Punjab Weather Update: ਸਰਦੀਆਂ ਵਿਚ ਹੀ ਵੱਧ ਗਈ ਗਰਮੀ, ਆਉਣ ਵਾਲੇ ਦਿਨਾਂ ’ਚ ਪੰਜਾਬ ਦਾ ਮੌਸਮ ਰਹੇਗਾ ਖ਼ੁਸ਼ਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Weather Update: ਪਿਛਲੇ 2-3 ਦਿਨਾਂ ਤੋਂ ਲਗਾਤਾਰ ਨਿਕਲੀ ਤਿੱਖੀ ਧੁੱਪ ਨੇ ਸਰਦੀ ਵਿਚ ਕਮੀ ਕੀਤੀ ਹੈ।

Punjab Weather Update News in punjabi

ਮੁਹਾਲੀ:  ਅੱਜ ਵੀ ਪੰਜਾਬ ਵਿਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਵਿਚ ਸਾਰੇ ਤਰ੍ਹਾਂ ਦੇ ਅਲਰਟ ਖ਼ਤਮ ਹੋਣ ਕਾਰਨ ਮੌਸਮ ਹੁਣ ਗ੍ਰੀਨ ਜ਼ੋਨ ਵਿਚ ਚੱਲ ਰਿਹਾ ਹੈ, ਜਿਸ ਨਾਲ ਰਾਹਤ ਮਿਲ ਰਹੀ ਹੈ। ਪਿਛਲੇ 2-3 ਦਿਨਾਂ ਤੋਂ ਲਗਾਤਾਰ ਨਿਕਲੀ ਤਿੱਖੀ ਧੁੱਪ ਨੇ ਸਰਦੀ ਵਿਚ ਕਮੀ ਕੀਤੀ ਹੈ। ਪਿਛਲੇ 24 ਘੰਟਿਆਂ ’ਚ ਔਸਤ ਵੱਧ ਤੋਂ ਵੱਧ ਤਾਪਮਾਨ ਵਿਚ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਸੂਬੇ ਵਿਚ ਇਹ ਆਮ ਨਾਲੋਂ 3.1 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨ ਵੀ ਖੁਸ਼ਕ ਰਹਿਣ ਦੀ ਸੰਭਾਵਨਾ ਹੈ।

ਮੌਜੂਦਾ ਹਾਲਾਤ ’ਚ ਲੋਕਾਂ ਨੂੰ ਠੰਡ ਤੋਂ ਕਾਫ਼ੀ ਰਾਹਤ ਜ਼ਰੂਰ ਮਿਲੀ ਹੈ ਅਤੇ ਆਉਂਦੇ ਦਿਨਾਂ ਦੇ ਵਿਚ ਵੀ ਮੌਸਮ ਦੇ ਸਾਫ਼ ਰਹੇਗਾ ਭਾਵ ਕਿ ਨਾ ਹੀ ਧੁੰਦ ਪੈਣ ਦੀ ਅਤੇ ਨਾ ਹੀ ਮੀਂਹ ਪੈਣ ਦੀ ਕੋਈ ਸੰਭਾਵਨਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿਚ ਦਿਨ ਦੀ ਠੰਡ ਬਿਲਕੁਲ ਖ਼ਤਮ ਹੋ ਚੁੱਕੀ ਹੈ ਜਦਕਿ ਰਾਤ ਵੇਲੇ ਠੰਡ ਦਾ ਅਹਿਸਾਸ ਹੋ ਰਿਹਾ ਹੈ। ਸੂਬੇ ਵਿਚ ਪਿਛਲੇ ਕੱੁਝ ਦਿਨਾਂ ਤੋਂ ਲਗਾਤਾਰ ਤੇਜ਼ ਧੁੱਪ ਨਿਕਲਣ ਨਾਲ ਵੱਧ ਤੋਂ ਵੱਧ ਤਾਪਮਾਨ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।   

ਲੋਕਾਂ ਦੇ ਪੈਂਡਿੰਗ ਪਏ ਕੰਮ ਹੁਣ ਨਿਪਟਣ ਲੱਗੇ ਹਨ, ਜਿਸ ਕਾਰਨ ਬਾਜ਼ਾਰਾਂ ਵਿਚ ਰੌਣਕ ਦੇਖਣ ਨੂੰ ਮਿਲ ਰਹੀ ਹੈ। ਅੱਗੇ ਵੀ ਮੌਸਮ ਸਾਫ਼ ਬਣਿਆ ਰਹੇਗਾ, ਹਾਲਾਂਕਿ ਪਹਾੜਾਂ ਵਿਚ ਹੋ ਰਹੀ ਬਰਫ਼ਬਾਰੀ ਕਾਰਨ ਸ਼ਾਮ ਨੂੰ ਠੰਡੀਆਂ ਹਵਾਵਾਂ ਚੱਲਣ ਦਾ ਸਿਲਸਿਲਾ ਜਾਰੀ ਹੈ। ਮੌਸਮ ਵਿਗਿਆਨ ਕੇਂਦਰ ਵਲੋਂ ਜਾਰੀ ਕੀਤੇ ਨਵੇਂ ਅੰਕੜਿਆਂ ਮੁਤਾਬਕ ਪੂਰਾ ਹਫ਼ਤਾ ਇਸੇ ਤਰ੍ਹਾਂ ਧੁੱਪ ਨਿਕਲਣ ਨਾਲ ਤਾਪਮਾਨ ਵਿਚ ਵਾਧਾ ਹੋਵੇਗਾ ਅਤੇ ਦੁਪਹਿਰ ਸਮੇਂ ਮੌਸਮ ਸੁਹਾਵਣਾ ਬਣਿਆ ਰਹੇਗਾ।