ਮਿਸ਼ਨ ਸੇਵਾ, ਚੰਡੀਗੜ੍ਹ ਨੇ ਪੀ.ਜੀ.ਆਈ. ਸੈਟੇਲਾਈਟ ਸੈਂਟਰ, ਸੰਗਰੂਰ ਲਈ ਐਂਬੂਲੈਂਸ ਦਾਨ ਕੀਤੀ
ਮਿਸ਼ਨ ਸੇਵਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਮਿਸ਼ਨ ਸੇਵਾ ਦੀ ਵਚਨਬੱਧਤਾ ਦੁਹਰਾਈ
ਚੰਡੀਗੜ੍ਹ: ਚੰਡੀਗੜ੍ਹ ਸਥਿਤ ਇਕ NGO ਮਿਸ਼ਨ ਸੇਵਾ ਨੇ ਸੈਟੇਲਾਈਟ ਸੈਂਟਰ, ਸੰਗਰੂਰ ਨੂੰ ਇਕ ਉਪਕਰਨਾਂ ਨਾਲ ਲੈਸ ਐਂਬੂਲੈਂਸ ਦਾਨ ਕੀਤੀ ਹੈ। ਐਂਬੂਲੈਂਸ ਦੀਆਂ ਚਾਬੀਆਂ ਅਤੇ ਦਸਤਾਵੇਜ਼ ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੂੰ ਮਿਸ਼ਨ ਸੇਵਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰੀਸਰਚ (ਪੀ.ਜੀ.ਆਈ.ਐਮ.ਈਆ.ਰ.), ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਸਮਾਰੋਹ ਦੌਰਾਨ ਭੇਟ ਕੀਤੇ।
ਵਿਵੇਕ ਲਾਲ ਨੇ ਦਾਨ ਲਈ ਧੰਨਵਾਦ ਕੀਤਾ ਅਤੇ ਸੈਟੇਲਾਈਟ ਸੈਂਟਰ ’ਚ ਮਰੀਜ਼ਾਂ ਦੇ ਵੱਧ ਭਾਰ ਨੂੰ ਵੇਖਦੇ ਹੋਏ ਐਮਰਜੈਂਸੀ ਦੌਰਾਨ ਜਾਨਾਂ ਬਚਾਉਣ ’ਚ ਐਂਬੂਲੈਂਸ ਦੀ ਮਹੱਤਵਪੂਰਣ ਭੂਮਿਕਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਹੋਰ ਪਰਉਪਕਾਰੀ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਵੀ ਦਿਆਲਤਾ ਦੇ ਕੰਮਾਂ ਰਾਹੀਂ ਇਸ ਮਕਸਦ ਦਾ ਸਮਰਥਨ ਕਰਨ ਲਈ ਉਤਸ਼ਾਹਤ ਕੀਤਾ।
ਰਾਜਵਿੰਦਰ ਸਿੰਘ ਨੇ ਪੀ.ਜੀ.ਆਈ. ਆਉਣ ਵਾਲੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਮਿਸ਼ਨ ਸੇਵਾ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣਾ ਜੀਵਨ ਬਚਾਉਣ ਵਾਲਾ ਹੋ ਸਕਦਾ ਹੈ, ਜਿਸ ਕਾਰਨ ਮਿਸ਼ਨ ਸੇਵਾ ਨੇ ਐਂਬੂਲੈਂਸ ਦਾਨ ਕਰਨ ਦਾ ਫੈਸਲਾ ਕੀਤਾ ਹੈ।
ਮਿਸ਼ਨ ਸੇਵਾ ਸਮਾਜ ’ਤੇ ਸਕਾਰਾਤਮਕ ਪ੍ਰਭਾਵ ਪਾਉਣ ਅਤੇ ਸਿਹਤ ਸੰਭਾਲ, ਸਿੱਖਿਆ, ਵਾਤਾਵਰਣ ਅਤੇ ਹੋਰ ਖੇਤਰਾਂ ’ਚ ਵੱਖ-ਵੱਖ ਪਹਿਲਕਦਮੀਆਂ ਅਤੇ ਪ੍ਰਾਜੈਕਟਾਂ ਰਾਹੀਂ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਸਮਰਪਿਤ ਹੈ। ਐਂਬੂਲੈਂਸ ਦਾ ਦਾਨ ਸੈਟੇਲਾਈਟ ਸੈਂਟਰ, ਸੰਗਰੂਰ ਵਿਖੇ ਸਿਹਤ ਸਹੂਲਤਾਂ ਨੂੰ ਵਧਾਉਣ ਦੀ ਦਿਸ਼ਾ ’ਚ ਇਕ ਕਦਮ ਹੈ, ਜਿਸ ਦਾ ਉਦੇਸ਼ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਚਾਉਣਾ ਅਤੇ ਸੁਧਾਰਨਾ ਹੈ। ਮਿਸ਼ਨ ਸੇਵਾ ਦੇ ਹੋਰ ਯੋਗਦਾਨ ਪਾਉਣ ਵਾਲੇ ਮੈਂਬਰਾਂ ’ਚ ਸੀਨੀਅਰ ਮੀਤ ਪ੍ਰਧਾਨ ਜੱਸਣ ਸਿੰਗਲਾ, ਮੀਤ ਪ੍ਰਧਾਨ ਸੁਖਵੰਤ ਗਰੇਵਾਲ, ਜਨਰਲ ਸਕੱਤਰ ਗਗਨਦੀਪ ਸਿੰਘ ਅਤੇ ਅਮਰੀਕਾ ਤੋਂ ਗੁਰਵਿੰਦਰ ਸਿੰਘ ਸ਼ਾਮਲ ਹਨ।