Mohali ਦੀ ਇਮੀਗ੍ਰੇਸ਼ਨ ਕੰਪਨੀ ਨੇ ਆਸਟਰੇਲੀਆ ਭੇਜਣ ਦੇ ਨਾਂ ’ਤੇ ਮਾਰੀ 7.50 ਲੱਖ ਰੁਪਏ ਦੀ ਠੱਗੀ
ਸ੍ਰੀ ਫਤਿਹਗੜ੍ਹ ਸਾਹਿਬ ਦੇ ਗਗਨਦੀਪ ਸਿੰਘ ਨੇ ਮਾਮਲਾ ਕਰਵਾਇਆ ਦਰਜ
ਮੋਹਾਲੀ : ਸ੍ਰੀ ਫਤਿਹਗੜ੍ਹ ਸਾਹਿਬ ਦੇ ਇੱਕ ਨੌਜਵਾਨ ਨਾਲ ਆਸਟ੍ਰੇਲੀਆ ਭੇਜਣ ਦੇ ਬਹਾਨੇ 7.50 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ । ਪੀੜਤ ਦਾ ਦਾਅਵਾ ਹੈ ਕਿ ਉਸਨੇ ਆਪਣੀ ਬੱਚਤ ਅਤੇ ਸੋਨਾ ਗਿਰਵੀ ਰੱਖ ਕੇ ਸਾਰੀ ਰਕਮ ਇਮੀਗ੍ਰੇਸ਼ਨ ਕੰਪਨੀ ਨੂੰ ਅਦਾ ਕੀਤੀ । ਜਦਕਿ ਕੰਪਨੀ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਪੀੜਤ ਨੇ ਪ੍ਰੇਸ਼ਾਨ ਹੋ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਪੀੜਤ ਗਗਨਦੀਪ ਨੇ ਦੱਸਿਆ ਕਿ ਉਹ ਸਰਹਿੰਦ (ਸ੍ਰੀ ਫਤਿਹਗੜ੍ਹ ਸਾਹਿਬ) ਦਾ ਰਹਿਣ ਵਾਲਾ ਹੈ । ਉਹ ਇੰਗਲੈਂਡ ਤੋਂ ਵਾਪਸ ਆਇਆ ਸੀ ਅਤੇ ਮੈਂ ਕਿਸੇ ਹੋਰ ਦੇਸ਼ ਜਾ ਕੇ ਨੌਕਰੀ ਲੱਭਣ ਦੀ ਯੋਜਨਾ ਬਣਾਈ । ਇਸੇ ਦੌਰਾਨ ਉਸ ਨੇ ਸੋਸ਼ਲ ਮੀਡੀਆ 'ਤੇ ਮੋਹਾਲੀ ਦੇ ਫੇਜ਼ 3 ਵਿੱਚ ਇੱਕ ਮਸ਼ਹੂਰ ਇਮੀਗ੍ਰੇਸ਼ਨ ਕੰਪਨੀ ਦਾ ਇਸ਼ਤਿਹਾਰ ਦੇਖਿਆ ਅਤੇ ਉਨ੍ਹਾਂ ਨਾਲ ਸੰਪਰਕ ਕੀਤਾ । ਕੰਪਨੀ ਨੇ ਉਸਨੂੰ ਆਸਟ੍ਰੇਲੀਆ ਲਈ ਵੀਜ਼ਾ ਦਿਵਾਉਣ ਦਾ ਵਾਅਦਾ ਕੀਤਾ ਅਤੇ ਉਸ ਨੇ ਇਸਦੇ ਲਈ ਉਸਨੂੰ 7,50,000 ਦਿੱਤੇ ਸਨ । ਪਰ ਬੀਤੀ 2 ਅਕਤੂਬਰ ਨੂੰ ਇੱਕ ਸਾਲ ਹੋ ਗਿਆ ਹੈ ਨਾ ਤਾਂ ਕੰਪਨੀ ਉਸਨੂੰ ਵਿਦੇਸ਼ ਭੇਜ ਰਹੀ ਹੈ ਅਤੇ ਨਾ ਹੀ ਉਸਦੀ ਅਦਾਇਗੀ ਵਾਪਸ ਕਰ ਰਹੀ ਹੈ । ਐਸ.ਐਚ.ਓ ਅਮਨਦੀਪ ਸਿੰਘ ਕੰਬੋਜ ਨੇ ਕਿਹਾ ਕਿ ਸਾਨੂੰ ਠੱਗੀ ਦੀ ਸ਼ਿਕਾਇਤ ਮਿਲੀ ਹੈ, ਜਿਸ ਦੀ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ । ਜੇਕਰ ਕੋਈ ਧੋਖਾਧੜੀ ਪਾਈ ਜਾਂਦੀ ਹੈ ਤਾਂ ਸਬੰਧ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।