ਅਮਰੀਕਾ ਵਲੋਂ ਭਾਰਤੀਆਂ ਨੂੰ ਕੱਢੇ ਜਾਣ ਦਾ ਮਾਮਲਾ, ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਹੁਣ ਤਕ 15 ਮਾਮਲੇ ਕੀਤੇ ਦਰਜ
ਸੰਗਰੂਰ ਪੁਲਿਸ ਨੇ ਦੋ ਹੋਰ ਟਰੈਵਲ ਏਜੰਟਾਂ ਨੂੰ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ (ਭੁੱਲਰ): ਭੋਲੇ-ਭਾਲੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਧੋਖੇਬਾਜ਼ ਇਮੀਗ੍ਰੇਸ਼ਨ ਏਜੰਟਾਂ ’ਤੇ ਅਪਣੀ ਕਾਰਵਾਈ ਜਾਰੀ ਰਖਦੇ ਹੋਏ ਏ.ਡੀ.ਜੀ.ਪੀ. ਐਨ.ਆਰ.ਆਈ. ਮਾਮਲੇ ਪ੍ਰਵੀਨ ਸਿਨਹਾ ਦੀ ਅਗਵਾਈ ਵਾਲੀ, ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਟਰੈਵਲ ਏਜੰਟਾਂ ਵਿਰੁਧ ਪੰਜ ਨਵੀਆਂ ਐਫ਼.ਆਈ.ਆਰਜ਼ ਦਰਜ ਕੀਤੀਆਂ ਹਨ ਅਤੇ ਦੋ ਹੋਰ ਧੋਖੇਬਾਜ਼ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਕਾਰਵਾਈ ਸਦਕਾ ਹੁਣ ਤਕ ਕੁਲ ਐਫ਼.ਆਈ.ਆਰਜ਼. ਦੀ ਗਿਣਤੀ 15 ਹੋ ਗਈ ਹੈ, ਜਦੋਂ ਕਿ ਗ੍ਰਿਫ਼ਤਾਰੀਆਂ ਦੀ ਗਿਣਤੀ ਤਿੰਨ ਹੋ ਗਈ ਹੈ। ਇਹ ਐਫ਼.ਆਈ.ਆਰਜ਼. ਉਨ੍ਹਾਂ ਏਜੰਟਾਂ ਵਿਰੁਧ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਕਥਿਤ ਤੌਰ ’ਤੇ ਪੀੜਤਾਂ ਨੂੰ ਅਮਰੀਕਾ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੇ ਝੂਠੇ ਵਾਅਦੇ ਕਰ ਕੇ ਧੋਖਾ ਦਿਤਾ ਸੀ ਜਿਸ ਦੇ ਨਤੀਜੇ ਵਜੋਂ ਉਨ੍ਹਾਂ (ਪੀੜਤਾਂ) ਦੀ ਵਤਨ ਵਾਪਸੀ ਹੋਈ ਹੈ।
ਤਾਜ਼ਾ ਐਫ਼.ਆਈ.ਆਰ. 17 ਅਤੇ 18 ਫ਼ਰਵਰੀ, 2025 ਨੂੰ ਤਰਨਤਾਰਨ, ਐਸ.ਏ.ਐਸ. ਨਗਰ, ਮੋਗਾ ਅਤੇ ਸੰਗਰੂਰ ਜ਼ਿਲ੍ਹਿਆਂ ਵਿਚ ਦਰਜ ਕੀਤੀਆਂ ਗਈਆਂ। ਅਣ-ਅਧਿਕਾਰਤ ਨੈੱਟਵਰਕਾਂ ਰਾਹੀਂ ਕੰਮ ਕਰਨ ਵਾਲੇ ਦੋਸ਼ੀ ਏਜੰਟ, ਪੀੜਤਾਂ ਤੋਂ ਸੁਰੱਖਿਅਤ ਅਤੇ ਕਾਨੂੰਨੀ ਇਮੀਗ੍ਰੇਸ਼ਨ ਰੂਟਾਂ ਦਾ ਵਾਅਦਾ ਕਰ ਕੇ ਮੋਟੀਆਂ ਰਕਮਾਂ ਵਸੂਲਦੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਗ਼ੈਰ-ਮਨੁੱਖੀ ਸਥਿਤੀਆਂ, ਨਜ਼ਰਬੰਦੀ ਅਤੇ ਅੰਤ ਵਿਚ ਵਤਨ ਵਾਪਸੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੋ ਟਰੈਵਲ ਏਜੰਟਾਂ ਨੂੰ ਸੰਗਰੂਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਕੁੱਝ ਦਿਨ ਪਹਿਲਾਂ ਪੁਲਿਸ ਥਾਣਾ ਐਨਆਰਆਈ ਪਟਿਆਲਾ ਦੁਆਰਾ ਕੀਤੀ ਗਈ ਗ੍ਰਿਫ਼ਤਾਰੀ ਤੋਂ ਕੱੁਝ ਦਿਨ ਬਾਅਦ ਹੋਈ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੁਹਰਾਇਆ ਕਿ ਪੰਜਾਬ ਪੁਲਿਸ ਇਨ੍ਹਾਂ ਧੋਖੇਬਾਜ਼ ਇਮੀਗ੍ਰੇਸ਼ਨ ਸਿੰਡੀਕੇਟਾਂ ਨੂੰ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਪੀੜਤਾਂ ਨੂੰ ਬਿਨਾਂ ਕਿਸੇ ਡਰ ਦੇ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਦੋਸ਼ੀਆਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਦਾ ਭਰੋਸਾ ਦਿਤਾ।