Chandigarh ‘ਆਪ’ ਦੇ ਪ੍ਰਧਾਨ ਵਿਜੈਪਾਲ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਲਿਖਿਆ ਪੱਤਰ
ਕਿਹਾ : ‘ਲਟਕ ਰਹੇ ਮਸਲਿਆਂ ’ਤੇ ਜਲਦ ’ਤੇ ਕੀਤੀ ਜਾਵੇ ਕਾਰਵਾਈ’
ਚੰਡੀਗੜ੍ਹ : ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਅਤੇ ਪ੍ਰਸ਼ਾਸਕ ਦੀ ਸਲਾਹਕਾਰ ਕੌਂਸਲ ਦੇ ਮੈਂਬਰ ਵਿਜੈਪਾਲ ਸਿੰਘ ਨੇ ਯੂ.ਟੀ. ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਸ਼ਹਿਰ ਦੇ ਅਹਿਮ ਮਸਲਿਆਂ ਵੱਲ ਧਿਆਨ ਦਿਵਾਇਆ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਪਹਿਲੀ ਮੀਟਿੰਗ ਵਿੱਚ ਉਠਾਏ ਗਏ ਮੁੱਦਿਆਂ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਵਿਜੈਪਾਲ ਸਿੰਘ ਨੇ ਦੱਸਿਆ ਕਿ ਹੋਰਨਾਂ ਸੂਬਿਆਂ ਵਿੱਚ ਪੈਨਸ਼ਨ 3,500 ਰੁਪਏ ਤੋਂ ਵੱਧ ਹੈ, ਜਦਕਿ ਚੰਡੀਗੜ੍ਹ ਵਿੱਚ ਇਹ ਸਿਰਫ਼ 1,000 ਰੁਪਏ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸਤਾਵਿਤ 3,000 ਰੁਪਏ ਦੇ ਵਾਧੇ ਨੂੰ ਤੁਰੰਤ ਲਾਗੂ ਕੀਤਾ ਜਾਵੇ। ਯੂ.ਟੀ. ਪ੍ਰਸ਼ਾਸਨ ਦੇ ਕਰਮਚਾਰੀਆਂ ਲਈ ਇੱਕ ਵਿਆਪਕ ਸਿਹਤ ਸਕੀਮ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਮੈਡੀਕਲ ਸਹੂਲਤਾਂ ਮਿਲ ਸਕਣ।
ਸੀ.ਟੀ.ਯੂ. (CTU) ਦੀਆਂ 100 ਡੀਜ਼ਲ ਬੱਸਾਂ ਬੰਦ ਹੋਣ ਕਾਰਨ ਲਗਭਗ 300 ਕੰਟਰੈਕਟ ਡਰਾਈਵਰ ਅਤੇ ਕੰਡਕਟਰ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਇਨ੍ਹਾਂ ਵਰਕਰਾਂ ਲਈ ਪੱਕੀ ਨੀਤੀ ਬਣਾਉਣ ਦੀ ਮੰਗ ਕੀਤੀ ਹੈ। ਚੰਡੀਗੜ੍ਹ ਨੂੰ ਸਪੋਰਟਸ ਹੱਬ ਬਣਾਉਣ ਦੇ ਐਲਾਨ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਵਾਲੀਬਾਲ ਵਰਗੀਆਂ ਖੇਡਾਂ ਲਈ ਅੰਤਰਰਾਸ਼ਟਰੀ ਪੱਧਰ ਦੇ ਇੰਡੋਰ ਹਾਲਾਂ ਦੀ ਕਮੀ ਹੈ। ਉਨ੍ਹਾਂ ਪਿੰਡਾਂ ਵਿੱਚ ਸਟੇਡੀਅਮ ਬਣਾਉਣ ਅਤੇ ਖਿਡਾਰੀਆਂ ਦੀ ਭਰਤੀ ਲਈ ਨੀਤੀ ਬਣਾਉਣ ਦੀ ਵੀ ਅਪੀਲ ਕੀਤੀ।