Maharana Pratap ਦੀ ਵਿਰਾਸਤ ਵਾਲੇ ਬਿਆਨ ’ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਗੀ ਮੁਆਫ਼ੀ
ਕਿਹਾ : ਜੇਕਰ ਮੇਰੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ
ਚੰਡੀਗੜ੍ਹ : ਮਹਾਰਾਣਾ ਪ੍ਰਤਾਪ ਨੂੰ ਲੈ ਕੇ ਦਿੱਤੇ ਗਏ ਇੱਕ ਬਿਆਨ ਤੇ ਉੱਠੇ ਵਿਵਾਦ ਤੋਂ ਲਗਭਗ ਅੱਠ ਦਿਨ ਬਾਅਦ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਜਨਤਕ ਤੌਰ ਤੇ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਾਸ਼ਣ ਦੇ ਇੱਕ ਹਿੱਸੇ 'ਮਹਾਰਾਣਾ ਪ੍ਰਤਾਪ ਨੂੰ ਅਸੀਂ ਜਿੰਦਾ ਕੀਤਾ' ਤੋਂ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫੀ ਮੰਗਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਝ ਕਹਿਣਾ ਉਨ੍ਹਾਂ ਦਾ ਮਕਸਦ ਨਹੀਂ ਸੀ ਅਤੇ ਉਨ੍ਹਾਂ ਦੇ ਸ਼ਬਦਾਂ ਦੇ ਭਾਵ ਨੂੰ ਗਲਤ ਸੰਦਰਭ ਵਿੱਚ ਲਿਆ ਗਿਆ।
ਕਟਾਰੀਆ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਆਪਣਾ ਪੱਖ ਰੱਖਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਭਾਸ਼ਣ ਨੂੰ ਸ਼ੁਰੂ ਤੋਂ ਅੰਤ ਤੱਕ ਸੁਣਿਆ ਜਾਵੇ, ਤਾਂ ਜੋ ਉਨ੍ਹਾਂ ਦੇ ਵਿਚਾਰਾਂ ਦਾ ਸਹੀ ਅਰਥ ਸਮਝਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਡੂੰਘੀ ਸ਼ਰਧਾ ਅਤੇ ਸਤਿਕਾਰ ਹੈ।
ਉਨ੍ਹਾਂ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਨੂੰ ਯਾਦ ਕਰਦੇ ਹੋਏ ਦੱਸਿਆ ਕਿ 33 ਸਾਲ ਦੀ ਉਮਰ ਵਿੱਚ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਤਤਕਾਲੀਨ ਮੁੱਖ ਮੰਤਰੀ ਭੈਰੋਂ ਸਿੰਘ ਸ਼ੇਖਾਵਤ ਤੋਂ ਅਪੀਲ ਕਰਕੇ ਮੇਵਾੜ ਕੰਪਲੈਕਸ ਯੋਜਨਾ ਨੂੰ ਮਨਜ਼ੂਰੀ ਦਿਵਾਈ ਸੀ। ਇਸੇ ਯੋਜਨਾ ਅਧੀਨ ਕੁੰਭਲਗੜ੍ਹ, ਗੋਗੁੰਦਾ, ਚਾਵੰਡ ਅਤੇ ਹਲਦੀਘਾਟੀ ਵਰਗੇ ਇਤਿਹਾਸਕ ਸਥਾਨਾਂ ਦੇ ਵਿਕਾਸ ਦੀ ਪ੍ਰਕਿਰਿਆ ਸ਼ੁਰੂ ਹੋਈ।
ਕਟਾਰੀਆ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਬਿਆਨ ਕਾਂਗਰਸ ਸ਼ਾਸਨਕਾਲ ਦੇ ਸੰਦਰਭ ਵਿੱਚ ਸੀ। ਉਨ੍ਹਾਂ ਕਿਹਾ ਕਿ 1947 ਤੋਂ 1977 ਤੱਕ ਕਾਂਗਰਸ ਦੀਆਂ ਸਰਕਾਰਾਂ ਰਹੀਆਂ, ਪਰ ਉਸ ਦੌਰ ਵਿੱਚ ਮਹਾਰਾਣਾ ਪ੍ਰਤਾਪ ਦੇ ਜੀਵਨ ਅਤੇ ਗਾਥਾਵਾਂ ਨੂੰ ਵਿਆਪਕ ਤੌਰ ’ਤੇ ਸਾਹਮਣੇ ਲਿਆਉਣ ਲਈ ਠੋਸ ਯਤਨ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਦੀ ਸਰਕਾਰ ਨੇ ਇਸ ਦਿਸ਼ਾ ਵਿੱਚ ਪਹਿਲ ਕੀਤੀ ਅਤੇ ਅੱਜ ਵੀ ਸਰਕਾਰ ਨੇ ਮਹਾਰਾਣਾ ਪ੍ਰਤਾਪ ਨਾਲ ਜੁੜੇ ਸਥਾਨਾਂ ਦੇ ਵਿਕਾਸ ਲਈ 175 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਮਤਲਬ ਇਹ ਸੀ ਕਿ ਮਹਾਰਾਣਾ ਪ੍ਰਤਾਪ ਦੀ ਵੀਰਤਾ ਅਤੇ ਸੰਘਰਸ਼ ਦੀਆਂ ਕਹਾਣੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਕੰਮ ਪਹਿਲਾਂ ਵੀ ਕੀਤਾ ਜਾ ਸਕਦਾ ਸੀ। ਜੇਕਰ ਉਨ੍ਹਾਂ ਦੇ ਸ਼ਬਦਾਂ ਤੋਂ ਇਹ ਪ੍ਰਤੀਤ ਹੋਇਆ ਕਿ ਉਨ੍ਹਾਂ ਨੇ ਮਹਾਰਾਣਾ ਪ੍ਰਤਾਪ ਨੂੰ 'ਜਿੰਦਾ ਕਰਨ' ਦੀ ਗੱਲ ਕਹੀ, ਤਾਂ ਉਸ ਲਈ ਉਹ ਦੁੱਖ ਪ੍ਰਗਟ ਕਰਦੇ ਹਨ। ਕਟਾਰੀਆ ਨੇ ਦੁਹਰਾਇਆ ਕਿ ਮਹਾਰਾਣਾ ਪ੍ਰਤਾਪ ਪ੍ਰਤੀ ਉਨ੍ਹਾਂ ਦਾ ਪੂਰਾ ਸਤਿਕਾਰ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪੂਰੇ ਭਾਸ਼ਣ ਨੂੰ ਸੰਦਰਭ ਸਹਿਤ ਸੁਣਨ ਅਤੇ ਜੇਕਰ ਕੋਈ ਸੁਝਾਅ ਹੋਵੇ ਤਾਂ ਜ਼ਰੂਰ ਦੇਣ।