ਹਰਿਆਣਾ ਪੁਲਿਸ ਨੇ ਗਾਇਕ ਮਾਸੂਮ ਸ਼ਰਮਾ ਦੇ ਦਾਅਵੇ ਨੂੰ ਕੀਤਾ ਰੱਦ
ਬੰਦੂਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਵਿਰੁਧ ਕਾਰਵਾਈ ਨਿਰਪੱਖ ਹੈ : ਪੁਲਿਸ ਅਧਿਕਾਰੀ
ਚੰਡੀਗੜ੍ਹ: ਹਰਿਆਣਾ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਬੰਦੂਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਅਤੇ ਹਿੰਸਾ ਦਾ ਗੁਣਗਾਨ ਕਰਨ ਵਾਲੇ ਗੀਤਾਂ ਵਿਰੁਧ ਕਾਰਵਾਈ ਨਿਰਪੱਖ ਤਰੀਕੇ ਨਾਲ ਕੀਤੀ ਜਾ ਰਹੀ ਹੈ। ਹਾਲਾਂਕਿ ਕੁੱਝ ਗਾਇਕਾਂ ਨੇ ਕਿਹਾ ਕਿ ਅਜਿਹੇ ਸਿਰਫ ਕੁੱਝ ਕੁ ਹੀ ਨਹੀਂ, ਬਲਕਿ ਸਾਰੇ ਗੀਤ ਸੋਸ਼ਲ ਮੀਡੀਆ ਤੋਂ ਹਟਾ ਦਿਤੇ ਜਾਣੇ ਚਾਹੀਦੇ ਹਨ।
ਹਰਿਆਣਾ ਪੁਲਿਸ ਨੇ ਹਾਲ ਹੀ ’ਚ ਗਾਣਿਆਂ ’ਚ ਬੰਦੂਕ ਸਭਿਆਚਾਰ ਅਤੇ ਹਿੰਸਾ ਨੂੰ ਉਤਸ਼ਾਹਤ ਕਰਨ ਤੋਂ ਰੋਕਣ ਲਈ ਅਪਣੀ ਕਾਰਵਾਈ ਤੇਜ਼ ਕਰ ਦਿਤੀ ਹੈ, ਅਤੇ ਇਹ ਪਹਿਲ ਗਾਇਕਾਂ, ਸੋਸ਼ਲ ਮੀਡੀਆ ਅਤੇ ਹੋਰ ਅਜਿਹੇ ਮੰਚਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਜੋ ਬੰਦੂਕ ਸਭਿਆਚਾਰ ਦੀ ‘ਮਹਿਮਾ’ ਕਰਦੇ ਹਨ ਜਾਂ ਨਫ਼ਰਤ ਭੜਕਾਉਂਦੇ ਹਨ।
ਅਧਿਕਾਰੀ ਨੇ ਕਿਹਾ ਕਿ ਸਾਈਬਰ ਕ੍ਰਾਈਮ ਯੂਨਿਟ ਦੀਆਂ ਟੀਮਾਂ ਸੋਸ਼ਲ ਮੀਡੀਆ ’ਤੇ ਨਜ਼ਰ ਰਖਦੀਆਂ ਹਨ ਅਤੇ ਲੋੜ ਪੈਣ ’ਤੇ ਉਚਿਤ ਕਾਰਵਾਈ ਕਰਦੀਆਂ ਹਨ। ਅਧਿਕਾਰੀ ਨੇ ਕਿਹਾ ਕਿ ਅਜਿਹੇ ਗਾਣੇ ਜਾਂ ਸੰਗੀਤ ਵੀਡੀਉ ਵੱਡੀ ਗਿਣਤੀ ’ਚ ਦਰਸ਼ਕ ਬਣਦੇ ਹਨ ਅਤੇ ਨੌਜੁਆਨਾਂ ’ਤੇ ਮਾੜਾ ਅਸਰ ਪਾਉਣ ਦੀ ਸੰਭਾਵਨਾ ਰਖਦੇ ਹਨ।
ਪਿਛਲੇ ਮਹੀਨੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਤੋਂ 10 ਤੋਂ ਵੱਧ ਗਾਣੇ ਹਟਾਏ ਗਏ ਸਨ, ਜਿਨ੍ਹਾਂ ਵਿਚੋਂ ਸੱਤ ਨੂੰ ਮਸ਼ਹੂਰ ਹਰਿਆਣਵੀ ਗਾਇਕਾ ਮਾਸੂਮ ਸ਼ਰਮਾ ਨੇ ਗਾਇਆ ਸੀ। ਮਾਸੂਮ ਸ਼ਰਮਾ ਨੇ ਕਿਹਾ, ‘‘ਮੇਰਾ ਇਕੋ ਇਕ ਨੁਕਤਾ ਹੈ ਕਿ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਦਸ ਗਾਣਿਆਂ ’ਤੇ ਪਾਬੰਦੀ ਲਗਾਈ ਗਈ ਹੈ, ਇਨ੍ਹਾਂ ਵਿਚੋਂ ਸੱਤ ਮੇਰੇ ਹਨ... ਜਦੋਂ ਮੈਂ ਹਾਲ ਹੀ ’ਚ ਗੁਰੂਗ੍ਰਾਮ ’ਚ ਇਕ ਪ੍ਰੋਗਰਾਮ ਕਰ ਰਿਹਾ ਸੀ, ਤਾਂ ਹਰਿਆਣਾ ਪੁਲਿਸ ਨੇ ਮੈਨੂੰ ਲਿਖਤੀ ਭਰੋਸਾ ਦਿਤਾ ਕਿ ਮੈਂ ਪਾਬੰਦੀਸ਼ੁਦਾ ਗਾਣਿਆਂ ’ਚੋਂ ਕੋਈ ਵੀ ਨਹੀਂ ਗਾਵਾਂਗਾ।’’
ਉਨ੍ਹਾਂ ਕਿਹਾ, ‘‘ਜੇਕਰ ਸਾਰੇ ਗਾਣੇ ਹਟਾ ਦਿਤੇ ਜਾਂਦੇ ਹਨ ਤਾਂ ਮੈਂ ਸਰਕਾਰ ਦੇ ਨਾਲ ਹਾਂ। ਪਰ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਹੋਰ ਕਲਾਕਾਰਾਂ ਦੇ ਬਹੁਤ ਸਾਰੇ ਗਾਣੇ ਹਨ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਨਹੀਂ ਗਿਆ ਹੈ।’’ ਸ਼ਰਮਾ (33) ਨੇ ਪੱਤਰਕਾਰਾਂ ਨੂੰ ਕਿਹਾ, ‘‘ਜੇਕਰ ਸਰਕਾਰ ਨੇ ਮੇਰੇ ਤੋਂ ਸ਼ੁਰੂਆਤ ਕੀਤੀ ਹੈ ਤਾਂ ਇਹ ਚੰਗੀ ਗੱਲ ਹੈ ਪਰ ਕਾਰਵਾਈ ਨਿਰਪੱਖ ਹੋਣੀ ਚਾਹੀਦੀ ਹੈ।’’ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਕੁੱਝ ਗਾਣੇ, ਜਿਨ੍ਹਾਂ ਨੂੰ ਲੱਖਾਂ ਦੀ ਗਿਣਤੀ ’ਚ ਦਰਸ਼ਕ ਮਿਲੇ ਸਨ, ਨੂੰ ਹਟਾ ਦਿਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੋਇਆ ਹੈ।
ਇਸ ਦੌਰਾਨ ਪੁਲਿਸ ਅਧਿਕਾਰੀ ਨੇ ਕਿਹਾ, ‘‘ਬਹੁਤ ਨਿਰਪੱਖ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਹਰ ਸ਼ਬਦ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਸਾਨੂੰ ਸਨਮਾਨ ਕਰਨਾ ਚਾਹੀਦਾ ਹੈ। ਪਰ ਸਾਨੂੰ ਇਹ ਵੇਖਣਾ ਪਵੇਗਾ ਕਿ ਸੀਮਾਵਾਂ ਕਿੱਥੇ ਪਾਰ ਕੀਤੀਆਂ ਜਾਂਦੀਆਂ ਹਨ। ਸਹੀ ਜਾਂਚ ਕੀਤੀ ਜਾਂਦੀ ਹੈ ... ਫਿਰ ਕਾਰਵਾਈ ਕੀਤੀ ਜਾਂਦੀ ਹੈ।’’
ਸਰਕਾਰ ਦੀ ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 2019 ਦੇ ਉਸ ਹੁਕਮ ਨਾਲ ਮੇਲ ਖਾਂਦੀ ਹੈ ਜਿਸ ’ਚ ਸ਼ਰਾਬ, ਨਸ਼ਿਆਂ ਅਤੇ ਹਿੰਸਾ ਦੀ ਮਹਿਮਾ ਕਰਨ ਵਾਲੇ ਗਾਣਿਆਂ ਦੀ ਪੇਸ਼ਕਾਰੀ ਅਤੇ ਜਸ਼ਨ ਮਨਾਉਣ ’ਤੇ ਪਾਬੰਦੀ ਲਗਾਈ ਗਈ ਸੀ।
ਕਈ ਖਾਪ ਪੰਚਾਇਤਾਂ ਨੇ ਵੀ ਅਜਿਹੇ ਗੀਤਾਂ ਵਿਰੁਧ ਸਖਤ ਕਾਰਵਾਈ ਦੀ ਹਮਾਇਤ ਕੀਤੀ ਹੈ। ਹਾਲ ਹੀ ’ਚ ਹੋਈ ਇਕ ਮੀਟਿੰਗ ’ਚ ਕੰਡੇਲਾ, ਪੂਨੀਆ, ਮਾਜਰਾ ਅਤੇ ਕੁੱਝ ਹੋਰ ਖਾਪਾਂ ਦੇ ਨੇਤਾਵਾਂ ਨੇ ਬੰਦੂਕ ਸਭਿਆਚਾਰ, ਅਸ਼ਲੀਲਤਾ ਅਤੇ ਹਿੰਸਾ ਦਾ ਗੁਣਗਾਨ ਕਰਨ ਵਾਲੇ ਗੀਤਾਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।