Chandigarh ’ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਇਸ ਸਾਲ ਹੁਣ ਤੱਕ 648 ਡਰਾਈਵਿੰਗ ਲਾਇਸੈਂਸ ਕੀਤੇ ਰੱਦ
ਬਿਨਾ ਹੈਲਮੇਟ ਦੇ ਵਾਹਨ ਚਲਾਉਣਾ ਲਾਇਸੈਂਸ ਰੱਦ ਕਰਨ ਦਾ ਬਣਿਆ ਸਭ ਤੋਂ ਵੱਡਾ ਕਾਰਨ
ਚੰਡੀਗੜ੍ਹ : ਸਮਾਰਟ ਸ਼ਹਿਰ ਚੰਡੀਗੜ੍ਹ ’ਚ ਹਰ ਚੌਕ-ਚੌਰਾਹੇ ’ਤੇ ਸੀ.ਸੀ.ਟੀ.ਵੀ. ਅਤੇ ਪੁਲਿਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਵੀ ਟ੍ਰੈਫਿਕ ਨਿਯਮ ਤੋੜਨ ਵਾਲੇ ਵਿਅਕਤੀਆਂ ਦੀ ਘਾਟ ਨਹੀਂ ਹੈ। ਜਿਸ ਦੇ ਚਲਦਿਆਂ ਪੜ੍ਹਿਆਂ ਲਿਖਿਆਂ ਦੇ ਸ਼ਹਿਰ ’ਚ ਵੀ ਪੁਲਿਸ ਨੂੰ ਡਰਾਈਵਿੰਗ ਲਾਇਸੈਂਸ ਰੱਦ ਕਰਨੇ ਪੈ ਰਹੇ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਾਲ 2025 ’ਚ ਤੱਕ ਸ਼ਹਿਰ ’ਚ 648 ਡਰਾਈਵਿੰਗ ਲਾਇਸੈਂਸ ਰੱਦ ਕੀਤੇ ਗਏ। ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ ਦੇ ਅੰਕੜਿਆਂ ਅਨੁਸਾਰ ਬਿਨਾਂ ਹੈਲਮੈਟ ਵਾਹਨ ਚਲਾਉਣਾ ਲਾਇਸੈਂਸ ਰੱਦ ਕਰਨ ਦਾ ਸਭ ਤੋਂ ਵੱਡਾ ਕਾਰਨ ਰਿਹਾ ਹੈ, ਜਦਕਿ ਇਸ ਤੋਂ ਬਾਅਦ ਤਿੰਨ ਸਵਾਰੀਆਂ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਇਸ ਤੋਂ ਵੀ ਲੋਕਾਂ ਦੀ ਵੱਡੀ ਹਿੰਮਤ ਇਹ ਦੇਖੋ ਕਿ ਬਾਰ-ਬਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਵੀ ਲੋਕ ਚਲਾਨ ਦਾ ਭੁਗਤਾਨ ਨਹੀਂ ਕਰ ਰਹੇ । ਆਰ.ਐੱਲ.ਏੇ. ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਲਗਭਗ 7.5 ਲੱਖ ਚਲਾਨ ਬਕਾਇਆ ਪਏ ਹਨ, ਜਿਨ੍ਹਾਂ ਦਾ ਭੁਗਤਾਨ ਨਹੀਂ ਹੋ ਸਕਿਆ।
ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ ਦੇ ਇੰਚਾਰਜ ਪ੍ਰਦਿਊਮਨ ਸਿੰਘ ਦਾ ਕਹਿਣਾ ਹੈ ਕਿ ਕਈ ਵਾਰ ਯਾਦ ਕਰਵਾਉਣ ਦੇ ਬਾਵਜੂਦ ਵੀ ਬਹੁਤ ਸਾਰੇ ਵਾਹਨ ਚਾਲਕਾਂ ਨੇ ਸਪੀਡਿੰਗ, ਰੈੱਡ ਲਾਈਟ ਜੰਪਿੰਗ ਅਤੇ ਖਤਰਨਾਕ ਡਰਾਈਵਿੰਗ ਵਰਗੇ ਮਾਮਲਿਆਂ ਵਿੱਚ ਜੁਰਮਾਨਾ ਨਹੀਂ ਭਰਿਆ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਇੱਕ ਵਾਰ ਫਿਰ ਤੋਂ ਅੰਤਿਮ ਨੋਟਿਸ ਜਾਰੀ ਕੀਤਾ ਜਾਵੇਗਾ ਜੇਕਰ ਉਹ ਫਿਰ ਵੀ ਜੁਰਮਾਨਾ ਨਹੀਂ ਭਰਦੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੋਟਰ ਵਾਹਨ ਐਕਟ, 1988 ਦੀ ਧਾਰਾ 19 ਅਤੇ ਕੇਂਦਰੀ ਮੋਟਰ ਵਾਹਨ ਨਿਯਮ, 1989 ਦੇ ਨਿਯਮ 21 ਅਧੀਨ ਨਸ਼ੇ ਵਿੱਚ ਵਾਹਨ ਚਲਾਉਣ, ਤੇਜ਼ ਰਫ਼ਤਾਰ, ਰੈੱਡ ਲਾਈਟ ਜੰਪਿੰਗ ਅਤੇ ਮੋਬਾਈਲ ਫੋਨ ਦੀ ਵਰਤੋਂ ਵਰਗੇ ਗੰਭੀਰ ਅਪਰਾਧਾਂ ’ਤੇ ਡਰਾਈਵਿੰਗ ਲਾਇਸੈਂਸ ਨੂੰ 6 ਮਹੀਨੇ ਤੱਕ ਮੁਅੱਤਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਬਿਨਾਂ ਹੈਲਮੈਟ ਵਾਹਨ ਚਲਾਉਣ ’ਤੇ 3 ਮਹੀਨੇ ਲਈ ਲਾਇਸੈਂਸ ਸਸਪੈਂਡ ਕਰਨ ਨਾਲ ਨਾਲ ਜੁਰਮਾਨਾ ਵੀ ਲਾਇਆ ਜਾਂਦਾ ਹੈ।