Chandigarh : ਆਰਮੀ ਦੇ ਟਰੱਕ ਦੀ ਚਪੇਟ 'ਚ ਆਉਣ ਕਾਰਨ ਬਿਜਲੀ ਮਹਿਕਮੇ ਦੇ ਸਬ ਸਟੇਸ਼ਨ ਅਟੈਂਡੈਂਟ ਦੀ ਮੌਤ, ਦਸੰਬਰ 'ਚ ਸੀ ਰਿਟਾਇਰਮੈਂਟ
ਐਕਟਿਵਾ ਸਵਾਰ ਖਰੜ ਨਿਵਾਸੀ ਰਣਜੀਤ ਸਿੰਘ ਕਿਸੇ ਕੰਮ ਜਾ ਰਹੇ ਸਨ
Chandigarh Road Accident : ਚੰਡੀਗੜ੍ਹ ਦੇ ਸੈਕਟਰ -18/19/20/21 ਦੇ ਚੌਂਕ 'ਤੇ ਅੱਜ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਬਿਜਲੀ ਮਹਿਕਮੇ ਦੇ ਸਬ ਸਟੇਸ਼ਨ ਅਟੈਂਡੈਂਟ (SSA) ਦੀ ਮੌਤ ਹੋ ਗਈ ਹੈ। ਦਰਅਸਲ 'ਚ ਫੌਜ ਦੇ ਟਰੱਕ ਨੇ ਇੱਕ ਐਕਟਿਵਾ ਸਵਾਰ ਨੂੰ ਕੁਚਲ ਦਿੱਤਾ ਹੈ। ਜਿਸ ਤੋਂ ਬਾਅਦ ਐਕਟਿਵਾ ਸਵਾਰ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ , ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਐਕਟਿਵਾ ਸਵਾਰ ਖਰੜ ਨਿਵਾਸੀ ਰਣਜੀਤ ਸਿੰਘ ਕਿਸੇ ਕੰਮ ਜਾ ਰਹੇ ਸਨ। ਇਸੇ ਦੌਰਾਨ ਇੱਕ ਆਰਮੀ ਦਾ ਟਰੱਕ ਜਿਹੜਾ ਕਿ ਸੈਕਟਰ -17 ਦੇ ਪੋਸਟ ਆਫਿਸ ਤੋਂ ਚੱਲ ਕੇ N ਏਰੀਆ ਬਲਟਾਣਾ ਜਾ ਰਿਹਾ ਸੀ। ਇਸ ਚੌਂਕ 'ਤੇ ਅਚਾਨਕ ਹੀ ਟਰੱਕ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ ਤੇ ਐਕਟਿਵਾ ਟਰੱਕ ਦੇ ਹੇਠਾਂ ਘੁੱਸ ਗਈ ,ਜਿਸ ਕਰਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਤੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਗੰਭੀਰ ਰੂਪ 'ਚ ਜ਼ਖਮੀ ਹੋਏ ਐਕਟਿਵਾ ਸਵਾਰ ਰਣਜੀਤ ਸਿੰਘ ਨੂੰ ਬਿਨਾਂ ਦੇਰੀ ਕੀਤੇ ਹੋਏ ਸੈਕਟਰ -16 ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਾਇਆ ,ਜਿੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਰਣਜੀਤ ਸਿੰਘ ਦੀ ਦਿਸੰਬਰ 'ਚ ਰਿਟਾਇਰਮੈਂਟ ਸੀ ਤੇ ਉਹਨਾਂ ਦੀ ਡਿਊਟੀ ਸੈਕਟਰ- 56 'ਚ ਸੀ। ਸੈਕਟਰ -19 ਥਾਣਾ ਪੁਲਿਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਡਰਾਈਵਰ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਵੱਲੋਂ ਅੱਗੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।