Haryana News: ਹਰਿਆਣਾ ’ਚ ਲੋਕਲ ਬਾਡੀ ਚੋਣਾਂ ਦੌਰਾਨ ਕਾਂਗਰਸ ਨੂੰ ਵੱਡਾ ਝਟਕਾ
Haryana News: ਹਿਸਾਰ ਤੋਂ ਕਾਂਗਰਸ ਦੇ ਬਾਗ਼ੀ ਮੇਅਰ ਉਮੀਦਵਾਰ ਭਾਜਪਾ ’ਚ ਸ਼ਾਮਲ
ਮੁੱਖ ਮੰਤਰੀ ਨਾਇਬ ਸੈਣੀ ਨੇ ਰਾਮਨਿਵਾਸ ਰਾੜਾ ਨੂੰ ਪਾਰਟੀ ’ਚ ਕੀਤਾ ਸ਼ਾਮਲ
Haryana News: ਹਰਿਆਣਾ ਵਿਚ ਲੋਕਲ ਬਾਡੀ ਚੋਣਾਂ ਦੌਰਾਨ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਹਿਸਾਰ ਤੋਂ ਕਾਂਗਰਸ ਦੇ ਬਾਗ਼ੀ ਨੇਤਾ ਰਾਮਨਿਵਾਸ ਰਾੜਾ ਬੁਧਵਾਰ ਸਵੇਰੇ ਚੰਡੀਗੜ੍ਹ ਵਿਚ ਭਾਜਪਾ ’ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਰਾਮਨਿਵਾਸ ਰਾੜਾ ਕਾਂਗਰਸ ਪਾਰਟੀ ਤੋਂ ਮੇਅਰ ਦੀ ਟਿਕਟ ਮੰਗ ਰਹੇ ਸਨ। ਜਦੋਂ ਉਨ੍ਹਾਂ ਨੂੰ ਟਿਕਟ ਨਾ ਮਿਲਿਆ ਤਾਂ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ। ਅੱਜ ਉਹ ਅਪਣੀ ਨਾਮਜ਼ਦਗੀ ਵਾਪਸ ਲੈ ਕੇ ਭਾਜਪਾ ਉਮੀਦਵਾਰ ਪ੍ਰਵੀਨ ਪੋਪਲੀ ਦਾ ਸਮਰਥਨ ਕਰਨਗੇ। ਇਕ ਦਿਨ ਪਹਿਲਾਂ ਹੀ ਭੁਪਿੰਦਰ ਸਿੰਘ ਹੁੱਡਾ ਨੇ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਦੀ ਚੇਤਾਵਨੀ ਦਿਤੀ ਸੀ।
ਰਾਮਨਿਵਾਸ ਰਾੜਾ ਸਿਰਸਾ ਤੋਂ ਕਾਂਗਰਸੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਦੇ ਕਰੀਬੀ ਹਨ। ਟਿਕਟ ਨਾ ਮਿਲਣ ਤੋਂ ਨਾਰਾਜ਼ ਰਾੜਾ ਨੇ 16 ਫ਼ਰਵਰੀ ਨੂੰ ਹਿਸਾਰ ’ਚ ਅਪਣੇ ਸਮਰਥਕਾਂ ਦੀ ਮੀਟਿੰਗ ਬੁਲਾਈ ਸੀ। ਉਦੋਂ ਤੋਂ ਹੀ ਚਰਚਾ ਸੀ ਕਿ ਉਹ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਇਕ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਹਿਸਾਰ ਆਏ ਸਨ, ਪਰ ਰਾੜਾ ਨੂੰ ਮਨਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।