ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ 'ਮੁੱਖ ਮੰਤਰੀ ਤੀਰਥ ਯਾਤਰਾ' ਸਕੀਮ
ਹੁਣ ਤੱਕ 33 ਹਜ਼ਾਰ ਤੋਂ ਵੱਧ ਸ਼ਰਧਾਲੂ ਮੁਫ਼ਤ ਯਾਤਰਾ ਦਾ ਲਾਭ ਲੈ ਚੁੱਕੇ ਹਨ
ਚੰਡੀਗੜ੍ਹ : ਹਰ ਵਿਅਕਤੀ ਦੀ ਪਾਵਨ ਅਸਥਾਨਾਂ ਦੀ ਯਾਤਰਾ ਕਰਨ ਦੀ ਇੱਛਾ ਹੁੰਦੀ ਹੈ। ਅਜਿਹੇ ਵਿਅਕਤੀਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ “ਮੁੱਖ ਮੰਤਰੀ ਤੀਰਥ ਯਾਤਰਾ” ਸਕੀਮ ਵਰਦਾਨ ਸਾਬਤ ਹੋ ਰਹੀ ਹੈ। ਇਸ ਯੋਜਨਾ ਹੇਠ ਤਹਿਤ ਸ਼ਰਧਾਲੂਆਂ ਨੂੰ ਯਾਤਰਾ ਲਈ ਬੱਸਾਂ ਭੇਜੀਆਂ ਜਾ ਰਹੀਆਂ ਹਨ। ਹੁਣ ਤੱਕ 33 ਹਜ਼ਾਰ ਤੋਂ ਵੱਧ ਸ਼ਰਧਾਲੂ ਦੇਸ਼ ਦੇ ਵੱਖ ਵੱਖ ਤੀਰਥ ਅਸਥਾਨਾਂ ਤੇ ਮੁਫ਼ਤ ਯਾਤਰਾ ਦਾ ਲਾਭ ਲੈ ਚੁੱਕੇ ਹਨ। ਸੂਬੇ ਦੇ ਹਰ ਜ਼ਿਲ੍ਹੇ ਤੋਂ ਚਲ ਰਹੀਆਂ ਤੀਰਥ ਯਾਤਰਾਵਾਂ ਪ੍ਰਤੀ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ।
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਸ਼ੁਰੂਆਤ 27 ਨਵੰਬਰ 2023 ਨੂੰ ਹੋਈ ਸੀ। ਇਸ ਸਕੀਮ ਤਹਿਤ ਪੰਜਾਬ ਦੇ 60 ਸਾਲ ਤੋਂ ਵੱਧ ਉਮਰ ਦੇ ਆਰਥਿਕ ਪੱਖੋਂ ਕਮਜ਼ੋਰ ਬਜ਼ੁਰਗਾਂ ਨੂੰ ਦੇਸ਼ ਭਰ ਦੇ ਤੀਰਥ ਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ ਜਾ ਰਹੀ ਹੈ। ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਰਾਹੀਂ ਵੱਡੀ ਗਿਣਤੀ ਵਿੱਚ ਲੋਕ ਵਿਸ਼ੇਸ਼ ਟਰੇਨਾਂ ਅਤੇ ਬੱਸਾਂ ਰਾਹੀਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਬਿਲਕੁਲ ਮੁਫਤ ਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿਸ਼ੇਸ਼ ਬੱਸਾਂ ਅਤੇ ਟਰੇਨਾਂ ਵਿੱਚ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਮੁਫਤ ਖਾਣਾ, ਰਹਿਣ-ਸਹਿਣ ਤੇ ਸ਼ਰਧਾਲੂ ਕਿੱਟਾਂ ਤੋਂ ਇਲਾਵਾ ਟੂਰਿਸਟ ਗਾਈਡ ਦੀਆਂ ਸਹੂਲਤਾਂ ਵੀ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਯੋਜਨਾ ਤਹਿਤ ਦਿੱਤੀ ਸਾਲ 2024-25 ਵਿੱਚ 25 ਕਰੋੜ ਰੁਪਏ ਦੀ ਅਲਾਟਮੈਂਟ ਦੀ ਤਜਵੀਜ਼ ਹੈ। ਇਸ ਯੋਜਨਾ ਹੇਠ ਵੱਖ-ਵੱਖ ਜੱਥੇ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਤਖ਼ਤ ਸਚਖੰਡ ਸ੍ਰੀ ਹਜੂਰ ਸਾਹਿਬ, ਅਬਿਚਲ ਨਗਰ ਨਾਂਦੇੜ, ਸ੍ਰੀ ਪਟਨਾ ਸਾਹਿਬ (ਬਿਹਾਰ), ਵਾਰਾਨਸੀ ਮੰਦਿਰ, ਅਯੁੱਧਿਆ ਅਤੇ ਵਰਿੰਦਾਵਨ ਧਾਮ (ਉੱਤਰ ਪ੍ਰਦੇਸ਼), ਸ੍ਰੀ ਅਜਮੇਰ ਸ਼ਰੀਫ਼ (ਰਾਜਸਥਾਨ) ਖਾਟੂ ਸ਼ਯਾਮ ਅਤੇ ਸਾਲਾਸਰ (ਰਾਜਸਥਾਨ), ਮਾਤਾ ਸ੍ਰੀ ਚਿੰਤਪੁਰਨੀ ਜੀ, ਜਵਾਲਾ ਜੀ, ਨੈਣਾ ਦੇਵੀ ਵਰਗੇ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤਾਂ ਦੀ ਬੱਸ ਨੂੰ ਰਵਾਨਾ ਕੀਤਾ ਜਾਂਦਾ ਹੈ।
ਧਾਰਮਿਕ ਸਥਾਨਾਂ ਦੇ ਚਾਹਵਾਨ ਸ਼ਰਧਾਲੂ ਦਰਸ਼ਨਾਂ ਲਈ ਟਰਾਂਸਪੋਰਟ ਵਿਭਾਗ ਦੀ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰਕੇ ਉਨ੍ਹਾਂ ਦੇ ਦਫ਼ਤਰ ਜਾਂ ਐੱਸ ਡੀ ਐੱਮ ਦਫ਼ਤਰ ਵਿਖੇ ਜਮ੍ਹਾ ਕਰਵਾ ਸਕਦੇ ਹਨ। ਹਰੇਕ ਯਾਤਰੀ ਲਈ ਆਪਣੀ ਅਗਾਊਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ।