ਚੰਡੀਗੜ੍ਹ ਸਥਿਤ GMCH-32 ਦੇ ਨਵੇਂ ਬਣੇ ਐਡਵਾਂਸਡ ਟਰਾਮਾ ਸੈਂਟਰ ’ਚ ਹਾਦਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਉਦਘਾਟਨ ਦੇ ਸਿਰਫ਼ ਚਾਰ ਮਹੀਨਿਆਂ ਬਾਅਦ ਹੀ ਡਿੱਗੀ ‘ਫਾਲਸ ਸੀਲਿੰਗ’

Accident at the newly built Advanced Trauma Center of GMCH-32 in Chandigarh

ਚੰਡੀਗੜ੍ਹ: ਖੇਤਰ ਦੇ ਸਭ ਤੋਂ ਵੱਡੇ ਅਤੇ ਅਤਿ-ਆਧੁਨਿਕ ਦੱਸੇ ਜਾਣ ਵਾਲੇ ਸੈਕਟਰ-32 ਸਥਿਤ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪਤਾਲ (GMCH) ਦੇ ਐਡਵਾਂਸ ਟਰਾਮਾ ਸੈਂਟਰ ਵਿੱਚ ਅੱਜ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਉਦਘਾਟਨ ਦੇ ਮਹਿਜ਼ ਚਾਰ ਮਹੀਨਿਆਂ ਬਾਅਦ ਹੀ ਇਸ ਸੈਂਟਰ ਦੀ ਸੀਲਿੰਗ (ਛੱਤ) ਅਚਾਨਕ ਹੇਠਾਂ ਡਿੱਗ ਗਈ, ਜਿਸ ਕਾਰਨ ਹਸਪਤਾਲ ਵਿੱਚ ਹੜਕੰਪ ਮਚ ਗਿਆ।

ਸ਼ੁੱਕਰਵਾਰ ਨੂੰ ਜਦੋਂ ਟਰਾਮਾ ਸੈਂਟਰ ਵਿੱਚ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ, ਤਾਂ ਅਚਾਨਕ ਸੀਲਿੰਗ ਦਾ ਇੱਕ ਹਿੱਸਾ ਹੇਠਾਂ ਆ ਡਿੱਗਿਆ। ਤੇਜ ਮੀਂਹ ਅਤੇ ਹਵਾਵਾਂ ਦੇ ਚੱਲਦੇ ਇਹ ਘਟਨਾ ਵਾਪਰੀ। ਖ਼ੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਕੋਈ ਮਰੀਜ਼ ਜਾਂ ਸਿਹਤ ਕਰਮਚਾਰੀ ਉਸ ਦੇ ਹੇਠਾਂ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਸ ਘਟਨਾ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਇਮਾਰਤ ਦੀ ਗੁਣਵੱਤਾ 'ਤੇ ਵੱਡੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।

ਚਾਰ ਮਹੀਨਿਆਂ ਵਿੱਚ ਹੀ ਖੁੱਲ੍ਹ ਗਈ ਪੋਲ

ਜ਼ਿਕਰਯੋਗ ਹੈ ਕਿ ਇਸ ਟਰਾਮਾ ਸੈਂਟਰ ਦਾ ਉਦਘਾਟਨ 8 ਅਗਸਤ 2025 ਨੂੰ ਪੰਜਾਬ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਬੜੀ ਧੂਮ-ਧਾਮ ਨਾਲ ਕੀਤਾ ਗਿਆ ਸੀ।

ਲਾਗਤ: 52.77 ਕਰੋੜ ਰੁਪਏ।

ਦੇਰੀ: ਇਹ ਪ੍ਰੋਜੈਕਟ ਆਪਣੇ ਨਿਰਧਾਰਿਤ ਸਮੇਂ ਤੋਂ 8 ਮਹੀਨੇ ਦੇਰੀ ਨਾਲ ਸ਼ੁਰੂ ਹੋਇਆ ਸੀ।

ਦਾਅਵਾ: ਪ੍ਰਸ਼ਾਸਨ ਨੇ ਇਸ ਨੂੰ 283 ਬੈੱਡਾਂ ਅਤੇ 40 ਵੈਂਟੀਲੇਟਰਾਂ ਵਾਲੀ ਰੀਜਨ ਦੀ ਸਭ ਤੋਂ ਵੱਡੀ ਸਿਹਤ ਸਹੂਲਤ ਦੱਸਿਆ ਸੀ।