Derabassi News : ਆਰਟੀਏ ਵਿਭਾਗ ਵੱਲੋਂ ਜਾਰੀ ਚਲਾਨ ਦੀ ਰਸੀਦ ਜਿਸ ’ਚੋਂ ਪੰਜਾਬੀ ਭਾਸ਼ਾ ਹੋਈ ਗਾਇਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Derabassi News : ਕੰਪਿਊਟਰਾਈਜ਼ਰ ਰਸੀਦ ’ਚ ਸਿਰਫ਼ ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਦੀ ਕੀਤੀ ਗਈ ਵਰਤੋਂ

ਚਲਾਨ ਦੀ ਰਸੀਦ

Derabassi News : ਟਰਾਂਸਪੋਰਟ ਵਿਭਾਗ ਪੰਜਾਬ ਦੀ ਇਨਫੋਰਸਮੈਂਟ ਸ਼ਾਖਾ ਵੱਲੋਂ ਚਲਾਨ ਦੇ ਭੁਗਤਾਨ ਦੀ ਈ- ਚਲਾਨ ਕੰਪਾਉਂਡਿੰਗ ਫ਼ੀਸ ਜਮ੍ਹਾਂ ਰਸੀਦ ’ਚ ਪੰਜਾਬੀ ਭਾਸ਼ਾ ਦੇ ਗਾਇਬ ਹੋਣ ਨੇ ਸਥਾਨਕ ਪੁਲਿਸ ਨੂੰ ਹੈਰਾਨ ਕਰ ਦਿੱਤਾ। ਜਾਅਲੀ ਲੱਗਣ ਕਾਰਨ ਢਾਈ ਘੰਟੇ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਇਸ ਨੂੰ ਮਨਜ਼ੂਰ ਕੀਤਾ ਗਿਆ।

ਦਰਅਸਲ ਇਸ ਰਸੀਦ ’ਤੇ ਹਿੰਦੀ ਤੇ ਅੰਗਰੇਜ਼ੀ ਸੀ ਪਰ ਪੰਜਾਬੀ ਗ਼ਾਇਬ ਸੀ। ਪੰਜਾਬ ’ਚ ਪੰਜਾਬੀ ਦੇ ਗ਼ਾਇਬ ਹੋਣ ਨੂੰ ਲੈ ਕੇ ਕਈ ਸਵਾਲ ਉਠ ਰਹੇ ਹਨ। ਇਸ ਮੌਕੇ ਟਰਾਂਸਪੋਰਟਰ ਪਵਨ ਧੀਮਾਨ ਨੇ ਪੰਜਾਬੀ ਨੂੰ ਨਜ਼ਰਅੰਦਾਜ਼ ਕਰਨ ਦੀ ਸ਼ਿਕਾਇਤ ਕਰਦਿਆਂ ਮਾਂ-ਬੋਲੀ ਪੰਜਾਬੀ ਦਾ ਮਾਣ ਬਹਾਲ ਕਰਨ ਦੀ ਮੰਗ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 16 ਅਕਤੂਬਰ ਨੂੰ ਮੁਹਾਲੀ ਦੇ ਆਰਟੀਏ ਵੱਲੋਂ ਡੇਰਾਬੱਸੀ ’ਚ ਆਟੋ ਦਾ ਚਲਾਨ ਕਰਨ ਤੋਂ ਬਾਅਦ ਇਸ ਨੂੰ ਜ਼ਬਤ ਕਰ ਕੇ ਡੇਰਾਬੱਸੀ ਥਾਣੇ ’ਚ ਬੰਦ ਕਰ ਦਿੱਤਾ ਗਿਆ ਸੀ। ਵਾਹਨ ਮਾਲਕ ਨੇ ਸ਼ੁੱਕਰਵਾਰ ਨੂੰ ਮੁਹਾਲੀ ਦੇ ਆਰਟੀਏ ਦਫ਼ਤਰ ’ਚ 6 ਹਜ਼ਾਰ ਰੁਪਏ ਦੇ ਇਸ ਚਲਾਨ ਦਾ ਭੁਗਤਾਨ ਕਰਨ ਤੋਂ ਬਾਅਦ ਜਦੋਂ ਗੱਡੀ ਦਾ ਮਾਲਕ ਇਹ ਰਸੀਦ ਲੈ ਕੇ ਡੇਰਾਬੱਸੀ ਪੁਲਿਸ ਸਟੇਸ਼ਨ ਗਿਆ ਤਾਂ ਪੁਲਿਸ ਨੂੰ ਇਹ ਰਸੀਦ ਜਾਅਲੀ ਹੋਣ ਦਾ ਸ਼ੱਕ ਹੋਇਆ। ਕਾਰਨ ਇਹ ਸੀ ਕਿ ਇਸ ਕੰਪਿਊਟਰਾਈਜ਼ਰ ਰਸੀਦ ’ਚ ਸਿਰਫ਼ ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਸੀ ਜਦਕਿ ਸਰਕਾਰੀ ਭਾਸ਼ਾ ਪੰਜਾਬੀ ਪੂਰੀ ਤਰ੍ਹਾਂ ਗ਼ਾਇਬ ਸੀ। ਇਸ ਨੂੰ ਦੇਖ ਕੇ ਆਟੋ ਮਾਲਕ ਹਰੀਸ਼ ਕੁਮਾਰ ਡਰ ਗਿਆ। ਉਸ ਨੇ ਆਪਣੇ ਦੋਸਤ ਪਵਨ ਪੰਮਾ ਨੂੰ ਇਸ ਬਾਰੇ ਦੱਸਿਆ ਕਿ ਉਸ ਨਾਲ ਠੱਗੀ ਹੋ ਗਈ ਹੈ। ਪੁਲਿਸ ਵੱਲੋਂ ਵੈਰੀਫਿਕੇਸ਼ਨ ਕਰਵਾਉਣ ਤੋਂ ਬਾਅਦ ਢਾਈ ਘੰਟੇ ਬਾਅਦ ਆਟੋ ਦੀ ਸਪੁਰਦਗੀ ਦਿੱਤੀ ਗਈ।

ਪੰਜਾਬ ਸਰਕਾਰ ਦੇ ਦਫ਼ਤਰਾਂ ’ਚ ਪੰਜਾਬੀ ਭਾਸ਼ਾ ਨੂੰ ਬਣਾਇਆ ਜਾਵੇ ਯਕੀਨੀ :ਪੰਮਾ ਇਸ ਬਾਰੇ ਪਵਨ ਪੰਮਾ ਨੇ ਕਿਹਾ ਕਿ ਸ਼ਾਇਦ ਹਿੰਦੀ ਤੇ ਅੰਗਰੇਜ਼ੀ ਸਾਫਟਵੇਅਰਾਂ ਦੀ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ ਪਰ ਭਵਿੱਖ ਲਈ ਇਹ ਮਾਮਲਾ ਪੰਜਾਬੀਆਂ ਲਈ ਡੂੰਘੀ ਸੋਚ ਦਾ ਵਿਸ਼ਾ ਹੈ। ਸੀਐੱਮ ਵਿੰਡੋ ’ਤੇ ਈ-ਮੇਲ ਕਰਦਿਆਂ ਪੰਮਾ ਨੇ ਕਿਹਾ ਹੈ ਕਿ ਪੰਜਾਬ ’ਚ ਮਾਂ-ਬੋਲੀ ਪੰਜਾਬੀ ਨੂੰ ਨਜ਼ਰਅੰਦਾਜ ਕਰਨਾ ਗ਼ਲਤ ਹੈ। ਇਕ ਪਾਸੇ ਤਾਂ ਸਰਕਾਰ ਨੇ ਸਾਰੇ ਅਦਾਰਿਆਂ ਤੇ ਪਲੇਟਫਾਰਮਾਂ ’ਤੇ ਹਿੰਦੀ ਅਤੇ ਅੰਗਰੇਜ਼ੀ ਤੋਂ ਪਹਿਲਾਂ ਪੰਜਾਬੀ ਲਿਖਣ ਦੇ ਨਿਰਦੇਸ਼ ਦਿੱਤੇ ਸਨ ਪਰ ਦੂਜੇ ਪਾਸੇ ਉਹ ਖ਼ੁਦ ਇਸ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਹਿੰਦੀ ਤੇ ਅੰਗਰੇਜ਼ੀ ਤੋਂ ਪਹਿਲਾਂ ਪੰਜਾਬੀ ਨੂੰ ਸਰਕਾਰੀ ਭਾਸ਼ਾ ਲਾਜ਼ਮੀ ਬਣਾਇਆ ਜਾਵੇ ਅਤੇ ਇਸ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ।

ਖੇਤਰੀ ਭਾਸ਼ਾਵਾਂ ’ਚ ਵੀ ਹੋਵੇ ਚਾਲਾਨ : ਆਰਟੀਏ ਜਦੋਂ ਇਸ ਬਾਰੇ ਆਰਟੀਏ ਪ੍ਰਦੀਪ ਢਿੱਲੋਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਐਪ ਹੈ, ਜਿਸ ਰਾਹੀਂ ਚਲਾਨ ਦਾ ਭੁਗਤਾਨ ਕੀਤਾ ਜਾਂਦਾ ਹੈ। ਇਹ ਸਿਰਫ਼ ਹਿੰਦੀ ਅਤੇ ਅੰਗਰੇਜ਼ੀ ’ਚ ਹੁੰਦਾ ਹੈ ਪਰ ਉਨ੍ਹਾਂ ਕੇਂਦਰ ਸਰਕਾਰ ਨੂੰ ਸ਼ਿਕਾਇਤ ਕਰਦਿਆਂ ਮੰਗ ਕੀਤੀ ਹੈ ਕਿ ਇਹ ਖੇਤਰੀ ਭਾਸ਼ਾਵਾਂ ’ਚ ਵੀ ਕੀਤਾ ਜਾਵੇ ਤਾਂ ਜੋ ਸੂਬਿਆ ’ਚ ਇਸ ਨੂੰ ਸਹੀ ਢੰਗ ਨਾਲ ਪੜ੍ਹਿਆ ਜਾ ਸਕੇ।

ਨਵੇਂ ਸਾਫਟਵੇਅਰ ਨਾਲ ਆਨਲਾਈਨ ਜਮ੍ਹਾਂ ਹੋਈ ਰਸੀਦ : ਥਾਣਾ ਮੁਨਸ਼ੀ ਇਸ ਸਬੰਧੀ ਜਦੋਂ ਥਾਣਾ ਮੁਨਸ਼ੀ ਰਾਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਰਸੀਦ ’ਚ ਪੰਜਾਬੀ ਭਾਸ਼ਾ ਨਾ ਹੋਣ ਤੋਂ ਇਲਾਵਾ ਉੱਪਰ ਖੱਬੇ ਪਾਸੇ ਜਲੰਧਰ ਲਿਖਿਆ ਹੋਇਆ ਸੀ। ਮੋਹਰ ਵੀ ਹਿੰਦੀ ’ਚ ਸੀ। ਅਜਿਹੀ ਰਸੀਦ ਉਨ੍ਹਾਂ ਕੋਲ ਪਹਿਲਾਂ ਕਦੇ ਨਹੀਂ ਆਈ। ਬਾਅਦ ’ਚ ਜਦੋਂ ਉਨ੍ਹਾਂ ਨੇ ਵਿਭਾਗੀ ਪੱਧਰ ’ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਨਵੇਂ ਸਾਫਟਵੇਅਰ ਰਾਹੀਂ ਵਿਭਾਗ ਵੱਲੋਂ ਹੀ ਆਨਲਾਈਨ ਜਮ੍ਹਾਂ ਰਸੀਦ ਜਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਆਟੋ ਨੂੰ ਛੱਡ ਦਿੱਤਾ ਗਿਆ।

(For more news apart from The receipt of challan issued by the RTA department, from which the Punjabi language is missing News in Punjabi, stay tuned to Rozana Spokesman)