ਪਹਿਲਗਾਮ ਹਮਲੇ ’ਚ ਵਰਤੇ ਗਏ ਹਥਿਆਰਾਂ ਦੀ ਹੋਈ ਪੁਸ਼ਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

CFSL ਚੰਡੀਗੜ੍ਹ ’ਚ ਹੋਈ ਫੋਰੈਂਸਿਕ ਜਾਂਚ ਨੇ ਕੀਤਾ ਖੁਲਾਸਾ

Weapons used in Pahalgam attack confirmed

ਚੰਡੀਗੜ੍ਹ: ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਹਮਲੇ ’ਚ ਅੱਤਵਾਦੀਆਂ ਵਲੋਂ ਵਰਤੋਂ ਕੀਤੇ ਗਏ ਹਥਿਆਰਾਂ ਦੀ ਪੁਸ਼ਟੀ ਹੋ ਗਈ ਹੈ। ਅੱਜ ਚੰਡੀਗੜ੍ਹ ਦੇ ਸੈਕਟਰ-36 ਸਥਿਤ ਕੇਂਦਰੀ ਫੋਰੈਂਸਿਕ ਵਿਗਿਆਨਿਕ ਲੈਬੋਰਟਰੀ (ਸੀ. ਐਫ. ਐੱਸ. ਐਲ.) ਵਲੋਂ ਪਹਿਲਗਾਮ ਹਮਲੇ ਦੌਰਾਨ ਬਰਾਮਦ ਕੀਤੀਆਂ ਗੋਲੀਆਂ ਦੇ ਖੋਲ੍ਹ ਅਤੇ ਕੱਲ੍ਹ ਸ੍ਰੀਨਗਰ ਦੇ ਜੰਗਲਾਂ ’ਚ ਮਾਰੇ ਗਏ ਤਿੰਨ ਅੱਤਵਾਦੀਆਂ ਕੋਲੋਂ ਮਿਲੇ ਹਥਿਆਰਾਂ ਦੀ ਵਿਗਿਆਨਿਕ ਜਾਂਚ ਕੀਤੀ ਗਈ।

ਬੈਲੇਸਟਿਕ ਰਿਪੋਰਟ ਵਿਚ ਇਹ ਸਾਹਮਣੇ ਆਇਆ ਹੈ ਕਿ ਹਮਲੇ ਵਿਚ ਵਰਤੇ ਗਏ ਹਥਿਆਰ ਉਹ ਹੀ ਸਨ, ਜੋ ਬੀਤੇ ਦਿਨੀਂ ਮਾਰੇ ਗਏ ਤਿੰਨ ਅੱਤਵਾਦੀਆਂ ਕੋਲੋਂ ਬਰਾਮਦ ਹੋਏ ਸਨ। ਇਹ ਤਿੰਨ ਅੱਤਵਾਦੀ ਕੱਲ੍ਹ ਭਾਰਤੀ ਫੌਜ ਦੀ ਇਕਾਈ ਰਾਸ਼ਟਰੀ ਰਾਈਫਲਜ਼ ਨਾਲ ਹੋਏ ਇਕ ਮੁਕਾਬਲੇ ਦੌਰਾਨ ਮਾਰੇ ਗਏ ਸਨ। ਹਥਿਆਰਾਂ ਦੀ ਜਾਂਚ ਤੋਂ ਇਹ ਵੀ ਸਿੱਧ ਹੋ ਗਿਆ ਕਿ ਇਹ ਹੀ ਹਥਿਆਰ ਪਹਿਲਗਾਮ ਹਮਲੇ ਵਿਚ ਵਰਤੇ ਗਏ ਸਨ, ਜਿਸ ਵਿਚ ਸੈਲਾਨੀਆਂ ਅਤੇ ਆਮ ਨਾਗਰਿਕਾਂ ’ਤੇ ਨਿਸ਼ਾਨਾ ਸਾਧਿਆ ਗਿਆ ਸੀ।

ਸੂਤਰਾਂ ਅਨੁਸਾਰ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਹੁਣ ਇਨ੍ਹਾਂ ਹਥਿਆਰਾਂ ਅਤੇ ਅੱਤਵਾਦੀਆਂ ਦੇ ਪਿਛੋਕੜ ਨੂੰ ਖੰਗਾਲਣ ’ਚ ਜੁੱਟੀਆਂ ਹੋਈਆਂ ਹਨ, ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਹਥਿਆਰ ਕਿੱਥੋਂ ਆਏ ਸਨ। ਇਸ ਤਾਜ਼ਾ ਖੁਲਾਸੇ ਨਾਲ ਪਹਿਲਗਾਮ ਹਮਲੇ ਦੀ ਜਾਂਚ ਇਕ ਨਵੇਂ ਮੋੜ ’ਤੇ ਪਹੁੰਚ ਗਈ ਹੈ।