PGI Chandigarh ਵਿੱਚ 1.14 ਕਰੋੜ ਦਾ ਗ੍ਰਾਂਟ ਘੁਟਾਲਾ: ਸੀਬੀਆਈ ਵੱਲੋਂ 6 ਮੁਲਾਜ਼ਮਾਂ ਸਮੇਤ 8 ਖ਼ਿਲਾਫ਼ ਐਫ.ਆਈ.ਆਰ. ਦਰਜ
ਗਰੀਬ ਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਆਈ ਸਰਕਾਰੀ ਗ੍ਰਾਂਟ ’ਚ ਹੋਇਆ ਘੁਟਾਲਾ
ਚੰਡੀਗੜ੍ਹ: ਦੇਸ਼ ਦੇ ਪ੍ਰਮੁੱਖ ਸਿਹਤ ਸੰਸਥਾਨ ਪੀਜੀਆਈ (PGI) ਵਿੱਚ ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਆਉਣ ਵਾਲੀ ਸਰਕਾਰੀ ਗ੍ਰਾਂਟ ਵਿੱਚ 1.14 ਕਰੋੜ ਰੁਪਏ ਦਾ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਕੇਂਦਰੀ ਜਾਂਚ ਬਿਊਰੋ (CBI) ਨੇ ਇਸ ਮਾਮਲੇ ਵਿੱਚ ਪੀਜੀਆਈ ਦੇ ਛੇ ਮੁਲਾਜ਼ਮਾਂ ਅਤੇ ਦੋ ਨਿੱਜੀ ਵਿਅਕਤੀਆਂ ਸਮੇਤ ਅੱਠ ਲੋਕਾਂ ਖ਼ਿਲਾਫ਼ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਸੀਬੀਆਈ ਦੀ ਜਾਂਚ ਮੁਤਾਬਕ ਇਸ ਘੁਟਾਲੇ ਦਾ ਮੁੱਖ ਕੇਂਦਰ ਪੀਜੀਆਈ ਦੀ ਗੋਲ ਮਾਰਕੀਟ ਵਿੱਚ ਸਥਿਤ ਇੱਕ ਫੋਟੋਕਾਪੀ ਦੀ ਦੁਕਾਨ ਸੀ। ਦੁਕਾਨ ਦੇ ਮਾਲਕ ਦੁਰਲਭ ਕੁਮਾਰ ਅਤੇ ਉਸ ਦੇ ਸਾਥੀ ਸਾਹਿਲ ਸੂਦ ਦੇ ਪੀਜੀਆਈ ਦੇ 'ਪ੍ਰਾਈਵੇਟ ਗ੍ਰਾਂਟ ਸੈੱਲ' ਦੇ ਅਧਿਕਾਰੀਆਂ ਨਾਲ ਨਜ਼ਦੀਕੀ ਸਬੰਧ ਸਨ। ਇਹ ਲੋਕ ਫਰਜ਼ੀ ਬੈਂਕ ਖਾਤਿਆਂ ਰਾਹੀਂ ਮਰੀਜ਼ਾਂ ਦੀ ਗ੍ਰਾਂਟ ਦਾ ਪੈਸਾ ਹੜੱਪ ਲੈਂਦੇ ਸਨ ਅਤੇ ਮਰੀਜ਼ਾਂ ਨੂੰ ਮਿਲਣ ਵਾਲੀਆਂ ਦਵਾਈਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਬਾਜ਼ਾਰ ਵਿੱਚ ਵੇਚ ਦਿੰਦੇ ਸਨ।
ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ ਸੀਬੀਆਈ ਵੱਲੋਂ ਨਾਮਜ਼ਦ ਕੀਤੇ ਗਏ ਮੁਲਾਜ਼ਮਾਂ ਵਿੱਚ ਸ਼ਾਮਲ ਹਨ: ਧਰਮਚੰਦ ਰਿਟਾਇਰਡ ਜੂਨੀਅਰ ਐਡਮਿਨਿਸਟ੍ਰੇਟਿਵ ਅਸਿਸਟੈਂਟ, ਸੁਨੀਲ ਕੁਮਾਰ ਮੈਡੀਕਲ ਰਿਕਾਰਡ ਕਲਰਕ, ਪ੍ਰਦੀਪ ਸਿੰਘ ਲੋਅਰ ਡਿਵੀਜ਼ਨ ਕਲਰਕ, ਗਗਨਪ੍ਰੀਤ ਸਿੰਘ ਪ੍ਰਾਈਵੇਟ ਗ੍ਰਾਂਟ ਸੈੱਲ ਮੁਲਾਜ਼ਮ, ਚੇਤਨ ਗੁਪਤਾ ਕਲਰਕ, ਨੇਹਾ ਹਸਪਤਾਲ ਅਟੈਂਡੈਂਟ ਤੋਂ ਇਲਾਵਾ ਐਚ.ਐਲ.ਐਲ. ਲਾਈਫ ਕੇਅਰ ਅਤੇ ਕੁਮਾਰ ਮੈਡੀਕੋਜ਼ ਵਰਗੀਆਂ ਕਈ ਦਵਾਈਆਂ ਦੀਆਂ ਕੰਪਨੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇੰਝ ਹੁੰਦਾ ਸੀ ਘੁਟਾਲਾ : ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਾਜ਼ਮ ਆਪਸੀ ਮਿਲੀਭੁਗਤ ਨਾਲ ਫਰਜ਼ੀ ਕਲੇਮ ਫਾਈਲਾਂ ਤਿਆਰ ਕਰਦੇ ਸਨ। ਗ੍ਰਾਂਟ ਦੀ ਰਕਮ ਮਰੀਜ਼ਾਂ ਦੇ ਖਾਤੇ ਵਿੱਚ ਜਾਣ ਦੀ ਬਜਾਏ ਦੁਰਲਭ ਕੁਮਾਰ, ਸਾਹਿਲ ਸੂਦ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਸੀ।
ਘੁਟਾਲੇ ਦਾ ਪਰਦਾਫਾਸ਼ ਕਿਵੇਂ ਹੋਇਆ? : ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਮਰੀਜ਼ ਕਮਲੇਸ਼ ਦੇਵੀ ਦੇ ਪਰਿਵਾਰਕ ਮੈਂਬਰ 2.5 ਲੱਖ ਰੁਪਏ ਦੀ ਗ੍ਰਾਂਟ ਲੈਣ ਪਹੁੰਚੇ। ਉੱਥੇ ਪਤਾ ਲੱਗਿਆ ਕਿ ਉਨ੍ਹਾਂ ਦੀ ਫਾਈਲ ਗਾਇਬ ਕਰ ਦਿੱਤੀ ਗਈ ਸੀ ਅਤੇ ਰਿਕਾਰਡ ਡਿਲੀਟ ਕਰ ਦਿੱਤਾ ਗਿਆ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਲਗਭਗ 22 ਲੱਖ ਰੁਪਏ ਦੀ ਰਕਮ ਨਿਵਾਸ ਯਾਦਵ ਨਾਮ ਦੇ ਇੱਕ ਅਣਪਛਾਤੇ ਵਿਅਕਤੀ ਦੇ ਖਾਤੇ ਵਿੱਚ ਭੇਜੀ ਗਈ ਸੀ। ਇੱਕ ਹੋਰ ਮਾਮਲੇ ਵਿੱਚ, ਮਰੀਜ਼ ਅਰਵਿੰਦ ਕੁਮਾਰ ਦੀ 90 ਹਜ਼ਾਰ ਰੁਪਏ ਦੀ ਰਾਸ਼ੀ ਸਿੱਧੀ ਪੀਜੀਆਈ ਮੁਲਾਜ਼ਮ ਨੇਹਾ ਦੇ ਖਾਤੇ ਵਿੱਚ ਟ੍ਰਾਂਸਫਰ ਹੋਈ ਸੀ।
ਪੀਜੀਆਈ ਦੇ ਮੁੱਖ ਸਤਕਰਤਾ ਅਧਿਕਾਰੀ (CVO) ਦੀ ਸ਼ਿਕਾਇਤ 'ਤੇ ਸੀਬੀਆਈ ਨੇ ਮਾਮਲਾ ਦਰਜ ਕਰ ਲਿਆ ਹੈ। ਪੀਜੀਆਈ ਪ੍ਰਸ਼ਾਸਨ ਨੇ ਵੀ ਡਾ. ਅਰੁਣ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਇੱਕ ਅੰਦਰੂਨੀ ਜਾਂਚ ਕਮੇਟੀ ਬਣਾਈ ਹੈ। ਸੀਬੀਆਈ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਸ ਖੇਡ ਵਿੱਚ ਹੋਰ ਵੀ ਵੱਡੇ ਅਧਿਕਾਰੀ ਸ਼ਾਮਲ ਹਨ।