਟੀਸ਼ਨ ਵਿਚ ਆਧਾਰ ਬਣਾਇਆ ਗਿਆ ਕਿ ਪਟੀਸ਼ਨ ਦਾਇਰ ਕਰਨ ਸਮੇਂ ਉਸ ਦੀ ਪਤਨੀ ਗਰਭ ਅਵਸਥਾ ਦੇ ਅਗਾਊਂ ਪੜਾਅ ਵਿਚ ਸੀ ਅਤੇ ਬਾਅਦ ਵਿਚ 5 ਜਨਵਰੀ ਨੂੰ ਇਕ ਬੱਚੇ ਨੂੰ ਜਨਮ ਦਿਤਾ ਸੀ।