Panchkula News : ਤੁਸੀਂ ਵੀ ਪੀ ਰਹੇ ਹੋ ਆਕਸੀਟੋਸਿਨ ਵਾਲਾ ਦੁੱਧ ! ਪਸ਼ੂਆਂ ਨੂੰ ਲਾਇਆ ਜਾ ਰਿਹੈ ਆਕਸੀਟੋਸਿਨ ਦਾ ਟੀਕਾ
ਜ਼ਹਿਰ ਤੋਂ ਘੱਟ ਨਹੀਂ ਇਹ ਟੀਕਾ ,ਰਿਪੋਰਟ 'ਚ ਖੁਲਾਸਾ
Panchkula News : ਪੰਚਕੂਲਾ ਸ਼ਹਿਰ 'ਚ ਪਸ਼ੂਆਂ ਨਾਲ ਨਾਇਨਸਾਫ਼ੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ,ਜ਼ਿਆਦਾ ਦੁੱਧ ਪ੍ਰਾਪਤ ਕਰਨ ਲਈ ਪਸ਼ੂਆਂ ਨੂੰ ਆਕਸੀਟੌਸਿਨ ਦਾ ਟੀਕਾ ਲਗਾਇਆ ਜਾ ਰਿਹਾ ਹੈ। ਇਸ ਗੱਲ ਦਾ ਖ਼ੁਲਾਸਾ ਸ਼ਹਿਰ ਦੀਆਂ 227 ਡੇਅਰੀਆਂ 'ਚ 3887 ਪਸ਼ੂਆਂ ਦੇ ਸਰਵੇ ਦੇ ਆਧਾਰਾਂ 'ਤੇ ਸੌਂਪੀ ਗਈ ਰਿਪੋਰਟ ਵਿੱਚ ਹੈ।
ਇਸ 'ਤੇ ਹੈਰਾਨੀ ਜ਼ਾਹਰ ਕਰਦਿਆਂ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪਸ਼ੂਆਂ 'ਤੇ ਜ਼ੁਲਮ ਰੋਕਣ ਲਈ ਮੰਗਲਵਾਰ ਨੂੰ ਇਸ ਮਾਮਲੇ ਨੂੰ ਗੰਭੀਰ ਮੰਨਦਿਆਂ ਕੇਂਦਰ ਸਰਕਾਰ, ਚੰਡੀਗੜ੍ਹ ਪ੍ਰਸ਼ਾਸਨ, ਐੱਸਐੱਸਪੀ ਅਤੇ ਐਨੀਮਲ ਵੈਲਫੇਅਰ ਬੋਰਡ ਆਫ਼ ਇੰਡੀਆ ਨੂੰ ਨੋਟਿਸ ਜਾਰੀ ਕਰਕੇ ਦਾਇਰ ਜਨਹਿੱਤ ਪਟੀਸ਼ਨ 'ਤੇ ਜਵਾਬ ਮੰਗਿਆ ਹੈ।
ਪਟੀਸ਼ਨ ਦਾਇਰ ਕਰਦੇ ਹੋਏ ਜੈਰੂਪ ਅਤੇ ਇਸ਼ਵਿਤਾ ਨੇ ਐਡਵੋਕੇਟ ਗਰਵਵੀਰ ਸਿੰਘ ਰਾਹੀਂ ਹਾਈਕੋਰਟ ਨੂੰ ਦੱਸਿਆ ਕਿ ਸ਼ਹਿਰ ਦੀਆਂ ਡੇਅਰੀਆਂ ਵਿੱਚ ਪਸ਼ੂਆਂ 'ਤੇ ਜ਼ੁਲਮ ਹੋ ਰਿਹਾ ਹੈ। ਉਨ੍ਹਾਂ ਸ਼ਹਿਰ ਦੀਆਂ 227 ਡੇਅਰੀਆਂ ਵਿੱਚ 3887 ਪਸ਼ੂਆਂ ਦਾ ਸਰਵੇ ਕੀਤਾ ਸੀ।
ਇਸ ਸਰਵੇ ਵਿੱਚ ਪਾਇਆ ਗਿਆ ਕਿ ਜ਼ਿਆਦਾਤਰ ਥਾਵਾਂ ’ਤੇ ਪਸ਼ੂਆਂ ਨੂੰ ਬਹੁਤ ਤਰਸਯੋਗ ਹਾਲਤ ਵਿੱਚ ਰੱਖਿਆ ਗਿਆ ਹੈ। ਡੇਅਰੀਆਂ ਵਿੱਚ ਸਫ਼ਾਈ ਵਿਵਸਥਾ ਦੀ ਘਾਟ ਹੈ ਅਤੇ ਪਸ਼ੂਆਂ ਦੇ ਪੀਣ ਲਈ ਸਾਫ਼ ਪਾਣੀ ਵੀ ਉਪਲਬਧ ਨਹੀਂ ਹੈ। ਕਈ ਵਾਰ ਤਾਂ ਪਸ਼ੂਆਂ ਨੂੰ ਦੋ ਫੁੱਟ ਦੀ ਰੱਸੀ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਕੋਲ ਖੜ੍ਹੇ ਹੋਣ ਲਈ ਵੀ ਜਗ੍ਹਾ ਨਹੀਂ ਹੁੰਦੀ ਸੀ।
ਸਰਵੇ ਵਿੱਚ ਸਭ ਤੋਂ ਚਿੰਤਾਜਨਕ ਗੱਲ ਇਹ ਰਹੀ ਕਿ ਵੱਧ ਦੁੱਧ ਪੈਦਾ ਕਰਨ ਲਈ ਪਸ਼ੂਆਂ ਨੂੰ ਆਕਸੀਟੋਸਿਨ ਦਾ ਟੀਕਾ ਲਗਾਇਆ ਜਾ ਰਿਹਾ ਹੈ। ਇਹ ਟੀਕਾ ਜ਼ਿਆਦਾਤਰ ਡੇਅਰੀ ਵਾਲੇ ਖੁਦ ਹੀ ਲਗਾਉਂਦੇ ਹਨ ਅਤੇ ਇਸ ਲਈ ਵਾਰ-ਵਾਰ ਇੱਕੋ ਸਰਿੰਜ ਦੀ ਵਰਤੋਂ ਕੀਤੀ ਜਾਂਦੀ ਹੈ। ਪਟੀਸ਼ਨਰ ਨੇ ਕਿਹਾ ਕਿ ਇਹ ਟੀਕਾ ਨਾ ਸਿਰਫ਼ ਪਸ਼ੂਆਂ ਲਈ ਹਾਨੀਕਾਰਕ ਹੈ, ਸਗੋਂ ਟੀਕਾ ਲਗਾਉਣ ਤੋਂ ਬਾਅਦ ਕੱਢਿਆ ਗਿਆ ਦੁੱਧ ਇਸ ਦਾ ਸੇਵਨ ਕਰਨ ਵਾਲਿਆਂ ਦੀ ਸਿਹਤ ਨਾਲ ਖਿਲਵਾੜ ਕਰ ਸਕਦਾ ਹੈ।
ਪਟੀਸ਼ਨਰ ਨੇ ਦੱਸਿਆ ਕਿ ਜਦੋਂ ਮਲੋਆ ਵਿਚ ਉਸ ਦੇ ਸਾਹਮਣੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਤਾਂ ਉਸ ਨੇ ਪੁਲਸ ਨੂੰ ਫੋਨ ਕੀਤਾ। ਪੁਲਿਸ ਨੇ ਸਿਰਫ ਖਾਨਾਪੂਰਤੀ ਕੀਤੀ ਅਤੇ ਐਫਆਈਆਰ ਤੱਕ ਦਰਜ ਨਹੀਂ ਕੀਤੀ। ਇਸ ਤੋਂ ਬਾਅਦ ਪਟੀਸ਼ਨਕਰਤਾ ਨੇ ਆਰਟੀਆਈ ਦਾਇਰ ਕੀਤੀ ਪਰ ਉਸ ਦਾ ਵੀ ਕੋਈ ਫਾਇਦਾ ਨਹੀਂ ਹੋਇਆ। ਵੱਖ-ਵੱਖ ਪੱਧਰ 'ਤੇ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।
ਪਟੀਸ਼ਨਰ ਨੇ ਅਪੀਲ ਕੀਤੀ ਕਿ ਜਾਨਵਰਾਂ ਨੂੰ ਜ਼ੁਲਮ ਤੋਂ ਬਚਾਉਣ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਣ। ਨਾਲ ਹੀ ਗਊ ਸ਼ੈੱਡਾਂ ਅਤੇ ਡੇਅਰੀਆਂ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਹਾਈ ਕੋਰਟ ਨੇ ਪਟੀਸ਼ਨ 'ਤੇ ਸਾਰੇ ਬਚਾਅ ਪੱਖ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।