ਹਰਿਆਣਾ ਨਗਰ ਨਿਗਮ ਚੋਣਾਂ ’ਚ 46.5 ਫੀ ਸਦੀ ਵੋਟਿੰਗ
ਵੋਟਾਂ ਦੀ ਗਿਣਤੀ 12 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ
ਚੰਡੀਗੜ੍ਹ : ਹਰਿਆਣਾ ’ਚ ਐਤਵਾਰ ਨੂੰ ਹੋਈਆਂ ਨਗਰ ਨਿਗਮ ਚੋਣਾਂ ’ਚ 51 ਲੱਖ ਤੋਂ ਵੱਧ ਯੋਗ ਵੋਟਰਾਂ ’ਚੋਂ 46 ਫੀ ਸਦੀ ਤੋਂ ਵੱਧ ਵੋਟਰਾਂ ਨੇ ਵੋਟ ਪਾਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਕਿਹਾ ਕਿ ਵੋਟਿੰਗ ਸ਼ਾਂਤੀਪੂਰਨ ਰਹੀ ਅਤੇ ਕਿਤੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ।
ਸੱਤ ਨਗਰ ਨਿਗਮਾਂ ਗੁਰੂਗ੍ਰਾਮ, ਮਾਨੇਸਰ, ਫਰੀਦਾਬਾਦ, ਹਿਸਾਰ, ਰੋਹਤਕ, ਕਰਨਾਲ ਅਤੇ ਯਮੁਨਾਨਗਰ ਦੇ ਮੇਅਰ ਅਤੇ ਵਾਰਡ ਮੈਂਬਰਾਂ ਦੀ ਚੋਣ ਲਈ ਵੋਟਿੰਗ ਹੋਈ। ਅੰਬਾਲਾ ਅਤੇ ਸੋਨੀਪਤ ਨਗਰ ਨਿਗਮਾਂ ਦੇ ਮੇਅਰ ਦੇ ਅਹੁਦੇ ਲਈ ਵੀ ਉਪ ਚੋਣਾਂ ਹੋਈਆਂ ਸਨ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤਕ ਜਾਰੀ ਰਹੀ। ਰਾਜ ਚੋਣ ਕਮਿਸ਼ਨ ਵਲੋਂ ਰਾਤ 9:30 ਵਜੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਨਗਰ ਨਿਗਮ ਚੋਣਾਂ ’ਚ 46.5 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ।
ਅਧਿਕਾਰੀਆਂ ਨੇ ਕਿਹਾ ਕਿ ਸਮੁੱਚੇ ਅੰਕੜੇ ਇਕੱਠੇ ਹੋਣ ਤੋਂ ਬਾਅਦ ਸਮੁੱਚੀ ਫ਼ੀ ਸਦੀ ਤਾ ਥੋੜ੍ਹੀ ਜਿਹੀ ਵਧ ਸਕਦੀ ਹੈ। ਇਸੇ ਤਰ੍ਹਾਂ ਅੰਬਾਲਾ ਸਦਰ, ਪਟੌਦੀ, ਜਟੌਲੀ ਮੰਡੀ, ਥਾਨੇਸਰ ਅਤੇ ਸਿਰਸਾ ਦੇ ਨਗਰ ਕੌਂਸਲ ਪ੍ਰਧਾਨਾਂ ਅਤੇ ਸਾਰੇ ਵਾਰਡ ਮੈਂਬਰਾਂ ਲਈ ਵੀ ਚੋਣਾਂ ਹੋਈਆਂ। ਗੁਰੂਗ੍ਰਾਮ ਜ਼ਿਲ੍ਹੇ ’ਚ ਸੋਹਣਾ ਨਗਰ ਕੌਂਸਲ ਦੇ ਚੇਅਰਮੈਨ ਦੇ ਅਹੁਦੇ ਲਈ ਵੀ ਉਪ ਚੋਣ ਹੋਈ ਸੀ।
21 ਮਿਊਂਸਪਲ ਕਮੇਟੀਆਂ ਦੇ ਚੇਅਰਮੈਨਾਂ ਅਤੇ ਸਾਰੇ ਵਾਰਡ ਮੈਂਬਰਾਂ ਦੀ ਚੋਣ ਲਈ ਵੀ ਵੋਟਿੰਗ ਹੋਈ। ਅਸੰਧ (ਕਰਨਾਲ ਜ਼ਿਲ੍ਹਾ) ਅਤੇ ਇਸਮਾਈਲਾਬਾਦ (ਕੁਰੂਕਸ਼ੇਤਰ ਜ਼ਿਲ੍ਹਾ) ਮਿਊਂਸਪਲ ਕਮੇਟੀਆਂ ਦੇ ਚੇਅਰਮੈਨ ਦੇ ਅਹੁਦੇ ਲਈ ਵੀ ਜ਼ਿਮਨੀ ਚੋਣਾਂ ਹੋਈਆਂ।
ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਰੋਸਾ ਪ੍ਰਗਟਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਚੋਣਾਂ ਜਿੱਤੇਗੀ ਅਤੇ ‘ਟ੍ਰਿਪਲ ਇੰਜਣ’ ਸਰਕਾਰ ਬਣਨ ਤੋਂ ਬਾਅਦ ਕੰਮ ਤਿੰਨ ਗੁਣਾ ਤੇਜ਼ੀ ਨਾਲ ਕੀਤਾ ਜਾਵੇਗਾ। ਕਾਂਗਰਸ ਨੇ ਵੋਟਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਸ ਦੇ ਉਮੀਦਵਾਰਾਂ ਨੂੰ ਪੂਰਨ ਬਹੁਮਤ ਮਿਲੇ। ਹਰਿਆਣਾ ’ਚ 10 ਸਾਲ ਤੋਂ ਵੱਧ ਸਮੇਂ ਤੋਂ ਸੱਤਾ ਤੋਂ ਬਾਹਰ ਰਹੀ ਕਾਂਗਰਸ ਨਗਰ ਨਿਗਮ ਚੋਣਾਂ ’ਚ ਅਪਣੀ ਕਿਸਮਤ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ।
ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਉਨ੍ਹਾਂ ਲੋਕਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਕਰਨਾਲ ਦੇ ਇਕ ਪੋਲਿੰਗ ਬੂਥ ’ਤੇ ਸਵੇਰੇ ਵੋਟ ਪਾਈ। ਖੱਟਰ ਨੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੋਟ ਪਾਉਣਾ ਸਾਡਾ ਲੋਕਤੰਤਰੀ ਅਧਿਕਾਰ ਹੈ ਅਤੇ ਸਾਡਾ ਫਰਜ਼ ਵੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਾਜਪਾ ਚੋਣਾਂ ਜਿੱਤੇਗੀ।
ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਨੇ ਫਰੀਦਾਬਾਦ ਦੇ ਇਕ ਪੋਲਿੰਗ ਬੂਥ ’ਤੇ ਵੋਟ ਪਾਈ। ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਅੰਬਾਲਾ ਕੈਂਟ ਦੇ ਪੋਲਿੰਗ ਬੂਥ ’ਤੇ ਵੋਟ ਪਾਈ। ਉਨ੍ਹਾਂ ਕਿਹਾ ਕਿ ਸਾਰੇ ਵੋਟਰਾਂ ਨੂੰ ਲੋਕਤੰਤਰ ਦੇ ਸੱਭ ਤੋਂ ਵੱਡੇ ਤਿਉਹਾਰ ’ਚ ਹਿੱਸਾ ਲੈਣਾ ਚਾਹੀਦਾ ਹੈ। ਹਰਿਆਣਾ ’ਚ ‘ਟ੍ਰਿਪਲ ਇੰਜਣ’ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਭਾਜਪਾ ਕੇਂਦਰ ਅਤੇ ਹਰਿਆਣਾ ਦੋਹਾਂ ’ਚ ਸੱਤਾ ’ਚ ਹੈ ਅਤੇ ਜੇਕਰ ਪਾਰਟੀ ਨਗਰ ਨਿਗਮਾਂ ’ਚ ਸੱਤਾ ’ਚ ਆਉਂਦੀ ਹੈ ਤਾਂ ਵਿਕਾਸ ਦੀ ਰਫਤਾਰ ਤੇਜ਼ ਹੋਵੇਗੀ।
ਮਾਨੇਸਰ ਤੋਂ ਭਾਜਪਾ ਦੇ ਮੇਅਰ ਉਮੀਦਵਾਰ ਸੁੰਦਰਲਾਲ ਯਾਦਵ ਨੇ ਇਲਾਕੇ ਦੇ ਇਕ ਬੂਥ ’ਤੇ ਵੋਟ ਪਾਈ। ਮਾਨੇਸਰ ’ਚ ਪਹਿਲੀ ਵਾਰ ਨਗਰ ਨਿਗਮ ਚੋਣਾਂ ਹੋਈਆਂ ਹਨ। ਗੁਰੂਗ੍ਰਾਮ ’ਚ 41.8 ਫੀ ਸਦੀ ਅਤੇ ਫਰਰੁਖਨਗਰ ’ਚ ਕਰੀਬ 77 ਫੀ ਸਦੀ ਵੋਟਿੰਗ ਹੋਈ। ਮਾਨੇਸਰ ’ਚ 67 ਫ਼ੀ ਸਦੀ ਅਤੇ ਸੋਹਣਾ ’ਚ 35.9 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ।
ਸੋਨੀਪਤ ’ਚ ਕਰੀਬ 29 ਫੀ ਸਦੀ ਵੋਟਿੰਗ ਹੋਈ, ਹਾਲਾਂਕਿ ਜ਼ਿਲ੍ਹੇ ਦੇ ਖਰਖੋਦਾ ’ਚ 62 ਫੀ ਸਦੀ ਤੋਂ ਵੱਧ ਵੋਟਿੰਗ ਹੋਈ। ਰੋਹਤਕ ’ਚ 53.4 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ। ਅੰਬਾਲਾ ਜ਼ਿਲ੍ਹੇ ’ਚ ਅੰਬਾਲਾ ’ਚ ਕਰੀਬ 32 ਫੀ ਸਦੀ , ਅੰਬਾਲਾ ਸਦਰ ’ਚ 52.3 ਫੀ ਸਦੀ ਅਤੇ ਬਰਾੜਾ ’ਚ 67.5 ਫੀ ਸਦੀ ਵੋਟਿੰਗ ਹੋਈ। ਫਰੀਦਾਬਾਦ ’ਚ ਕਰੀਬ 40.3 ਫੀ ਸਦੀ ਵੋਟਿੰਗ ਹੋਈ।
ਫਤਿਹਾਬਾਦ ਦੀ ਜਾਖਲ ਮੰਡੀ ’ਚ 85.2 ਫੀ ਸਦੀ ਵੋਟਿੰਗ ਹੋਈ। ਜੀਂਦ ਜ਼ਿਲ੍ਹੇ ਦੇ ਜੁਲਾਨਾ ਅਤੇ ਸਫੀਦੋਂ ’ਚ ਕ੍ਰਮਵਾਰ 70.9 ਫ਼ੀ ਸਦੀ ਅਤੇ 81.5 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ। ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ’ਚ 82.7 ਫੀ ਸਦੀ ਅਤੇ ਹਿਸਾਰ ’ਚ 52.1 ਫੀ ਸਦੀ ਵੋਟਿੰਗ ਹੋਈ।
ਨੂਹ ਜ਼ਿਲ੍ਹੇ ਦੇ ਤਾਵਡੂ ’ਚ 78 ਫੀ ਸਦੀ ਵੋਟਰਾਂ ਨੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਕਰਨਾਲ ਜ਼ਿਲ੍ਹੇ ’ਚ ਅਸੰਧ ’ਚ 33.2 ਫੀ ਸਦੀ, ਕਰਨਾਲ ’ਚ 48 ਫੀ ਸਦੀ, ਇੰਦਰੀ ’ਚ 72.7 ਫੀ ਸਦੀ, ਨੀਲੋਖੇੜੀ ’ਚ 67.4 ਫੀ ਸਦੀ ਅਤੇ ਤਾਰਾਵਾੜੀ ’ਚ 76.4 ਫੀ ਸਦੀ ਵੋਟਿੰਗ ਦਰਜ ਕੀਤੀ ਗਈ। ਸਿਰਸਾ ’ਚ 56.4 ਫੀ ਸਦੀ ਵੋਟਿੰਗ ਹੋਈ।
ਗੁਰੂਗ੍ਰਾਮ ਨਗਰ ਨਿਗਮ ਦੇ ਵਾਰਡ ਨੰਬਰ 5 ਦੇ ਇਕ ਪੋਲਿੰਗ ਸਟੇਸ਼ਨ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਖਰਾਬ ਹੋਣ ਕਾਰਨ ਵੋਟਿੰਗ ਇਕ ਘੰਟਾ ਦੇਰੀ ਨਾਲ ਸ਼ੁਰੂ ਹੋਈ। ਹਰਿਆਣਾ ਦੇ ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਪਹਿਲਾਂ ਕਿਹਾ ਸੀ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਨੌਂ ਨਗਰ ਨਿਗਮਾਂ ’ਚ ਮੇਅਰ ਦੇ ਅਹੁਦੇ ਲਈ 39 ਉਮੀਦਵਾਰ ਚੋਣ ਲੜ ਰਹੇ ਹਨ।
ਇਸੇ ਤਰ੍ਹਾਂ ਪੰਜ ਨਗਰ ਕੌਂਸਲਾਂ ਵਿਚ ਪ੍ਰਧਾਨ ਦੇ ਅਹੁਦੇ ਲਈ 27 ਉਮੀਦਵਾਰ ਅਤੇ 23 ਮਿਊਂਸਪਲ ਕਮੇਟੀਆਂ ਦੇ ਚੇਅਰਮੈਨ ਦੇ ਅਹੁਦੇ ਲਈ ਕੁਲ 151 ਉਮੀਦਵਾਰ ਚੋਣ ਮੈਦਾਨ ਵਿਚ ਹਨ। ਫਰੀਦਾਬਾਦ ਨਗਰ ਨਿਗਮ ਦੇ ਵਾਰਡ ਨੰਬਰ 36, ਗੁਰੂਗ੍ਰਾਮ ਨਗਰ ਨਿਗਮ ਦੇ ਵਾਰਡ ਨੰਬਰ 22, ਕਰਨਾਲ ਨਗਰ ਨਿਗਮ ਦੇ ਵਾਰਡ ਨੰਬਰ 8 ਅਤੇ 11 ਅਤੇ ਯਮੁਨਾਨਗਰ ਨਗਰ ਨਿਗਮ ਦੇ ਵਾਰਡ ਨੰਬਰ 9 ਵਿਚ ਸਿਰਫ ਇਕ-ਇਕ ਉਮੀਦਵਾਰ ਮੈਦਾਨ ਵਿਚ ਸੀ, ਜਿਸ ਕਾਰਨ ਇਹ ਸੀਟਾਂ ਬਿਨਾਂ ਮੁਕਾਬਲਾ ਚੁਣੀਆਂ ਗਈਆਂ।
ਅੰਬਾਲਾ ਸਦਰ ਨਗਰ ਕੌਂਸਲ ਦੇ ਵਾਰਡ ਨੰਬਰ 24 ਅਤੇ ਥਾਨੇਸਰ ਨਗਰ ਕੌਂਸਲ ਦੇ ਵਾਰਡ ਨੰਬਰ 7 ਅਤੇ 32 ਦੇ ਉਮੀਦਵਾਰ ਵੀ ਬਿਨਾਂ ਮੁਕਾਬਲਾ ਚੁਣੇ ਗਏ। ਇਸ ਤੋਂ ਇਲਾਵਾ ਵੱਖ-ਵੱਖ ਮਿਊਂਸਪਲ ਕਮੇਟੀਆਂ ਦੇ 17 ਵਾਰਡ ਮੈਂਬਰ ਵੀ ਬਿਨਾਂ ਮੁਕਾਬਲਾ ਚੁਣੇ ਗਏ। ਪਾਣੀਪਤ ਨਗਰ ਨਿਗਮ ਲਈ ਵੋਟਾਂ 9 ਮਾਰਚ ਨੂੰ ਪੈਣਗੀਆਂ।
ਵੋਟਾਂ ਦੀ ਗਿਣਤੀ 12 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਨਤੀਜੇ ਉਸੇ ਦਿਨ ਐਲਾਨੇ ਜਾਣਗੇ। ਇਸ ਦੌਰਾਨ ਰਾਜ ਚੋਣ ਕਮਿਸ਼ਨਰ ਨੇ ਕਿਹਾ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।