ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਹਵਾ:ਮੌਸਮ ਵਿਭਾਗ
ਤੇਜ਼ ਹਵਾਵਾਂ ਕਾਰਨ ਕਈ ਥਾਵਾਂ ਉੱਤੇ ਦਰਖਤ ਡਿੱਗੇ
ਚੰਡੀਗੜ੍ਹ: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਦੇਰ ਰਾਤ ਤੋਂ ਮੀਂਹ ਪੈ ਰਿਹਾ ਅਤੇ ਕਈ ਥਾਵਾਂ ’ਤੇ 40 ਕਿਲੋ ਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾ ਚੱਲ ਰਹੀ ਹੈ। ਪੰਜਾਬ ਦੇ ਪਾਕਿਸਤਾਨ ਤੇ ਰਾਜਸਥਾਨ ਨਾਲ ਲੱਗਦੇ ਕੁੱਝ ਇਲਕੇ ਮੀਂਹ ਤੋਂ ਸੁੱਕੇ ਹਨ, ਜਦੋਂ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਤੇ ਹੋਰ ਜ਼ਿਲ੍ਹਿਆਂ ਵਿਚ ਦਰਮਿਆਨੇ ਮੀਂਹ ਤੇ ਤੇਜ਼ ਹਵਾ ਦੀ ਚਿਤਾਵਨੀ ਦਿੱਤੀ ਗਈ ਹੈ।
ਅੱਜ (23 ਜਨਵਰੀ) ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਵਿੱਚ ਮੀਂਹ ਦੌਰਾਨ ਮਨੀਮਾਜਰਾ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ। ਜਿਸ ਕਾਰਨ ਘਰ ਵਿੱਚ ਮੌਜੂਦ 3 ਬੱਚੇ ਦੱਬ ਗਏ। ਤਿੰਨਾਂ ਨੂੰ ਤੁਰੰਤ ਮਲਬੇ ਵਿੱਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ। ਜਿੱਥੇ 2 ਬੱਚਿਆਂ ਦੀ ਹਾਲਤ ਸਥਿਰ ਹੈ ਜਦੋਂ ਕਿ ਇੱਕ ਦੀ ਹਾਲਤ ਗੰਭੀਰ ਹੈ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਰ ਬਹੁਤ ਪੁਰਾਣਾ ਸੀ। ਮੀਂਹ ਕਾਰਨ ਇਸਦੀ ਹਾਲਤ ਕਮਜ਼ੋਰ ਹੋ ਗਈ ਅਤੇ ਛੱਤ ਡਿੱਗ ਗਈ। ਚੰਡੀਗੜ੍ਹ ਦੇ ਸੈਕਟਰ 32 ਵਿੱਚ ਸਥਿਤ ਸਰਕਾਰੀ ਹਸਪਤਾਲ ਦੀ ਛੱਤ ਦੀ ਫਾਲਸ ਸੀਲਿੰਗ ਅਚਾਨਕ ਡਿੱਗ ਗਈ। ਇਹ ਸਿਰਫ਼ 6 ਮਹੀਨੇ ਪਹਿਲਾਂ ਹੀ ਬਣਾਈ ਗਈ ਸੀ। ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।