Chandigarh Mayor Election: ਚੰਡੀਗੜ੍ਹ ’ਚ ਮੇਅਰ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ

ਏਜੰਸੀ

ਖ਼ਬਰਾਂ, ਚੰਡੀਗੜ੍ਹ

ਕੌਂਸਲਰ ਗੁਰਬਖ਼ਸ਼ ਰਾਵਤ ਨੇ ਭਾਜਪਾ ਕੀਤੀ ਜੁਆਇਨ

Congress suffers setback before mayoral election in Chandigarh

 

Chandigarh Mayor Election: 30 ਜਨਵਰੀ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਹੋ ਰਹੀਆਂ ਹਨ ਜਿਸ ਦੇ ਚਲਦੇ ਭਾਜਪਾ ਨੇ ਅੱਜ ਕਾਂਗਰਸ ਪਾਰਟੀ ਵਿਚ ਵੱਡੀ ਸੰਨ੍ਹ ਲਗਾਈ। 

ਨਗਰ ਨਿਗਮ ਦੇ ਵਾਰਡ ਨੰਬਰ 27 ਦੀ ਕੌਂਸਲਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਂਬਰ ਤੇ ਸੀਨੀਅਰ ਕਾਂਗਰਸੀ ਵਰਕਰ ਗੁਰਬਖਸ਼ ਰਾਵਤ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਲ ਹੋ ਗਈ। ਇਸ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 33 ਸਥਿਤ ਭਾਜਪਾ ਦਫਤਰ ਕਮਲਮ ’ਚ ਇਕ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਥੇ ਕਾਂਗਰਸੀ ਕੌਂਸਲਰ ਗੁਰਬਖਸ਼ ਰਾਵਤ ਅਤੇ ਉਨ੍ਹਾਂ ਦੇ ਪਤੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ। ਰਾਵਤ ਜੋੜੇ ਨੂੰ ਭਾਜਪਾ ’ਚ ਸ਼ਾਮਲ ਕਰਵਾਉਣ ਮੌਕੇ ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਸੀਨੀਅਰ ਭਾਜਪਾ ਆਗੂ ਸੰਜੇ ਟੰਡਨ, ਸ਼ੁਭਾਸ ਚਾਵਲਾ, ਦਵਿੰਦਰ ਸਿੰਘ ਬਬਲਾ, ਸਾਬਕਾ ਮੇਅਰ ਅਨੂਪ ਗੁਪਤਾ, ਸਾਬਕਾ ਮੇਅਰ ਸਰਬਜੀਤ ਕੌਰ, ਭਾਜਪਾ ਦੀ ਮੇਅਰ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਤੋਂ ਇਲਾਵਾ ਭਾਜਪਾ ਦੇ ਕੌਂਸਲਰ ਵੀ ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਭਾਜਪਾ ਕੋਲ ਇਸ ਸਮੇਂ ਕੌਂਸਲਰਾਂ ਦੀ ਗਿਣਤੀ 16 ਹੋ ਚੁੱਕੀ ਹੈ ਜਦਕਿ ਕਾਂਗਰਸ ਕੋਲ ਸੱਤ ਕੌਂਸਲਰ ਸਨ। ਗੁਰਬਖਸ਼ ਰਾਵਤ ਦੇ ਜਾਣ ਕਾਰਨ ਹੁਣ ਕਾਂਗਰਸ ਕੋਲ ਕੌਂਸਲਰਾਂ ਦੀ ਗਿਣਤੀ 6 ਰਹਿ ਗਈ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਕੋਲ ਇਸ ਵੇਲੇ 19 ਕੌਂਸਲਰ ਹਨ। ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਵੋਟ ਮਿਲਾ ਕੇ ਇੰਡੀਆ ਗੱਠਜੋੜ ਕੋਲ 20 ਵੋਟਾਂ ਬਣਦੀਆਂ ਹਨ। 

ਇਸ ਮੌਕੇ ਸੰਬੋਧਨ ਕਰਦੇ ਹੋਏ ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਕਿਹਾ ਕਿ ਕਾਂਗਰਸ ’ਤੇ ਆਮ ਆਦਮੀ ਪਾਰਟੀ ਦਾ ਵਰਕਰ ਮਾਯੂਸ ਹੈ। ਵਰਕਰ ਨੂੰ ਕੁਝ ਸਮਝ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕ ਦੂਜੇ ਵਿਰੁਧ ਚੋਣਾਂ ਲੜ ਰਹੀਆਂ ਹਨ ਪਰ ਚੰਡੀਗੜ੍ਹ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਗਠਜੋੜ ਮਿਲ ਕੇ ਮੇਅਰ ਚੋਣਾਂ ਲੜ ਰਹੇ ਹਨ। ਭਾਜਪਾ ਪ੍ਰਧਾਨ ਮਲਹੋਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਦੇਖ ਕੇ ਅਤੇ ਦੇਸ਼ ਵਿਚ ਹੋ ਰਹੇ ਵਿਕਾਸ ਦੇ ਕੰਮਾਂ ਨੂੰ ਦੇਖ ਕੇ ਕਾਂਗਰਸੀ ਕੌਂਸਲਰ ਗੁਰਬਖਸ਼ ਰਾਵਤ ਭਾਰਤੀ ਜਨਤਾ ਪਾਰਟੀ ਦੇ ਪਰਵਾਰ ਵਿਚ ਸ਼ਾਮਲ ਹੋਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਮਾਣ ਅਤੇ ਸਤਿਕਾਰ ਦਿਤਾ ਜਾਵੇਗਾ। ਮਲਹੋਤਰਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਵਰਕਰ ਅਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ।