ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਧੀ ਸੋਫ਼ੀਆ ਨੂੰ ਜਨਮ ਦਿਨ ਮੌਕੇ ਦਿੱਤੀ ਵਧਾਈ
ਕਿਹਾ : ਤੇਰੀ ਆਮਦ ਸਾਡੇ ਵਿਹੜੇ ਲਈ ਸੱਚਮੁੱਚ ਖੁਸ਼ੀਆਂ ਲੈ ਕੇ ਆਈ ਹੈ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਧੀ ਸੋਫੀਆ ਕੁਲਰੀਤ ਨੂੰ ਜਨਮ ਦਿਨ ਮੌਕੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੇਰੀ ਰੂਹ ਦੀ ਰੰਗਤ, ਮੇਰੀ ਪਿਆਰੀ ਧੀ ਸੋਫੀਆ ਕੁਲਰੀਤ ਨੂੰ ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ। ਉਨ੍ਹਾਂ ਅੱਗੇ ਕਿਹਾ ਕਿ ਤੇਰੀ ਆਮਦ ਸਾਡੇ ਵਿਹੜੇ ਲਈ ਸੱਚਮੁੱਚ ਖੁਸ਼ੀਆਂ ਤੇ ਖੇੜੇ ਲੈ ਆਈ ਹੈ। ਤੇਰਾ ਚਿਹਰੇ ਨੂੰ ਦੇਖ ਕੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਕੋਈ ਸ਼ਾਇਰ ਦਿਲੋਂ ‘ਗ਼ਜ਼ਲ਼’ ਲਿਖ ਰਿਹਾ ਹੋਵੇ, ਜਿਸ ਦੇ ਹਰ ਅੱਖਰ ਵਿਚ ਪਿਆਰ ਹਰ ਸੁਰ ਵਿਚ ਮਿਠਾਸ ਹੁੰਦੀ ਹੈ। ਜਨਮ ਦਿਨ ਦੇ ਇਹ ਖੂਬਸੂਰਤ ਪਲ ਉਸ ਸਮੇਂ ਹੋਰ ਵੀ ਯਾਦਗਾਰ ਬਣ ਗਏ ਜਦੋਂ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਵੀ ਜਨਮ ਦਿਨ ਮੌਕੇ ਹਾਜ਼ਰੀ ਭਰੀ ਅਤੇ ਉਨ੍ਹਾਂ ਵੱਲੋਂ ਧੀ ਸੋਫੀਆ ਨੂੰ ਸਿਰ ’ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ।
ਕੁਲਤਾਰ ਸਿੰਘ ਸੰਧਵਾਂ ਨੇ ਅੱਗੇ ਕਿਹਾ ਕਿ ਤੂੰ ਸਿਰ ਧੀ ਨਹੀਂ, ਤੂੰ ਤਾਂ ਸਾਡੇ ਸਿਰ ਦਾ ਤਾਜ ਹੈਂ, ਕਿਉਂਕਿ ਧੀਆਂ ਕਦੇ ਸਿਰ ’ਤੇ ਭਾਰ ਨਹੀਂ ਹੁੰਦੀਆਂ, ਸਗੋਂ ਧੀਆਂ ਤਾਂ ਸਿਰ ਦਾ ਤਾਜ ਹੰਦੀਆਂ ਨੇ ਤੂੰ ਸਾਡਾ ਮਾਣ ਹੈਂ। ਵਾਹਿਗੁਰੂ ਤੈਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ, ਤੂੰ ਹਮੇਸ਼ਾਂ ਫੁੱਲਾਂ ਵਾਂਗ ਖਿੜੀ ਰਹੇ ਅਤੇ ਪ੍ਰਮਾਤਮਾ ਤੈਨੂੰ ਹਰ ਕਦਮ ’ਤੇ ਕਾਮਯਾਬੀ ਬਖਸ਼ੇ।