Chandigarh News : 5 ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ ਦੀਆਂ ਆਮ ਅਤੇ ਜ਼ਿਮਨੀ ਚੋਣਾਂ 21 ਦਸੰਬਰ, 2024 ਨੂੰ ਕਰਵਾਈਆਂ ਜਾਣਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Chandigarh News : ਦੁਕਾਨਾਂ, ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਦੇ ਸਟਾਫ਼ ਨੂੰ ਆਪਣੀ ਵੋਟ ਪਾਉਣ ਲਈ ਨਗਰ ਨਿਗਮ ਦੇ ਅਧਿਕਾਰ ਖੇਤਰਾਂ ’ਚ 21 ਦਸੰਬਰ 'ਕਲੋਜ਼ ਡੇਅ' ਘੋਸ਼ਿਤ

file photo

Chandigarh News : 5 ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ ਦੀਆਂ ਆਮ ਅਤੇ ਜ਼ਿਮਨੀ ਚੋਣਾਂ ਤੋਂ ਇਲਾਵਾ ਕੁਝ ਹੋਰ ਵਾਰਡ-ਵਾਰ ਜ਼ਿਮਨੀ ਚੋਣਾਂ 21 ਦਸੰਬਰ, 2024 ਨੂੰ ਕਰਵਾਈਆਂ ਜਾਣਗੀਆਂ। ਇਨ੍ਹਾਂ ਸਥਾਨਕ ਸਰਕਾਰਾਂ ਚੋਣਾਂ ਵਿੱਚ ਵੋਟਰਾਂ ਨੂੰ ਆਪਣੀ ਵੋਟ ਦੀ ਸੁੱਚਜੇ ਢੰਗ ਨਾਲ ਵਰਤੋਂ ਕਰਨਾ ਯਕੀਨੀ ਬਣਾਉਣ ਲਈ ਹੇਠ ਜਾਣਕਾਰੀ ਆਮ ਲੋਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਚੋਣ ਕਮਿਸ਼ਨ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ 21 ਦਸੰਬਰ (ਸ਼ਨੀਵਾਰ) ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਤਹਿਤ ਨਗਰ ਨਿਗਮਾਂ ਦੇ ਅਧਿਕਾਰ ਖੇਤਰ, ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ, ਵਿੱਚ ਪੈਂਦੇ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਜਨਤਕ ਛੁੱਟੀ ਐਲਾਨੀ ਜਾਵੇਗੀ।

ਉਹਨਾਂ ਅੱਗੇ ਦੱਸਿਆ ਕਿ ਸਰਕਾਰੀ ਕਰਮਚਾਰੀਆਂ ਅਤੇ ਹੋਰ ਵਰਕਰਾਂ, ਜੋ ਕਿ ਇਹਨਾਂ ਨਗਰ ਨਿਗਮਾਂ ਦੇ ਵੋਟਰ ਹਨ ਪਰ ਕਿਸੇ ਹੋਰ ਥਾਂ 'ਤੇ ਨੌਕਰੀ ਕਰਦੇ ਹਨ, ਨੂੰ ਨਿਯਮਾਂ ਅਨੁਸਾਰ ਵਿਸ਼ੇਸ਼ ਛੁੱਟੀ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਚੋਣਾਂ ਲਈ ਵਰਤੀਆਂ ਜਾ ਰਹੀਆਂ ਹਨ, ਉਨ੍ਹਾਂ ਸਕੂਲਾਂ ਵਿੱਚ ਵੀ ਛੁੱਟੀ ਐਲਾਨੀ ਜਾਵੇਗੀ।

ਆਮ ਲੋਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ 21 ਦਸੰਬਰ, 2024 ਨੂੰ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟਸ ਐਕਟ, 1958 ਅਤੇ ਫੈਕਟਰੀ ਐਕਟ, 1948 ਦੀਆਂ ਧਾਰਾਵਾਂ ਅਧੀਨ ਨਗਰ ਨਿਗਮ ਅਧਿਕਾਰ ਦੇ ਚੋਣਾਂ ਵਾਲੇ ਖੇਤਰ ਨੂੰ 'ਕਲੋਜ਼ ਡੇਅ' ਵਜੋਂ ਘੋਸ਼ਿਤ ਕੀਤਾ ਗਿਆ ਹੈ ਤਾਂ ਜੋ ਇਹਨਾਂ ਨਗਰ ਨਿਗਮ ਦੇ ਮਾਲੀਆ ਅਧਿਕਾਰ ਖੇਤਰਾਂ ਵਿੱਚ ਸਥਿਤ ਦੁਕਾਨਾਂ, ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਦੇ ਕਰਮਚਾਰੀਆਂ ਆਪਣੀ ਵੋਟ ਪਾ ਸਕਣ।

ਇਹ ਵੀ ਦੱਸਿਆ ਜਾਂਦਾ ਹੈ ਕਿ 21 ਦਸੰਬਰ, 2024 (ਸ਼ਨੀਵਾਰ) ਨੂੰ ਜਿਹਨਾਂ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਦੇ ਮਾਲੀਆ ਅਧਿਕਾਰ ਖੇਤਰ ਵਿੱਚ "ਡਰਾਈ ਡੇ" ਵਜੋਂ ਘੋਸ਼ਿਤ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੇ ਉਹ ਸਾਰੀਆਂ ਸਾਲਾਨਾ ਅਤੇ ਸਮੈਸਟਰ ਪ੍ਰੀਖਿਆਵਾਂ ਜੋ 21 ਦਸੰਬਰ, 2024 ਨੂੰ ਹੋਣੀਆਂ ਸਨ, ਨੂੰ ਕਿਸੇ ਹੋਰ ਮਿਤੀ ਤੱਕ ਮੁਲਤਵੀ ਕਰ ਦਿੱਤਾ ਹੈ । ਜਿਹੜੇ ਵਿਦਿਆਰਥੀ ਇਨ੍ਹਾਂ ਮਿਤੀਆਂ 'ਤੇ ਵੱਖ-ਵੱਖ ਪ੍ਰੀਖਿਆਵਾਂ ਵਿਚ ਸ਼ਾਮਲ ਹੋਣੇ ਸਨ, ਉਹ ਨਵੀਆਂ ਤਰੀਕਾਂ ਦੇ ਵੇਰਵਿਆਂ ਲਈ ਸਬੰਧਤ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਦੇਖ ਸਕਦੇ ਹਨ।

ਜ਼ਿਕਰਯੋਗ ਹੈ ਕਿ ਕਮਿਸ਼ਨ ਨੇ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਉਣਾ ਯਕੀਨੀ ਬਣਾਉਣ ਲਈ ਸਾਰੇ ਢੁਕਵੇਂ ਉਪਾਅ ਕੀਤੇ ਹਨ ਅਤੇ ਉਨ੍ਹਾਂ ਸਾਰੇ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਹੈ, ਜਿਨ੍ਹਾਂ ਦੇ ਨਾਂ ਵੋਟਰ ਸੂਚੀਆਂ ਵਿੱਚ ਦਰਜ ਹਨ ਤਾਂ ਜੋ  ਉਹ ਆਪਣੀ ਵੋਟ ਦੀ ਸਹੀ ਵਰਤੋਂ ਕਰ ਸਕਣ।

(For more news apart from  General and by-elections 5 Municipal Corporations and 41 Municipal Councils will be held on December 21, 2024 News in Punjabi, stay tuned to Rozana Spokesman)