GMADA ਨੇ ਇਕੋ ਸਿਟੀ-3 ਲਈ 716 ਏਕੜ ਜ਼ਮੀਨ ਕੀਤੀ ਐਕੁਆਇਰ
ਨੌਂ ਪਿੰਡਾਂ ਦੇ ਜ਼ਮੀਨ ਮਾਲਕਾਂ ਨੂੰ 6 ਕਰੋੜ ਰੁਪਏ ਪ੍ਰਤੀ ਏਕੜ ਤੱਕ ਦਾ ਮੁਆਵਜ਼ਾ ਦੇਣ ਦਾ ਦਿੱਤਾ ਹੁਕਮ
ਚੰਡੀਗੜ੍ਹ : ਗਮਾਡਾ ਨੇ ਨਿਊ ਚੰਡੀਗੜ੍ਹ ਦੀ ‘ਈਕੋ ਸਿਟੀ-ਤਿੰਨ’ ਸਕੀਮ ਲਈ 9 ਪਿੰਡਾਂ ਦੀ 716 ਏਕੜ ਜ਼ਮੀਨ ਐਕੁਆਇਰ ਕਰ ਲਈ ਹੈ । ਗਮਾਡਾ ਦੇ ਭੋਂ ਪ੍ਰਾਪਤੀ ਕੁਲੈਕਟਰ ਨੇ ਇਨ੍ਹਾਂ ਪਿੰਡਾਂ ਦੀ ਜ਼ਮੀਨ ਬਦਲੇ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਦਾ ਐਵਾਰਡ ਸੁਣਾ ਦਿੱਤਾ ਹੈ । ਇਹ ਕਾਰਵਾਈ ਭੂਮੀ ਗ੍ਰਹਿਣ ਐਕਟ 2013 ਦੀ ਧਾਰਾ 19 ਤਹਿਤ ਅਮਲ ਵਿੱਚ ਲਿਆਂਦੀ ਗਈ ਹੈ, ਜਿਸ ਮਗਰੋਂ ਹੁਣ ਗਮਾਡਾ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗਾ।
ਗਮਾਡਾ ਨੇ ਇਸ ਪ੍ਰਾਜੈਕਟ ਲਈ ਪਿੰਡ ਤਕੀਪੁਰ ਦੀ ਸਭ ਤੋਂ ਵੱਧ 317.3 ਏਕੜ ਜ਼ਮੀਨ ਲਈ ਹੈ। ਇਸ ਤੋਂ ਇਲਾਵਾ ਕੰਸਾਲਾ ਦੀ 169 ਏਕੜ, ਕਰਤਾਰਪੁਰ ਦੀ 93.6 ਏਕੜ, ਹੁਸ਼ਿਆਰਪੁਰ ਦੀ 59 ਏਕੜ, ਰਾਜਗੜ੍ਹ ਦੀ 42.1 ਏਕੜ, ਸਲਾਮਤਪੁਰ ਦੀ 6.7 ਏਕੜ, ਮਾਜਰਾ ਦੀ 6 ਏਕੜ, ਰਸੂਲਪੁਰ ਦੀ 2.06 ਏਕੜ ਅਤੇ ਢੋਡੇਮਾਜਰਾ ਦੀ 0.3 ਏਕੜ ਜ਼ਮੀਨ ਸ਼ਾਮਲ ਹੈ । ਗਮਾਡਾ ਨੇ ਇਨ੍ਹਾਂ ਜ਼ਮੀਨਾਂ ਦੀ ਕੀਮਤ ਪਿਛਲੇ ਤਿੰਨ ਸਾਲਾਂ ਦੌਰਾਨ ਸਬੰਧਤ ਪਿੰਡਾਂ ਵਿੱਚ ਹੋਈਆਂ ਰਜਿਸਟਰੀਆਂ ਦੀ ਔਸਤ ਦੇ ਆਧਾਰ ’ਤੇ ਤੈਅ ਕੀਤੀ ਹੈ। ਇਸ ਤਹਿਤ ਪਿੰਡ ਸਲਾਮਤਪੁਰ ਦੇ ਕਿਸਾਨਾਂ ਨੂੰ ਸਭ ਤੋਂ ਵੱਧ ਕਰੀਬ 6.46 ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲੇਗਾ। ਇਸੇ ਤਰ੍ਹਾਂ ਢੋਡੇਮਾਜਰਾ ਲਈ 6.40 ਕਰੋੜ, ਰਸੂਲਪੁਰ ਲਈ 5.91 ਕਰੋੜ, ਕੰਸਾਲਾ ਲਈ 5.46 ਕਰੋੜ, ਕਰਤਾਰਪੁਰ ਲਈ 5.43 ਕਰੋੜ, ਤਕੀਪੁਰ ਲਈ 4.99 ਕਰੋੜ, ਹੁਸ਼ਿਆਰਪੁਰ ਲਈ 4.98 ਕਰੋੜ ਅਤੇ ਰਾਜਗੜ੍ਹ ਤੇ ਮਾਜਰਾ ਲਈ 4.27 ਕਰੋੜ ਰੁਪਏ ਪ੍ਰਤੀ ਏਕੜ ਦਾ ਭਾਅ ਤੈਅ ਕੀਤਾ ਗਿਆ ਹੈ।
ਸੁਣਾਏ ਗਏ ਐਵਾਰਡ ਤਹਿਤ ਕਿਸਾਨਾਂ ਨੂੰ ਨਕਦ ਰਾਸ਼ੀ ਦੀ ਬਜਾਏ ‘ਲੈਂਡ ਪੂਲਿੰਗ’ ਲੈਣ ਦੀ ਖੁੱਲ੍ਹ ਹੋਵੇਗੀ। ਇਸ ਤਹਿਤ ਕਿਸਾਨ ਇੱਕ ਏਕੜ ਬਦਲੇ 1000 ਵਰਗ ਗਜ਼ ਰਿਹਾਇਸ਼ੀ ਅਤੇ 200 ਵਰਗ ਗਜ਼ ਵਪਾਰਕ ਥਾਂ ਲੈ ਸਕਦੇ ਹਨ। ਜੇ ਕਿਸੇ ਨੇ ਵਪਾਰਕ ਥਾਂ ਨਹੀਂ ਲੈਣੀ ਤਾਂ ਉਹ ਇੱਕ ਏਕੜ ਬਦਲੇ 1600 ਵਰਗ ਗਜ਼ ਰਿਹਾਇਸ਼ੀ ਪਲਾਟ ਲੈ ਸਕਦਾ ਹੈ। ਇਸ ਲਈ ਕਿਸਾਨਾਂ ਨੂੰ 120 ਦਿਨਾਂ ਦੇ ਅੰਦਰ ਦਰਖਾਸਤ ਦੇਣੀ ਪਵੇਗੀ।
ਕਿਸਾਨਾਂ ਨੂੰ ‘ਸਹੂਲਤ ਸਰਟੀਫ਼ਿਕੇਟ’ ਵੀ ਦਿੱਤਾ ਜਾਵੇਗਾ, ਜਿਸ ਨਾਲ ਉਹ ਪੰਜਾਬ ਵਿੱਚ ਕਿਤੇ ਵੀ ਖੇਤੀਬਾੜੀ ਵਾਲੀ ਜ਼ਮੀਨ ਖਰੀਦਣ ’ਤੇ ਦੋ ਸਾਲਾਂ ਦੇ ਅੰਦਰ-ਅੰਦਰ ਰਜਿਸਟਰੀ ਲਈ ਲੱਗਦੀ ਸਟੈਂਪ ਡਿਊਟੀ ਤੋਂ ਛੋਟ ਲੈ ਸਕਣਗੇ। ਇਸ ਤੋਂ ਇਲਾਵਾ ਖੇਤੀਬਾੜੀ ਲਈ ਬਿਜਲੀ ਕੁਨੈਕਸ਼ਨ, 25 ਹਜ਼ਾਰ ਰੁਪਏ ਸਾਲਾਨਾ ਗੁਜ਼ਾਰਾ ਭੱਤਾ ਅਤੇ ਖੇਤਾਂ ਵਿੱਚ ਲੱਗੇ ਦਰੱਖਤਾਂ ਦਾ ਵੱਖਰਾ ਮੁਆਵਜ਼ਾ ਵੀ ਮਿਲੇਗਾ। ਮੁਆਵਜ਼ੇ ਦੀ ਅਦਾਇਗੀ ਤੁਰੰਤ ਸ਼ੁਰੂ ਕਰ ਦਿੱਤੀ ਜਾਵੇਗੀ।