ਰਾਸ਼ਟਰਪਤੀ ਤੋਂ ਬਾਲ ਪੁਰਸਕਾਰ ਹਾਸਲ ਕਰਨ ਵਾਲੇ ਬੇਸਹਾਰਾ ਵੰਸ਼ ਨੇ ਦੂਜਿਆਂ ਨੂੰ ਦਿੱਤਾ ਸਹਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਕਿਹਾ : ਤਣਾਅ ਘੱਟ ਕਰਨ ਲਈ ਮੋਬਾਇਲ ਫ਼ੋਨ ਅਤੇ ਸੋਸ਼ਲ ਮੀਡੀਆ ਨੂੰ ਛੱਡੋ ਅਤੇ ਨੇਚਰ ਨਾਲ ਜੁੜੋ

The orphaned family that received the Presidential Children's Award gave support to others

ਚੰਡੀਗੜ੍ਹ : ਜਿਸ ਉਮਰ ’ਚ ਬੱਚੇ ਆਪਣੇ ਮਾਂ-ਬਾਪ ਦੀ ਦੇਖ-ਰੇਖ ਹੇਠ ਪਲਦੇ ਅਤੇ ਵੱਡੇ ਹੁੰਦੇ ਹਨ ਉਸੇ ਉਮਰ ’ਚ ਵੰਸ਼ ਤਾਇਲ ਨੇ ਆਪਣੇ ਮਾਤਾ-ਪਿਤਾ ਨੂੰ ਖੋ ਦਿੱਤਾ ਸੀ। 13-14 ਸਾਲ ਦੀ ਉਮਰ ’ਚ ਹੀ ਵੰਸ਼ ਨੇ ਇਸ ਦਰਦ ਨੂੰ ਸਹਿਨ ਕਰਦੇ ਹੋਏ ਹੋਰ ਲੋਕਾਂ ਦੀ ਸੇਵਾ ਕਰਨ ਦਾ ਬੀੜਾ ਚੁੱਕਿਆ।  ਵੰਸ਼ ਖੁਦ ਬੇਸਹਾਰਾ ਸੀ ਪਰ ਮਲੋਆ ਦੇ ਸਨੇਹਾਲਿਆ ’ਚ ਰਹਿੰਦੇ ਹੋਏ  ਉਹ ਦੂਜਿਆਂ ਦੇ ਲਈ ਸਹਾਰਾ ਬਣਿਆ। ਜਿਸ ਦੇ ਚਲਦਿਆਂ ਲੰਘੇ ਸ਼ੁੱਕਰਵਾਰ ਵੰਸ਼ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਨਵੀਂ ਦਿੱਲੀ ’ਚ ਵੰਸ਼ ਨੂੰ ਇਹ ਪੁਰਸਕਾਰ ਦਿੱਤਾ ਗਿਆ।
ਵੰਸ਼ ਨੇ ਦੱਸਿਆ ਕਿ ਉਹ ਚੰਡੀਗੜ੍ਹ ਦਾ ਹੀ ਰਹਿਣ ਵਾਲਾ ਹੈ ਅਤੇ ਉਸ ਨੂੰ ਬਾਲ ਪੁਰਸਕਾਰ ਹਾਸਲ ਕਰਨ ’ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਵੰਸ਼ ਨੇ ਦੱਸਿਆ ਕਿ ਰਾਸ਼ਟਰਪਤੀ ਵੱਲੋਂ ਉਸ ਨੂੰ ਇਕ ਮੈਡਲ, ਇਕ ਪ੍ਰਮਾਣ ਪੱਤਰ, ਇਕ ਟੈਬ ਅਤੇ ਇਕ ਲੱਖ ਰੁਪਏ ਦਾ ਇਨਾਮ ਮਿਲਿਆ ਹੈ। ਵੰਸ਼ ਨੇ ਦੱਸਿਆ ਕਿ ਮੈਂ ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਕਾਫ਼ੀ ਟੁੱਟ ਗਿਆ ਸੀ ਪਰ ਜਦੋਂ ਮੈਂ ਇਕ ਛੇ ਸਾਲਾ ਬੱਚੇ ਨਿਰਭਵ ਨੂੰ ਦੇਖਿਆ ਜੋ ਚੱਲਣ-ਫਿਰਨ ਤੋਂ ਅਸਮਰੱਥ ਸੀ। ਮੈਂ ਸੋਚਿਆ ਕਿ ਜਦੋਂ ਇਹ ਬੱਚਾ ਆਪਣੀ ਜ਼ਿੰਦਗੀ ਜੀਅ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਆਪਣੀ ਜ਼ਿੰਦਗੀ ਨਹੀਂ ਜੀ ਸਕਦਾ ਹੈ। ਨਿਰਭਵ ਦੇ ਲਈ ਸਨੇਹਾਲਿਆ ਵਿਖੇ ਫਿਜੀਓਥੈਰੇਪਿਸਟ ਆਉਂਦੇ ਸਨ, ਪਰ ਉਹ ਸੀਮਤ ਸਮੇਂ ਦੇ ਲਈ ਹੁੰਦੇ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਨਿਰਭਵ ਦਾ ਹੱਥ ਵੰਸ਼ ਨੇ ਫੜਿਆ। ਮੈਂ ਸਕੂਲ ਤੋਂ ਵਾਪਸ ਆ ਕੇ ਨਿਰਭਵ ਨੂੰ ਐਕਸਰਸਾਈਜ਼ ਕਰਵਾਉਂਦਾ, ਖਾਣਾ ਖਵਾਉਂਦਾ ਅਤੇ ਸ਼ਨੀਵਾਰ-ਐਤਵਾਰ ਮੈਂ ਉਸ ਦੇ ਨਾਲ ਪੂਰਾ ਸਮਾਂ ਬਿਤਾਉਂਦਾ। ਹੋਲੀ-ਹੌਲੀ ਮੇਰੀ ਮਿਹਨਤ ਰੰਗ ਲਿਆਈ ਅਤੇ ਨਿਰਭਵ ਚੱਲਣ ਲੱਗਿਆ। ਸਨੇਹਾਲਿਆ ’ਚ ਰਹਿਣ ਵਾਲੇ ਹੋਰ ਬੱਚਿਆਂ ਦੇ ਲਈ ਮੈਂ ਸਾਈਨ ਲੈਂਗੁਏਜ਼ ਸਿੱਖੀ ਤਾਂ ਜੋ ਉਨ੍ਹਾਂ ਦੀਆਂ ਗੱਲਾਂ ਸਮਝ ਆ ਸਕਣ ਅਤੇ ਮੈਂ ਉਨ੍ਹਾਂ ਦਾ ਦਰਦ ਵੰਡਾ ਸਕਾਂ। ਇਸ ਤੋਂ ਇਲਾਵਾ ਮੈਂ ਬਹੁਤ ਸਾਰੇ ਪੌਦੇ ਵੀ ਲਗਵਾਏ। ਵੰਸ਼ ਨੇ ਗੱਲਬਾਤ ਦੌਰਾਨ ਕਿਹਾ ਕਿ ਜੀਵਨ ਵਿਚ ਭਾਵੇਂ ਜਿੰਨੀਆਂ ਮਰਜ਼ੀ ਮੁਸ਼ਕਿਲਾਂ ਕਿਉਂ ਨਾ ਆਉਣ ਇਨਸਾਨ ਨੂੰ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਲਗਾਤਾਰ ਮਿਹਨਤ ਕਰਦੇ ਰਹਿਣੇ ਚਾਹੀਦਾ ਹੈ।

ਜਦੋਂ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਤਾਂ ਉਨ੍ਹਾਂ ਕਿਹਾ ਕਿ ਬੱਚੇ ਫ਼ੋਨ ਨੂੰ ਛੱਡਣ ਅਤੇ ਸਮਾਜ ਸੇਵਾ ਵੱਲ ਥੋੜ੍ਹਾ ਧਿਆਨ ਦੇਣ। ਉਨ੍ਹਾਂ ਜੇਕਰ ਇਕੱਲਾ ਇੰਨਾ ਕੁੱਝ ਕਰ ਸਕਦਾ ਹਾਂ ਤਾਂ ਅਸੀਂ ਸਾਰੇ ਮਿਲ ਕੇ ਕੀ ਕੁੱਝ ਨਹੀਂ ਕਰ ਸਕਦੇ। ਅਸੀਂ ਸਾਰੇ ਮਿਲ ਕੇ ਨਵੇਂ ਭਾਰਤ ਦਾ ਨਿਰਮਾਣ ਵੀ ਕਰ ਸਕਦੇ ਹਾਂ। ਸਨੇਹਾਲਿਆ ਬਾਰੇ ਬੋਲਦੇ ਹੋਏ ਵੰਸ਼ ਨੇ ਕਿਹਾ ਕਿ ਇਥੋਂ ਦਾ ਮਾਹੌਲ ਵਧੀਆ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਘਰ ’ਚ ਸਪੋਰਟ ਮਿਲਦਾ ਹੈ ਉਸੇ ਤਰ੍ਹਾਂ ਸਾਨੂੰ ਇਥੋਂ ਬਹੁਤ ਸਪੋਰਟ ਮਿਲਦੀ ਹੈ ਅਤੇ ਇਥੋਂ ਦੀ ਮੈਂ ਜਿੰਨੀ ਪ੍ਰਸ਼ੰਸਾ ਕਰ ਸਕਾਂ ਓਨੀ ਥੋੜ੍ਹੀ ਹੈ। ਤਣਾਅ ਸਬੰਧੀ ਬੋਲਦੇ ਹੋਏ ਵੰਸ਼ ਨੇ ਕਿਹਾ ਕਿ ਤਣਾਅ ਨੂੰ ਘੱਟ ਕਰਨ ਲਈ ਫੋ਼ਨ ਛੱਡੋ, ਸੋਸ਼ਲ ਮੀਡੀਆ ਨੂੰ ਛੱਡੋ ਅਤੇ ਨੇਚਰ ਦੇ ਨਾਲ ਜੁੜੋ ਅਤੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰੋ, ਯੋਗਾ ਕਰੋ, ਮੈਡੀਟੇਸ਼ਨ ਕਰੋ ਜਿਸ ਨਾਲ ਤੁਹਾਡਾ ਤਣਾਅ ਬਹੁਤ ਹੱਦ ਤੱਕ ਘੱਟ ਹੋ ਜਾਵੇਗਾ।