ਚੰਡੀਗੜ੍ਹ ਗ੍ਰੇਨੇਡ ਹਮਲਾ ਮਾਮਲਾ: NIA ਨੇ ’ਚ ਚਾਰ ਗਰਮਖ਼ਿਆਲੀਆਂ ਵਿਰੁਧ ਚਾਰਜਸ਼ੀਟ ਕੀਤੀ ਦਾਇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਮੁਲਜ਼ਮਾਂ ’ਚ ਪਾਕਿਸਤਾਨ ’ਚ ਰਹਿਣ ਵਾਲੇ ਰਿੰਦਾ ਅਤੇ ਅਮਰੀਕਾ ’ਚ ਰਹਿਣ ਵਾਲੇ ਹੈਪੀ ਪਾਸੀ ਵੀ ਸ਼ਾਮਲ

Chandigarh grenade attack case: NIA files chargesheet against four extremists

ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸਤੰਬਰ 2024 ਦੇ ਚੰਡੀਗੜ੍ਹ ਗ੍ਰੇਨੇਡ ਹਮਲੇ ਦੇ ਮਾਮਲੇ ’ਚ ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਚਾਰ ਗਰਮਖ਼ਿਆਲੀਆਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਹੈ।

ਮੁਲਜ਼ਮਾਂ ’ਚ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਅਤੇ ਅਮਰੀਕਾ ’ਚ ਰਹਿਣ ਵਾਲਾ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀ ਸ਼ਾਮਲ ਹਨ। ਚੰਡੀਗੜ੍ਹ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ’ਚ ਦਾਇਰ ਚਾਰਜਸ਼ੀਟ ’ਚ ਚਾਰਾਂ ਮੁਲਜ਼ਮਾਂ ’ਤੇ  ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.), ਵਿਸਫੋਟਕ ਪਦਾਰਥ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਹਮਲੇ ਦੀ ਯੋਜਨਾ ਬਣਾਉਣ ਅਤੇ ਸਮਰਥਨ ਕਰਨ ’ਚ ਉਨ੍ਹਾਂ ਦੀ ਭੂਮਿਕਾ ਲਈ ਦੋਸ਼ ਲਗਾਏ ਗਏ ਹਨ।

ਐਨ.ਆਈ.ਏ. ਵਲੋਂ  ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਦੋਵੇਂ ਗਰਮਖ਼ਿਆਲੀ ਰਿੰਦਾ ਅਤੇ ਹੈਪੀ ਪਾਸੀ ਹਮਲੇ ਦੇ ਪਿੱਛੇ ਮੁੱਖ ਪ੍ਰਬੰਧਕ ਅਤੇ ਸਾਜ਼ਸ਼ਕਰਤਾ ਸਨ। ਉਨ੍ਹਾਂ ਨੇ ਗ੍ਰੇਨੇਡ ਹਮਲੇ ਨੂੰ ਅੰਜਾਮ ਦੇਣ ਲਈ ਚੰਡੀਗੜ੍ਹ ’ਚ ਭਾਰਤ ਸਥਿਤ ਸੰਚਾਲਕਾਂ ਨੂੰ ਸਾਜ਼ੋ-ਸਾਮਾਨ ਸਹਾਇਤਾ, ਪੈਸਾ, ਹਥਿਆਰ ਅਤੇ ਗੋਲਾ-ਬਾਰੂਦ ਮੁਹੱਈਆ ਕਰਵਾਇਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਸਤੰਬਰ 2024 ਦੇ ਹਮਲੇ ਦਾ ਮਕਸਦ ਪੰਜਾਬ ਪੁਲਿਸ ਦੇ ਇਕ ਸੇਵਾਮੁਕਤ ਅਧਿਕਾਰੀ ਨੂੰ ਨਿਸ਼ਾਨਾ ਬਣਾਉਣਾ ਸੀ।

ਜਾਂਚ ਤੋਂ ਪਤਾ ਲੱਗਿਆ ਹੈ ਕਿ ਰਿੰਦਾ ਨੇ ਹੈਪੀ ਪਾਸੀ ਨਾਲ ਮਿਲ ਕੇ ਬੀ.ਕੇ.ਆਈ. ਦੇ ਗਰਮਖ਼ਿਆਲੀ ਏਜੰਡੇ ਨੂੰ ਉਤਸ਼ਾਹਤ ਕਰਨ ਦੇ ਵਿਆਪਕ ਉਦੇਸ਼ ਦੇ ਹਿੱਸੇ ਵਜੋਂ ਗ੍ਰੇਨੇਡ ਹਮਲੇ ਰਾਹੀਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਤੇ ਆਮ ਲੋਕਾਂ ਵਿਚ ਦਹਿਸ਼ਤ ਪੈਦਾ ਕਰਨ ਦੀ ਸਾਜ਼ਸ਼  ਰਚੀ ਸੀ।

ਜਾਂਚ ਏਜੰਸੀ ਨੇ ਕਿਹਾ ਕਿ ਉਨ੍ਹਾਂ ਨੇ ਹੀ ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਵਰਗੇ ਸਥਾਨਕ ਕਾਰਕੁੰਨਾਂ ਦੀ ਭਰਤੀ ਕੀਤੀ ਸੀ, ਜਿਨ੍ਹਾਂ ਨੂੰ ਉਨ੍ਹਾਂ ਦੇ ਸਿੱਧੇ ਹੁਕਮਾਂ ’ਤੇ ਹਮਲੇ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ। ਜਾਂਚ ਤੋਂ ਪਤਾ ਲੱਗਿਆ ਹੈ ਕਿ ਰਿੰਦਾ ਅਤੇ ਹੈਪੀ ਨੇ ਹੋਰ ਮੁਲਜ਼ਮਾਂ ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਨੂੰ ਗ੍ਰੇਨੇਡ ਸੁੱਟਣ ਤੋਂ ਪਹਿਲਾਂ ਦੋ ਵਾਰ ਨਿਸ਼ਾਨੇ ’ਤੇ  ਜਾਸੂਸੀ ਕਰਨ ਦਾ ਹੁਕਮ ਦਿਤਾ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਐਨ.ਆਈ.ਏ. ਬੀ.ਕੇ.ਆਈ. ਦੇ ਹੋਰ ਮੈਂਬਰਾਂ ਨੂੰ ਲੱਭਣ ਅਤੇ ਭਾਰਤ ’ਚ ਇਸ ਦੇ ਨੈਟਵਰਕ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।