Chandigarh ਦੇ ਮੇਅਰ ਲਈ ਜਨਵਰੀ ’ਚ ਹੋਣ ਵਾਲੀ ਚੋਣ ਤੋਂ ਪਹਿਲਾਂ ‘ਆਪ’ ਨੂੰ ਵੱਡਾ ਝਟਕਾ
‘ਆਪ’ ਕੌਂਸਲਰ ਸੁਮਨ ਦੇਵੀ ਤੇ ਪੂਨਮ ਦੇਵੀ ਭਾਜਪਾ ’ਚ ਹੋਈਆਂ ਸ਼ਾਮਲ
ਚੰਡੀਗੜ੍ਹ : ਚੰਡੀਗੜ੍ਹ ਵਿੱਚ ਮੇਅਰ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਹੈ ਜਦੋਂ ਅੱਜ ਬੁੱਧਵਾਰ ਨੂੰ‘ਆਪ’ ਦੀਆਂ ਦੋ ਮਹਿਲਾ ਕੌਂਸਲਰ ਸੁਮਨ ਦੇਵੀ ਅਤੇ ਪੂਨਮ ਦੇਵੀ ਭਾਜਪਾ ਵਿੱਚ ਸ਼ਾਮਲ ਹੋ ਗਈਆਂ। ਭਾਜਪਾ ਦੀ ਸਾਬਕਾ ਮੇਅਰ ਸਰਬਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਕਾਲਾ, ਭਾਜਪਾ ਕੌਂਸਲਰ ਕੰਵਰ ਰਾਣਾ ਦੀ ਮੌਜੂਦਗੀ ਵਿੱਚ ਦੋਵੇਂ ‘ਆਪ’ ਕੌਂਸਲਰਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ। ਜਨਵਰੀ ਮਹੀਨੇ ’ਚ ਹੋਣ ਵਾਲੀ ਮੇਅਰ ਦੀ ਚੋਣ ਤੋਂ ਪਹਿਲਾਂ ਇਹ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਚੰਡੀਗੜ੍ਹ ਨਗਰ ਨਿਗਮ ਵਿੱਚ ਕੁੱਲ 35 ਕੌਂਸਲਰ ਹਨ। ਮੇਅਰ ਚੋਣ ਲਈ ਚੰਡੀਗੜ੍ਹ ਤੋਂ ਸੰਸਦ ਮੈਂਬਰ ਦਾ ਵੋਟ ਮੰਨਣਯੋਗ ਹੁੰਦਾ ਹੈ। ਇਸ ਤੋਂ ਇਲਾਵਾ 9 ਕੌਂਸਲਰ ਨਾਮਜ਼ਦ ਹੁੰਦੇ ਹਨ, ਜਿਨ੍ਹਾਂ ਕੋਲ ਵੋਟ ਦਾ ਅਧਿਕਾਰ ਨਹੀਂ ਹੁੰਦਾ, ਅਜਿਹੇ ਵਿੱਚ 36 ਵੋਟਾਂ ਵਿੱਚੋਂ ਭਾਜਪਾ ਕੋਲ ਹੁਣ ਤੱਕ 16 ਅਤੇ AAP ਕੋਲ 13 ਵੋਟ ਸਨ। ਪਰ ਹੁਣ 2 ਕੌਂਸਲਰਾਂ ਦੇ ਆਮ ਆਦਮੀ ਪਾਰਟੀ ਨੂੰ ਛੱਡਣ ਤੋਂ ਬਾਅਦ ਭਾਜਪਾ ਕੋਲ 18 ਅਤੇ ‘ਆਪ’ ਕੋਲ 11 ਵੋਟ ਰਹਿ ਗਏ ਹਨ। ਕਾਂਗਰਸ ਕੋਲ 6 ਕੌਂਸਲਰ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਮਿਲਾ ਕੇ ਕੁੱਲ 7 ਵੋਟ ਹਨ। ਮੇਅਰ ਬਣਾਉਣ ਲਈ ਕੁੱਲ 19 ਵੋਟ ਚਾਹੀਦੇ ਹਨ। ਭਾਜਪਾ ਕੋਲ ਹੁਣ 18 ਵੋਟ ਹੋ ਗਏ ਹਨ।
ਅੱਜਕੱਲ੍ਹ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬੱਬਲਾ ਹਨ। ਪਿਛਲੀ ਵਾਰ ਮੇਅਰ ਅਹੁਦੇ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਚੋਣ ਲੜੀ ਸੀ, ਪਰ ਦੋ ਕ੍ਰਾਸ ਵੋਟਿੰਗ ਹੋਣ ਕਾਰਨ ਭਾਜਪਾ ਦੀ ਮੇਅਰ ਬਣ ਗਈ ਸੀ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਅਹੁਦਾ ਕਾਂਗਰਸ ਨੂੰ ਮਿਲਿਆ ਸੀ, ਪਰ ਇਸ ਵਾਰ ਉਹ ਵੀ ਹੱਥੋਂ ਜਾਂਦਾ ਨਜ਼ਰ ਆ ਰਿਹਾ ਹੈ।