Chandigarh News : 4 ਸਾਲ ਪਹਿਲਾਂ ਢਾਈ ਸਾਲ ਦੇ ਮਾਸੂਮ ਬੱਚੇ ਦਾ ਕਤਲ ਕਰਨ ਵਾਲੀ ਕਲਯੁੱਗੀ ਮਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਕਲਯੁੱਗੀ ਮਾਂ ਨੇ ਪਹਿਲਾਂ ਮਾਸੂਮ ਬੱਚੇ ਦਾ ਗਲਾ ਘੁੱਟਿਆ, ਫਿਰ ਬੈੱਡ ਬਾਕਸ 'ਚ ਬੰਦ ਕਰ ਦਿੱਤਾ, ਸਾਹ ਘੁੱਟਣ ਕਾਰਨ ਹੋਈ ਸੀ ਮੌਤ

Chandigarh Court

Chandigarh News : ਚੰਡੀਗੜ੍ਹ ਦੇ ਸੈਕਟਰ-45 ਸਥਿਤ ਪਿੰਡ ਬੁੜੈਲ 'ਚ ਚਾਰ ਸਾਲ ਪਹਿਲਾਂ ਆਪਣੇ ਹੀ ਬੱਚੇ ਦਾ ਸਾਹ ਘੁੱਟਣ ਵਾਲੀ ਕਲਯੁਗੀ ਮਾਂ ਨੂੰ ਜ਼ਿਲ੍ਹਾ ਅਦਾਲਤ ਨੇ ਸ਼ੁੱਕਰਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। 

ਜਾਣਕਾਰੀ ਅਨੁਸਾਰ ਸਾਲ 2020 ਵਿੱਚ ਚੰਡੀਗੜ੍ਹ ਦੇ ਸੈਕਟਰ-45 ਸਥਿਤ ਪਿੰਡ ਬੁੜੈਲ ਵਿੱਚ ਇੱਕ ਦੋਸ਼ੀ ਔਰਤ ਨੇ ਆਪਣੇ ਢਾਈ ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਸੀ। ਕਲਯੁਗੀ ਮਾਂ (ਰੂਪਾ) ਆਪਣੇ ਮਾਸੂਮ ਬੱਚੇ ਦੇ ਮੂੰਹ 'ਚ ਕੱਪੜਾ ਪਾ ਕੇ ਉਸ ਨੂੰ ਬੈੱਡ 'ਚ ਬੰਦ ਕਰ ਦਿੱਤਾ ਤੇ ਫਰਾਰ ਹੋ ਗਈ। ਬੱਚਾ 24 ਘੰਟਿਆਂ ਤਕ ਬੈੱਡ 'ਚ ਬੰਦ ਰਿਹਾ ਤੇ ਸਾਹ ਘੁੱਟ ਹੋਣ ਕਾਰਨ ਉਸ ਦੀ ਮੌਤ ਹੋ ਗਈ। 

ਸਰਕਾਰੀ ਵਕੀਲ ਨੇ ਦੋਸ਼ੀ ਔਰਤ ਦੇ ਖਿਲਾਫ ਅਦਾਲਤ ਵਿੱਚ ਦਲੀਲ ਦਿੱਤੀ ਕਿ ਇੱਕ ਮਾਂ ਨੇ ਆਪਣੇ ਬੱਚੇ ਨੂੰ ਦਰਦਨਾਕ ਮੌਤ ਦਿੱਤੀ ਹੈ ,ਜੋ ਠੀਕ ਤਰ੍ਹਾਂ ਬੋਲ ਨਹੀਂ ਸਕਦਾ ਸੀ। ਅਜਿਹੀਆਂ ਹਰਕਤਾਂ ਨਾਲ ਮਾਂ ਅਤੇ ਬੱਚੇ ਦਾ ਰਿਸ਼ਤਾ ਖਰਾਬ ਹੋ ਗਿਆ ਹੈ। ਦੋਸ਼ੀ ਰਹਿਮ ਦੀ ਹੱਕਦਾਰ ਨਹੀਂ ਹੈ। ਇਸ ਲਈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਅਜਿਹੇ ਅਪਰਾਧ ਮੁੜ ਕੇ ਕਦੇ ਨਾ ਵਾਪਰਨ।

ਦੋਸ਼ੀ ਔਰਤ ਦੀ ਪਛਾਣ ਰੂਪਾ ਵਰਮਾ (29) ਵਜੋਂ ਹੋਈ ਹੈ, ਜਦਕਿ ਮ੍ਰਿਤਕ ਢਾਈ ਸਾਲ ਦੇ ਬੱਚੇ ਦਾ ਨਾਂ ਦਿਵਯਾਂਸ਼ੂ ਵਰਮਾ ਸੀ। ਇਹ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ। ਜਨਵਰੀ 2020 'ਚ ਔਰਤ ਆਪਣੇ ਢਾਈ ਸਾਲ ਦੇ ਬੱਚੇ ਦਾ ਕਤਲ ਕਰਕੇ ਫਰਾਰ ਹੋ ਗਈ ਸੀ। ਐਤਵਾਰ ਨੂੰ ਉਸ ਦੇ ਪਤੀ ਦਸ਼ਰਥ ਨੇ ਸੈਕਟਰ-45 ਵਿਚ ਆਪਣੀ ਪਤਨੀ ਅਤੇ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। 

ਇਸ ਦੌਰਾਨ ਪਤੀ ਨੂੰ ਅਣਪਛਾਤੇ ਨੰਬਰ ਤੋਂ ਫੋਨ ਆਇਆ ਸੀ ਕਿ ਇਹ ਕਾਲ ਉਸ ਦੀ ਪਤਨੀ ਨੇ ਕੀਤੀ ਸੀ। ਪਤਨੀ ਨੇ ਆਪਣੇ ਪਤੀ ਨੂੰ ਦੱਸਿਆ ਕਿ ਦਿਵਯਾਂਸ਼ੂ ਬੈੱਡ ਬਾਕਸ 'ਚ ਬੰਦ ਹੈ। ਇਹ ਸੁਣ ਕੇ ਉਹ ਹੈਰਾਨ ਰਹਿ ਗਿਆ ਅਤੇ ਜਿਵੇਂ ਹੀ ਉਸ ਨੇ ਬੈਡ ਖੋਲ੍ਹਿਆ ਤਾਂ ਬੱਚਾ ਬੇਹੋਸ਼ ਪਿਆ ਸੀ। ਉਹ ਤੁਰੰਤ ਉਸ ਨੂੰ ਸੈਕਟਰ-32 ਹਸਪਤਾਲ ਲੈ ਗਏ, ਜਿੱਥੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਦਸ਼ਰਥ ਵਰਮਾ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦਾ ਵਿਆਹ ਰੂਪਾ ਨਾਲ ਸਾਲ 2016 'ਚ ਹੋਇਆ ਸੀ। ਬੇਟੇ ਦਿਵਯਾਂਸ਼ੂ ਦਾ ਜਨਮ 2017 'ਚ ਹੋਇਆ ਸੀ। ਧੀ ਕੋਮਲ ਦਾ ਜਨਮ 2019 ਵਿੱਚ ਹੋਇਆ ਸੀ। ਦਸ਼ਰਥ ਨੇ ਦੋਸ਼ ਲਾਇਆ ਕਿ ਉਸਦੀ ਪਤਨੀ ਨਾਲ ਸ਼ੁਰੂ ਤੋਂ ਹੀ ਝਗੜਾ ਚੱਲ ਰਿਹਾ ਸੀ, ਕਿਉਂਕਿ ਪਤਨੀ ਘਰ ਦਾ ਕੰਮ ਨਹੀਂ ਕਰਦੀ ਸੀ। ਉਸ ਨੇ ਇਹ ਵੀ ਦੋਸ਼ ਲਾਇਆ ਸੀ ਕਿ ਉਹ ਮੇਰੇ ਪੂਰੇ ਪਰਿਵਾਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਪਿਛਲੇ ਸਾਲ ਦਸੰਬਰ ਵਿੱਚ ਉਸ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਪਤੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਦੋਸ਼ੀ ਰੂਪਾ ਨੂੰ ਦੂਜੇ ਸ਼ਹਿਰ ਤੋਂ ਗ੍ਰਿਫਤਾਰ ਕਰ ਲਿਆ ਸੀ। ਰੂਪਾ ਤੋਂ ਪੁੱਛਗਿੱਛ ਦੌਰਾਨ ਉਸ ਨੇ ਬੱਚੇ ਦਾ ਕਤਲ ਕਰਨ ਦੀ ਗੱਲ ਕਬੂਲੀ ਸੀ।