ਹਰਿਆਣਾ ਦੀ SIT ਨੇ ਪਾਕਿ ਲਈ ਜਾਸੂਸੀ ਦੇ ਸ਼ੱਕ ’ਚ ਸੰਗਰੂਰ ਵਾਸੀ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਸੰਦੀਪ ਉਰਫ ਸੰਨੀ (22) ਦੀ ਗ੍ਰਿਫਤਾਰੀ ਦੇ ਨਾਲ ਮਾਮਲੇ ’ਚ ਕੁੱਲ 8 ਲੋਕ ਗ੍ਰਿਫ਼ਤਾਰ

Haryana SIT arrests Sangrur resident on suspicion of spying for Pakistan

ਗੁਰੂਗ੍ਰਾਮ: ਹਰਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਮੇਵਾਤ ਖੇਤਰ ’ਚ ਪਾਕਿਸਤਾਨੀ ਜਾਸੂਸੀ ਅਤੇ ਅਤਿਵਾਦੀ ਫੰਡਿੰਗ ਦੇ ਮਾਮਲੇ ’ਚ ਪੰਜਾਬ ਦੇ ਸੰਗਰੂਰ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦਸਿਆ ਕਿ ਪੁੱਛ-ਪੜਤਾਲ ਦੌਰਾਨ ਮੁਲਜ਼ਮ ਸੰਦੀਪ ਉਰਫ ਸੰਨੀ (22) ਨੇ ਪ੍ਰਗਟਾਵਾ ਕੀਤਾ ਕਿ ਉਸ ਨੇ ਅਤਿਵਾਦੀ ਫੰਡਿੰਗ ਨੈਟਵਰਕ ਦੇ ਸਰਗਨਾ ਰਿਜ਼ਵਾਨ ਨਾਲ 50,000 ਰੁਪਏ ਦਾ ਲੈਣ-ਦੇਣ ਕੀਤਾ ਸੀ, ਜਿਸ ਦਾ ਕਥਿਤ ਤੌਰ ਉਤੇ ਵਿਦੇਸ਼ੀ ਨਸ਼ਾ ਨੈਟਵਰਕ ਨਾਲ ਜੁੜਿਆ ਹੋਇਆ ਸੀ।

ਪੁਲਿਸ ਨੇ ਦਸਿਆ ਕਿ ਸੋਮਵਾਰ ਨੂੰ ਸੰਦੀਪ ਦੀ ਗ੍ਰਿਫਤਾਰੀ ਦੇ ਨਾਲ, ਇਸ ਮਾਮਲੇ ਵਿਚ ਕੁਲ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸ.ਆਈ.ਟੀ. ਦੇ ਮੁਖੀ ਡਿਪਟੀ ਸੁਪਰਡੈਂਟ ਅਭਿਮਨਿਊ ਲੋਹਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਸੰਨੀ ਵਿਦੇਸ਼ੀ ਨਸ਼ਾ ਤੋਖਾਰਿਆਂ ਨਾਲ ਸਿੱਧੇ ਸੰਪਰਕ ਵਿਚ ਸੀ ਅਤੇ ਮੁੱਖ ਮੁਲਜ਼ਮ ਰਿਜ਼ਵਾਨ ਨਾਲ ਨੇੜਲੇ ਸਬੰਧ ਸਨ, ਜਿਸ ਨੂੰ ਪਿਛਲੇ ਸਾਲ ਨਵੰਬਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਪੁਲਿਸ ਨੂੰ ਰਿਜ਼ਵਾਨ ਦੇ ਬੈਂਕ ਖਾਤੇ ਤੋਂ ਸੰਨੀ ਨੂੰ 50,000 ਰੁਪਏ ਟਰਾਂਸਫਰ ਕਰਨ ਦਾ ਪਤਾ ਲੱਗਿਆ।

ਪੁਲਿਸ ਮੁਤਾਬਕ ਸੰਨੀ ਦਾ ਪੂਰਾ ਪਰਵਾਰ ਨਸ਼ਿਆਂ ਦੇ ਕਾਰੋਬਾਰ ’ਚ ਸ਼ਾਮਲ ਹੈ। ਉਸ ਦੇ ਭਰਾ ਉਤੇ ਪੰਜਾਬ ਵਿਚ ਦੋ ਕੇਸ ਹਨ, ਜਦਕਿ ਸੰਨੀ ਵਿਰੁਧ ਐਨ.ਡੀ.ਪੀ.ਐਸ. ਐਕਟ ਦੇ ਤਿੰਨ ਕੇਸ ਦਰਜ ਹਨ। ਉਸ ਦੀ ਮਾਂ ਦੇ ਵਿਰੁਧ ਐਨ.ਡੀ.ਪੀ.ਐਸ. ਐਕਟ ਦੇ ਛੇ ਕੇਸ ਵੀ ਦਰਜ ਹਨ। ਨੈਟਵਰਕ ਦੇ ਕਥਿਤ ਤੌਰ ਉਤੇ ਵਿਦੇਸ਼ੀ ਸਬੰਧ ਹਨ ਅਤੇ ਹਵਾਲਾ ਰਾਹੀਂ ਨਸ਼ੀਲੇ ਪਦਾਰਥਾਂ ਦੀ ਕਮਾਈ ਦਾ ਲੈਣ-ਦੇਣ ਕਰ ਰਹੇ ਹਨ।

ਇਕ ਸੀਨੀਅਰ ਜਾਂਚ ਅਧਿਕਾਰੀ ਨੇ ਦਸਿਆ ਕਿ ਮੁੱਖ ਮੁਲਜ਼ਮ ਰਿਜ਼ਵਾਨ ਨੂੰ ਪਿਛਲੇ ਸਾਲ 26 ਨਵੰਬਰ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਅਧਿਕਾਰੀ ਨੇ ਦਸਿਆ ਕਿ ਪੇਸ਼ੇ ਤੋਂ ਵਕੀਲ ਰਿਜ਼ਵਾਨ ਨੇ ਕਥਿਤ ਤੌਰ ਉਤੇ ਅਤਿਵਾਦੀ ਫੰਡਿੰਗ ’ਚ ਸ਼ਾਮਲ ਹਵਾਲਾ ਕਾਰੋਬਾਰੀਆਂ ਨਾਲ 45 ਲੱਖ ਰੁਪਏ ਤੋਂ ਵੱਧ ਦਾ ਲੈਣ-ਦੇਣ ਕੀਤਾ ਸੀ।

ਪੁਲਿਸ ਸੂਤਰਾਂ ਮੁਤਾਬਕ ਅਤਿਵਾਦੀ ਫੰਡਿੰਗ ਨੈਟਵਰਕ ਦੇ ਪੰਜਾਬ ਦੇ ਪਠਾਨਕੋਟ ਨਾਲ ਸਬੰਧ ਹਨ, ਜਿਸ ਦੇ ਹੈਂਡਲਰ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਹਵਾਲਾ ਰਾਹੀਂ ਪ੍ਰਾਪਤ ਫੰਡਾਂ ਨੂੰ ਲਾਂਡਰਿੰਗ ਕਰਨ ਲਈ ਕੰਮ ਕਰ ਰਹੇ ਹਨ। ਸੂਤਰਾਂ ਨੇ ਦਸਿਆ ਕਿ ਪੰਜਾਬ ’ਚ ਅਤਿਵਾਦੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੇ ਕਥਿਤ ਤੌਰ ਉਤੇ ਥੋੜ੍ਹੇ ਸਮੇਂ ’ਚ 1 ਕਰੋੜ ਰੁਪਏ ਤੋਂ ਵੱਧ ਟਰਾਂਸਫਰ ਕੀਤੇ ਹਨ।

ਰਿਜ਼ਵਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਪਿਛਲੇ ਸਾਲ ਦਸੰਬਰ ਵਿਚ ਪੰਜਾਬ ਦੇ ਵਸਨੀਕ ਅਜੈ ਅਰੋੜਾ, ਸੰਦੀਪ ਸਿੰਘ, ਅਮਨਦੀਪ ਅਤੇ ਜਸਕਰਨ ਨੂੰ ਗ੍ਰਿਫਤਾਰ ਕੀਤਾ ਸੀ।