Chandigarh ਪੁਲਿਸ ਨੇ ਨਾਕੇਬੰਦੀ ਦੌਰਾਨ ਕਾਰ ’ਚੋਂ ਬਰਾਮਦ ਕੀਤਾ 1.214 ਕਿਲੋਗ੍ਰਾਮ ਸੋਨਾ ਤੇ 1 ਕਰੋੜ 42 ਲੱਖ ਰੁਪਏ
ਕਾਰ ਚਾਲਕ ਦੀ ਜਗਮੋਹਨ ਜੈਨ ਵਾਸੀ ਅੰਬਾਲਾ ਵਜੋਂ ਹੋਈ ਪਛਾਣ
ਚੰਡੀਗੜ੍ਹ: ਇੰਡਸਟਰੀਅਲ ਏਰੀਆ ਥਾਣਾ ਪੁਲਿਸ ਨੇ ਰੈਂਡਮ ਨਾਕਾਬੰਦੀ ਦੌਰਾਨ ਵੱਡੀ ਕਾਰਵਾਈ ਕਰਦੇ ਹੋਏ 1.214 ਕਿੱਲੋਗ੍ਰਾਮ ਸੋਨਾ ਤੇ 1 ਕਰੋੜ 42 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਹ ਬਰਾਮਦਗੀ ਇਕ ਹੋਂਡਾ ਅਮੇਜ਼ ਕਾਰ ਵਿੱਚੋਂ ਹੋਈ, ਜਿਸ ਨੂੰ ਪੁਲਿਸ ਨੇ ਕਲੋਨੀ ਨੰਬਰ 4 ਲਾਈਟ ਪੁਆਇੰਟ ਦੇ ਨੇੜੇ ਲਗਾਏ ਗਏ ਨਾਕੇ 'ਤੇ ਚੈਕਿੰਗ ਲਈ ਰੋਕਿਆ ਸੀ। ਪੁਲਿਸ ਅਨੁਸਾਰ ਇਹ ਕਾਰਵਾਈ ਨਿਯਮਤ ਰੈਂਡਮ ਚੈਕਿੰਗ ਦੌਰਾਨ ਕੀਤੀ ਗਈ। ਨਾਕੇ 'ਤੇ ਤਾਇਨਾਤ ਪੁਲਿਸ ਟੀਮ ਨੇ ਜਦੋਂ ਸ਼ੱਕੀ ਹਾਲਤ ਵਿੱਚ ਆ ਰਹੀ ਹੋਂਡਾ ਅਮੇਜ਼ ਕਾਰ ਨੂੰ ਰੋਕਿਆ ਅਤੇ ਉਸ ਦੀ ਤਲਾਸ਼ੀ ਲਈ, ਤਾਂ ਗੱਡੀ ਦੇ ਅੰਦਰੋਂ ਭਾਰੀ ਮਾਤਰਾ ਵਿੱਚ ਸੋਨਾ ਅਤੇ ਨਕਦੀ ਬਰਾਮਦ ਹੋਈ।
ਕਾਰ ਚਾਲਕ ਦੀ ਪਛਾਣ ਜਗਮੋਹਨ ਜੈਨ ਵਾਸੀ ਅੰਬਾਲਾ (ਹਰਿਆਣਾ) ਵਜੋਂ ਹੋਈ ਹੈ। ਮੁਢਲੀ ਪੁੱਛਗਿੱਛ ਦੌਰਾਨ ਉਹ ਮੌਕੇ 'ਤੇ ਸੋਨੇ ਅਤੇ ਨਕਦੀ ਨਾਲ ਸਬੰਧਤ ਕੋਈ ਵੀ ਸਬੰਧਤ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਸਬੰਧਤ ਜਾਂਚ ਏਜੰਸੀਆਂ ਨੂੰ ਸੂਚਨਾ ਦੇ ਦਿੱਤੀ ਹੈ। ਫਿਲਹਾਲ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਬਰਾਮਦ ਕੀਤਾ ਗਿਆ ਸੋਨਾ ਅਤੇ ਨਕਦੀ ਕਿੱਥੋਂ ਲਿਆਂਦੀ ਗਈ ਸੀ ਅਤੇ ਕਿੱਥੇ ਲਿਜਾਈ ਜਾ ਰਹੀ ਸੀ।
ਪੁਲਿਸ ਨੇ ਹੋਂਡਾ ਅਮੇਜ਼ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦਸਤਾਵੇਜ਼ਾਂ ਦੀ ਜਾਂਚ ਅਤੇ ਵਿੱਤੀ ਲੈਣ-ਦੇਣ ਦੀ ਪੁਸ਼ਟੀ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲੋੜ ਪੈਣ 'ਤੇ ਹੋਰ ਏਜੰਸੀਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ।