ਦੇਸ਼ ਦੇ ਇਕਲੌਤੇ ਭਾਰਤੀ ਯੋਧਾ ਸਨ ਕਰਨਲ ਪ੍ਰਿਥੀਪਾਲ ਸਿੰਘ ਗਿੱਲ
ਦੇਖੋ, ਕੀ ਐ ਕਰਨਲ ਪ੍ਰਿਥੀਪਾਲ ਸਿੰਘ ਦੀ ਪੂਰੀ ਕਹਾਣੀ?
ਚੰਡੀਗੜ੍ਹ/ਸ਼ਾਹ : ‘‘ਇਕ ਫ਼ੌਜੀ ਹਮੇਸ਼ਾਂ ਫ਼ੌਜੀ ਹੀ ਰਹਿੰਦੈ..ਭਾਵੇਂ ਉਹ ਜ਼ਿੰਦਗੀ ਦੇ ਕਿਸੇ ਪੜਾਅ ਵਿਚ ਵੀ ਪਹੁੰਚ ਜਾਵੇ’’- ਮਿਲਟਰੀ ਲਾਈਨ ਵਿਚ ਇਹ ਲਾਈਨ ਕਾਫ਼ੀ ਮਸ਼ਹੂਰ ਐ,, ਜੋ ਕਾਫ਼ੀ ਹੱਦ ਤੱਕ ਸੱਚ ਵੀ ਐ। ਇਹ ਜਜ਼ਬਾ ਕਰਨਲ ਪ੍ਰਿਥੀਪਾਲ ਸਿੰਘ ਗਿੱਲ ਵਿਚ ਦੇਖਣ ਨੂੰ ਮਿਲਦਾ ਸੀ ਜੋ ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ਵਿਚ ਵੀ ਦੇਸ਼ ਲਈ ਮਰ ਮਿਟਣ ਵਾਸਤੇ ਤਤਪਰ ਰਹਿੰਦੇ ਸੀ। ਕਰਨਲ ਗਿੱਲ ਅਜਿਹੇ ਇਕਲੌਤੇ ਭਾਰਤੀ ਯੋਧੇ ਸੀ, ਜਿਨ੍ਹਾਂ ਨੂੰ ਦੇਸ਼ ਦੀਆਂ ਤਿੰਨੇ ਫ਼ੌਜਾਂ ਵਿਚ ਆਪਣੀ ਵੀਰਤਾ ਦਿਖਾਉਣ ਦਾ ਮੌਕਾ ਮਿਲਿਆ।
ਕਰਨਲ ਪ੍ਰਿਥੀਪਾਲ ਸਿੰਘ ਗਿੱਲ ਦਾ ਜਨਮ 11 ਦਸੰਬਰ 1920 ਵਿਚ ਪਟਿਆਲਾ ਲਾਂਸਰਜ਼ ਦੇ ਲੈਫਟੀਨੈਂਟ ਕਰਨਲ ਹਰਪਾਲ ਸਿੰਘ ਗਿੱਲ ਦੇ ਘਰ ਹੋਇਆ ਸੀ,,ਉਨ੍ਹਾਂ ਨੇ ਲਾਹੌਰ ਦੇ ਸਰਕਾਰੀ ਕਾਲਜ ਤੋਂ ਆਪਣੀ ਪੜ੍ਹਾਈ ਕੀਤੀ। ਉਹ ਆਪਣੇ ਪਿਤਾ ਦੀ ਤਰ੍ਹਾਂ ਹੀ ਫ਼ੌਜ ਵਿਚ ਜਾ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸੀ। ਉਨ੍ਹਾਂ ਨੇ ਲਾਹੌਰ ਦੇ ਵਾਲਟਨ ਹਵਾਈ ਅੱਡੇ ਤੋਂ ਪਾਇਲਟ ਦਾ ਲਾਇਸੰਸ ਹਾਸਲ ਕੀਤਾ ਅਤੇ ਸੰਨ 1942 ਵਿਚ ਆਪਣੇ ਪਰਿਵਾਰ ਨੂੰ ਦੱਸੇ ਬਿਨਾਂ ਹੀ ਭਾਰਤੀ ਹਵਾਈ ਫ਼ੌਜ ਵਿਚ ਸ਼ਾਮਲ ਹੋ ਗਏ। ਇਕ ਪਾਇਲਟ ਅਧਿਕਾਰੀ ਦੇ ਰੂਪ ਵਿਚ ਨਿਯੁਕਤ ਗਿੱਲ ਕਰਾਚੀ ਵਿਚ ਹਾਰਵਰਡ ਜਹਾਜ਼ ’ਤੇ ਸਿਖਲਾਈ ਲੈ ਰਹੇ ਸੀ ਜਦਕਿ ਉਨ੍ਹਾਂ ਦੇ ਪਿਤਾ ਨੇ ਭਾਰਤੀ ਹਵਾਈ ਫ਼ੌਜ ਤੋਂ ਉਨ੍ਹਾਂ ਦੀ ਤਬਦੀਲੀ ਦਾ ਪ੍ਰਬੰਧ ਕੀਤਾ ਕਿਉਂਕਿ ਪਰਿਵਾਰ ਨੂੰ ਉਡਾਨ ਨੂੰ ਅਸੁਰੱਖਿਅਤ ਮੰਨਦਾ ਸੀ।
ਇਸ ਮਗਰੋਂ ਕਰਨਲ ਗਿੱਲ ਰਾਇਲ ਇੰਡੀਅਨ ਨੇਵੀ ਵਿਚ ਸ਼ਿਫਟ ਹੋ ਗਏ ਅਤੇ 25 ਜਨਵਰੀ 1943 ਨੂੰ ਰਾਇਲ ਇੰਡੀਅਨ ਨੇਵਲ ਵਾਲੰਟੀਅਰ ਰਿਜ਼ਰਵ ਦੀ ਗੰਨਰੀ ਸ਼ਾਖ਼ਾ ਵਿਚ ਅਸਥਾਈ ਸਬ ਲੈਫਟੀਨੈਂਟ ਨਿਯੁਕਤ ਹੋਏ। ਦੂਜੇ ਵਿਸ਼ਵ ਯੁੱਧ ਦੇ ਬਾਕੀ ਸਮੇਂ ਵਿਚ ਗਿੱਲ ਨੇ ਮਾਈਨਸਵੀਪਰ ਅਤੇ ਐਕਸਕਾਰਟ ਜਹਾਜ਼ਾਂ ’ਤੇ ਸੇਵਾ ਨਿਭਾਈ ਅਤੇ ਫਾਰਸ ਦੀ ਖਾੜੀ ਵਿਚ ਜਹਾਜ਼ਾਂ ਦੀ ਸੁਰੱਖਿਆ ਲਈ ਕਾਫਲੇ ਦੀ ਡਿਊਟੀ ’ਤੇ ਤਾਇਨਾਤ ਰਹੇ। ਬਾਅਦ ਵਿਚ ਉਨ੍ਹਾਂ ਨੂੰ ਦੇਵਲਾਲੀ ਸਥਿਤ ਆਰਮੀ ਸਕੂਲ ਆਫ਼ ਆਰਟਲਿਰੀ ਵਿਚ ਲੌਂਗ ਗੰਨਰੀ ਸਟਾਫ਼ ਕੋਰਸ ਵਿਚ ਭਾਗ ਲੈਣ ਲਈ ਭੇਜਿਆ ਗਿਆ, ਜਿੱਥੇ ਉਨ੍ਹਾਂ ਨੇ ਟੀਚਰ ਦੇ ਰੂਪ ਵਿਚ ਯੋਗਤਾ ਹਾਸਲ ਕੀਤੀ। ਉਨ੍ਹਾਂ ਨੇ ਸਤੰਬਰ 1948 ਵਿਚ ਆਪਣੀ ਨੇਵੀ ਦੀ ਸੇਵਾ ਸਮਾਪਤ ਕੀਤੀ ਅਤੇ ਕੁੱਝ ਸਮੇਂ ਦੇ ਲਈ ਪੰਜਾਬ ਸਰਕਾਰ ਵਿਚ ਇਕ ਸਿਵਲ ਸੇਵਾ ਦੇ ਰੂਪ ਵਿਚ ਕੰਮ ਕੀਤਾ। 24 ਦਸੰਬਰ 1950 ਵਿਚ ਉਨ੍ਹਾਂ ਦਾ ਵਿਆਹ ਪ੍ਰੇਮਇੰਦਰ ਕੌਰ ਨਾਲ ਹੋਇਆ।
ਅਪ੍ਰੈਲ 1951 ਵਿਚ ਪ੍ਰਿਥੀਪਾਲ ਸਿੰਘ ਗਿੱਲ ਭਾਰਤੀ ਫ਼ੌਜ ਵਿਚ ਸ਼ਾਮਲ ਹੋ ਗਏ। ਹਾਲਾਂਕਿ ਸ਼ੁਰੂਆਤ ਵਿਚ ਉਨ੍ਹਾਂ ਨੇ ਆਪਣੇ ਪਿਤਾ ਵਾਲੀ ਬਟਾਲੀਅਨ, ਯਾਨੀ ਪਹਿਲੀ ਸਿੱਖ ਰੈਜੀਮੈਂਟ ਵਿਚ ਨਿਯੁਕਤੀ ਦੀ ਉਮੀਦ ਕੀਤੀ ਸੀ ਪਰ ਤੋਪਖ਼ਾਨੇ ਦੇ ਆਪਣੇ ਤਜ਼ਰਬੇ ਦੇ ਕਾਰਨ ਉਨ੍ਹਾਂ ਨੂੰ ਆਰਟਲਿਰੀ ਰੈਜੀਮੈਂਟ ਵਿਚ ਤਾਇਨਾਤ ਕਰ ਦਿੱਤਾ ਗਿਆ। ਉਨ੍ਹਾਂ ਦੀ ਸ਼ੁਰੂਆਤੀ ਨਿਯੁਕਤੀ ਗਵਾਲੀਅਰ ਮਾਊਂਟੇਨ ਬੈਟਰੀ ਵਿਚ ਹੋਈ ਜੋ 5.4 ਇੰਚ ਦੀਆਂ ਤੋਪਾਂ ਨਾਲ ਸੀ। ਇਸ ਮਗਰੋਂ ਗਿੱਲ ਨੇ 34 ਫੀਲਡ ਰੈਜੀਮੈਂਟ ਵਿਚ ਸੇਵਾ ਨਿਭਾਈ ਅਤੇ 13 ਮਈ 1956 ਨੂੰ ਮੇਜਰ ਦਾ ਅਹੁਦਾ ਹਾਸਲ ਹੋਇਆ। ਇਸ ਤੋਂ ਬਾਅਦ 2 ਅਗਸਤ 1962 ਨੂੰ ਲੈਫਟੀਨੈਂਟ ਕਰਨਲ ਦੇ ਅਹੁਦੇ ਵਜੋਂ ਤਰੱਕੀ ਮਿਲੀ ਅਤੇ ਸੰਨ 1965 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ 71 ਮੀਡੀਅਮ ਰੈਜੀਮੈਂਟ ਦੀ ਕਮਾਨ ਸੰਭਾਲੀ। ਸਿਆਲਕੋਟ ਸੈਕਟਰ ਵਿਚ ਕਾਰਵਾਈ ਨੂੰ ਦੇਖਦਿਆਂ ਇਕ ਲੜਾਈ ਦੌਰਾਨ ਉਨ੍ਹਾਂ ਨੇ ਵਿਅਕਤੀਗਤ ਰੂਪ ਨਾਲ ਆਪਣੀਆਂ ਚਾਰ ਤੋਪਾਂ ਨੂੰ ਵਾਪਸ ਹਾਸਲ ਕਰਨ ਦੇ ਮਿਸ਼ਨ ਦੀ ਅਗਵਾਈ ਕੀਤੀ, ਜਿਨ੍ਹਾਂ ਨੂੰ ਦੁਸ਼ਮਣ ਨੇ ਕੱਟ ਦਿੱਤਾ ਸੀ। ਫਿਰ 19 ਜੂਨ 1968 ਨੂੰ ਉਨ੍ਹਾਂ ਨੂੰ ਕਰਨਲ ਬਣਾਇਆ ਗਿਆ ਅਤੇ ਉਨ੍ਹਾਂ ਦੀ ਨਿਯੁਕਤੀ ਮਨੀਪੁਰ ਦੇ ਉਖਰੂਲ ਵਿਚ ਤਾਇਨਾਤ ਅਸਾਮ ਰਾਈਫ਼ਲਜ਼ ਵਿਚ ਸੈਕਟਰ ਕਮਾਂਡਰ ਵਜੋਂ ਹੋਈ।
ਮਨੀਪੁਰ ਵਿਚ ਤਾਇਨਾਤੀ ਦੌਰਾਨ ਕਰਨਲ ਪ੍ਰਿਥੀਪਾਲ ਸਿੰਘ ਗਿੱਲ ਕਾਫ਼ੀ ਸਮੇਂ ਤੱਕ ਫੀਲਡ ਮਾਰਸ਼ਲ ਸੈਮ ਮਾਨਿਕਸ਼ਾਅ ਦੇ ਨਾਲ ਰਹੇ, ਜਦੋਂ ਉਹ ਇੰਫਾਲ ਵਿਚ ਸੈਕਟਰ ਕਮਾਂਡਰ ਸਨ ਤਾਂ ਸੈਮ ਨਾਲ ਅਕਸਰ ਹੀ ਉਨ੍ਹਾਂ ਦੀ ਮੁਲਾਕਾਤ ਹੁੰਦੀ ਸੀ ਅਤੇ ਦੋਵੇਂ ਇਕੱਠੇ ਹੀ ਸ਼ਿਕਾਰ ’ਤੇ ਜਾਇਆ ਕਰਦੇ ਸਨ। ਕਰਨਲ ਰੈਂਕ ’ਤੇ ਪਹੁੰਚਣ ਤੋਂ ਬਾਅਦ ਕਰਨਲ ਪ੍ਰਿਥੀਪਾਲ ਸਿੰਘ ਗਿੱਲ ਨੇ ਸੰਨ 1970 ਵਿਚ ਰਿਟਾਇਰਮੈਂਟ ਲੈ ਲਈ ਅਤੇ ਚੰਡੀਗੜ੍ਹ ਵਿਖੇ ਆ ਕੇ ਰਹਿਣ ਲੱਗ ਪਏ ਸੀ,,, ਪਰ 5 ਦਸੰਬਰ 2021 ਨੂੰ 100 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਕਰਨਲ ਗਿੱਲ ਬੇਸ਼ੱਕ ਅੱਜ ਸਾਡੇ ਵਿਚਕਾਰ ਨਹੀਂ ਰਹੇ,, ਪਰ ਦੇਸ਼ ਦੇ ਲਈ ਨਿਭਾਈਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।