Shanan Power House: ਪੰਜਾਬ ਦੇ ਬਿਜਲੀ ਮੰਤਰੀ ਨੇ ਤੱਥਾਂ ਨਾਲ ਦਾਅਵੇਦਾਰੀ ਜਤਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਕਿਹਾ, ਪੰਜਾਬ ਰਾਜ ਪੁਨਰਗਠਨ ਐਕਟ ਦੀ ਧਾਰਾ 67(4) ਤਹਿਤ ਸ਼ਾਨਨ ਪ੍ਰਾਜੈਕਟ ਪੰਜਾਬ ਦੀ ਹੀ ਮਲਕੀਅਤ

Power Minister Harbhajan Singh ETO

ਚੰਡੀਗੜ੍ਹ,  (ਸੱਤੀ) : ਹਿਮਾਚਲ ਦੇ  ਸ਼ਾਨਨ  ਪਾਵਰ ਪ੍ਰਾਜੈਕਟ ਦਾ ਮਾਮਲਾ ਹੋਰ ਭਖ ਗਿਆ ਹੈ। ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਹਿਮਾਚਲ ਦੇ ਉਪ ਮੁਖ ਮੰਤਰੀ ਮੁਕੇਸ਼ ਅਗਨੀਹੋਤਰੀ ਵਲੋ ਇਸ ਪ੍ਰਾਜੈਕਟ ਤੇ ਸੂਬੇ ਦਾ ਹੱਕ ਜਤਾਏ ਜਾਣ ਦੇ ਦਾਅਵੇ ਨੂੰ ਪੂਰੇ ਤੱਥਾਂ ਨਾਲ ਰੱਦ ਕੀਤਾ ਹੈ।

ਬੀਤੇ ਦਿਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਹਿਮਾਚਲ ਦੇ ਦਾਅਵੇ ਨੂੰ ਗ਼ਲਤ ਦੱਸਦੀਆਂ ਪ੍ਰਤੀਕਰਮ ਦਿੰਦੇ ਹੋਏ ਕਿਹਾ ਸੀ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਪੈਣ ਦਿਆਂਗੇ। ਪੰਜਾਬ ਦੇ ਬਿਜਲੀ ਮੰਤਰੀ ਨੇ  ਤੱਥਾਂ ਨਾਲ ਦਸਿਆ ਕਿ ਸ਼ਾਨਨ ਪਾਵਰ ਪ੍ਰਾਜੈਕਟ ਪੰਜਾਬ ਰਾਜ ਦੀ ਮਲਕੀਅਤ ਹੈ ਅਤੇ ਇਸ ਉਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਦਾ ਕੋਈ ਹੱਕ ਨਹੀਂ ਬਣਦਾ।

ਉਨ੍ਹਾਂ ਕਿਹਾ ਕਿ  ਅਗਨੀਹੋਤਰੀ  ਨੂੰ ਸ਼ਾਨਨ ਪ੍ਰੋਜੈਕਟ ਸਬੰਧੀ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਤੋਂ ਜਾਣੂ ਹੋ ਜਾਣਾ ਚਾਹੀਦਾ ਸੀ।  ਤੱਥਾਂ ਤੋਂ ਅਣਜਾਣ ਹੋਣ ਕਾਰਨ  ਅਗਨੀਹੋਰਤੀ ਗਲਤ ਬਿਆਨਬਾਜ਼ੀ ਕਰਕੇ ਦੋ ਰਾਜਾਂ ਦੇ ਆਪਸੀ ਸਬੰਧਾਂ ਨੂੰ ਖ਼ਰਾਬ ਕਰਨ ਦਾ ਕੰਮ ਕਰ ਰਹੇ ਹਨ। ਈਟੀਓ ਨੇ ਕਿਹਾ ਕਿ ਮੈਂ ਅਗਨੀਹੋਤਰੀ ਦੀ ਜਾਣਕਾਰੀ ਲਈ ਦੱਸਣਾਂ ਚਾਹੁੰਦਾ ਹਾਂ ਕਿ 1966 ’ਚ ਪੰਜਾਬ ਰਾਜ ਦਾ ਪੁਨਰਗਠਨ ਹੋਇਆ ਸੀ , ਜਿਸ ਉਪਰੰਤ ਭਾਰਤ ਸਰਕਾਰ ਨੇ ਪੁਨਰਗਠਿਤ ਰਾਜਾਂ ਦੀਆਂ ਜਾਇਦਾਦਾਂ ਅਤੇ ਦੇਣਦਾਰੀਆਂ ਦੀ ਮਾਲਕੀ ਸਬੰਧੀ ਮਿਤੀ 01-05-1967 ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ।

ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 67(4) ਦੇ ਅਨੁਸਾਰ ਭਾਰਤ ਸਰਕਾਰ  ਨੇ ਹਾਈਡਰੋ ਪਾਵਰ ਹਾਊਸ ਜੋਗਿੰਦਰ ਨਗਰ ਦੀਆਂ ਜਾਇਦਾਦਾਂ ਪੰਜਾਬ ਰਾਜ ਬਿਜਲੀ ਬੋਰਡ ਨੂੰ ਅਲਾਟ ਕੀਤੀਆਂ ਗਈਆਂ ਸਨ, ਜੋ ਕਿ ਹੁਣ ਪੀਐਸਪੀਸੀਐਲ ਵਜੋਂ ਪੰਜਾਬ ਰਾਜ ਵਿਚ ਸੇਵਾਵਾਂ ਦੇ ਰਿਹਾ ਹੈ ।