Illegal Opium Farming: ਚੰਡੀਗੜ੍ਹ 'ਚ 725 ਅਫ਼ੀਮ ਦੇ ਬੂਟੇ ਬਰਾਮਦ, ਬਲੂਮਿੰਗ ਡੇਲ ਨਰਸਰੀ 'ਚ ਫੜੇ ਬੂਟੇ
ਪੰਚਕੂਲਾ ਦਾ ਰਹਿਣ ਵਾਲਾ ਹੈ ਨਰਸਰੀ ਦਾ ਮਾਲਕ, ਸਿਵਲ ਡਰੈੱਸ 'ਚ ਮਾਰੀ ਛਾਪੇਮਾਰੀ
Illegal Opium Farming: ਚੰਡੀਗੜ੍ਹ - ਚੰਡੀਗੜ੍ਹ 'ਚ ਬਿਨਾਂ ਮਨਜ਼ੂਰੀ ਤੋਂ ਅਫ਼ੀਮ ਦੀ ਖੇਤੀ ਕਰਨੀ ਗੈਰ-ਕਾਨੂੰਨੀ ਹੈ ਪਰ ਇਸ ਦੇ ਬਾਵਜੂਦ ਚੰਡੀਗੜ੍ਹ ਦੇ ਕਿਸ਼ਨਗੜ੍ਹ 'ਚ ਅਫ਼ੀਮ ਦੀ ਖੇਤੀ ਕੀਤੀ ਜਾਂਦੀ ਸੀ, ਇਸ ਦੀ ਸੂਚਨਾ ਜ਼ਿਲਾ ਕ੍ਰਾਈਮ ਸੈੱਲ (ਡੀ. ਸੀ. ਸੀ.) ਨੂੰ ਮਿਲਦਿਆਂ ਹੀ ਡੀ.ਸੀ.ਸੀ. ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਦੀ ਅਗਵਾਈ ਵਾਲੀ ਟੀਮ ਨੇ ਕਿਸ਼ਨਗੜ੍ਹ 'ਚ ਛਾਪਾ ਮਾਰਿਆ। ਟੀਮ ਨੇ ਦੇਰ ਰਾਤ ਛਾਪਾ ਮਾਰ ਕੇ ਉਥੋਂ ਅਫੀਮ ਦੇ 725 ਪੌਦੇ ਬਰਾਮਦ ਕੀਤੇ।
ਡੀਸੀਸੀ ਨੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਦੋ ਜਣਿਆਂ ਖ਼ਿਲਾਫ਼ ਧਾਰਾ 18 (ਸੀ) ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕੀਤੀ ਹੈ ਜਿਨ੍ਹਾਂ ਦੀ ਪਛਾਣ ਨਰਸਰੀ ਦੇ ਮਾਲਕ ਸਮੀਰ ਕਾਲੀਆ ਵਾਸੀ ਪੰਚਕੂਲਾ ਅਤੇ ਬਾਗਬਾਨ ਸੀਯਾਰਾਮ ਵਾਸੀ ਨਵਾਂ ਗਾਓਂ ਵਜੋਂ ਹੋਈ ਹੈ। ਡੀ.ਸੀ.ਸੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਿਸ਼ਨਗੜ੍ਹ ਚੌਕ ਨੇੜੇ ਸਥਿਤ ਬਲੂਮਿੰਗ ਡੇਲ ਨਰਸਰੀ ਵਿਚ ਅਫ਼ੀਮ ਦੀ ਖੇਤੀ ਕੀਤੀ ਜਾ ਰਹੀ ਹੈ
ਜਿਸ ਤੋਂ ਬਾਅਦ ਡੀ.ਸੀ.ਸੀ ਦੀ ਟੀਮ ਨੇ ਸਭ ਤੋਂ ਪਹਿਲਾਂ ਸਿਵਲ ਡਰੈੱਸ ਵਿਚ ਉਥੇ ਜਾ ਕੇ ਦੇਖਿਆ ਕਿ ਅਫ਼ੀਮ ਦੇ ਬੂਟੇ ਲਗਾਏ ਹੋਏ ਸਨ ਅਤੇ ਉਨ੍ਹਾਂ ਉਪਰ ਲਾਲ ਰੰਗ ਦੇ ਡੋਡੇ ਅਤੇ ਫੁੱਲ ਖਿਲੇ ਹੋਏ ਸਨ। ਪੂਰੀ ਜਾਂਚ ਤੋਂ ਬਾਅਦ ਦੇਰ ਰਾਤ ਡੀ.ਸੀ.ਸੀ ਨੇ ਪੂਰੀ ਤਿਆਰੀ ਨਾਲ ਛਾਪਾ ਮਾਰ ਕੇ 725 ਭੁੱਕੀ ਦੇ ਬੂਟੇ ਬਰਾਮਦ ਕੀਤੇ।