ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਦੋਸ਼ੀ ਨੂੰ 20 ਸਾਲ ਕੈਦ 

ਏਜੰਸੀ

ਖ਼ਬਰਾਂ, ਹਰਿਆਣਾ

ਅਦਾਲਤ ਨੇ ਜੁਰਮਾਨਾ ਨਾ ਭਰਨ ’ਤੇ ਦੋਸ਼ੀ ਨੂੰ ਦੋ ਸਾਲ ਦੀ ਵਾਧੂ ਕੈਦ ਦੀ ਸਜ਼ਾ ਹੋਵੇਗੀ

Representative Image.

ਜੀਂਦ: ਹਰਿਆਣਾ ਦੇ ਜੀਂਦ ’ਚ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਵਧੀਕ ਜ਼ਿਲ੍ਹਾ ਜੱਜ ਡਾ. ਚੰਦਰਹਾਸ ਦੀ ਅਦਾਲਤ ਨੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਅਤੇ ਉਸ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਦੋਸ਼ੀ ਨੂੰ 20 ਸਾਲ ਦੀ ਕੈਦ ਅਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਅਦਾਲਤ ਨੇ ਜੁਰਮਾਨਾ ਨਾ ਭਰਨ ’ਤੇ ਦੋਸ਼ੀ ਨੂੰ ਦੋ ਸਾਲ ਦੀ ਵਾਧੂ ਕੈਦ ਦੀ ਸਜ਼ਾ ਸੁਣਾਈ। ਸਰਕਾਰੀ ਵਕੀਲ ਅਨੁਸਾਰ ਸਿਟੀ ਥਾਣਾ ਨਰਵਾਣਾ ਇਲਾਕੇ ’ਚ ਰਹਿਣ ਵਾਲੇ ਇਕ ਵਿਅਕਤੀ ਨੇ 2 ਸਤੰਬਰ, 2022 ਨੂੰ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ ਕਿ ਉਹ 24 ਅਗੱਸਤ ਨੂੰ ਅਪਣੀ ਪਤਨੀ ਨਾਲ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਸੀ ਅਤੇ ਜਦੋਂ ਉਹ ਸ਼ਾਮ ਨੂੰ ਵਾਪਸ ਆਇਆ ਤਾਂ ਉਸ ਦੀ 16 ਸਾਲਾ ਧੀ ਘਰ ’ਤੇ ਨਹੀਂ ਸੀ। ਸ਼ਿਕਾਇਤਕਰਤਾ ਅਨੁਸਾਰ ਵਿਅਕਤੀ ਨੇ ਦੋਸ਼ ਲਾਇਆ ਕਿ ਪਿੰਡ ਸਿਵਾਨੀ ਦੇ ਰਹਿਣ ਵਾਲੇ ਮੋਹਿਤ ਉਰਫ ਰਮਤਾ ਨੇ ਉਸ ਦੀ ਧੀ ਨੂੰ ਅਗਵਾ ਕਰ ਲਿਆ।

ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ ਪੁਲਿਸ ਨੇ ਮੋਹਿਤ ਉਰਫ ਰਮਤਾ ਵਿਰੁਧ ਅਗਵਾ ਦਾ ਮਾਮਲਾ ਦਰਜ ਕਰ ਕੇ ਨਾਬਾਲਗ ਲੜਕੀ ਨੂੰ ਬਰਾਮਦ ਕਰ ਲਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਅਦਾਲਤ ਨੇ ਸਨਿਚਰਵਾਰ ਨੂੰ ਦੋਸ਼ੀਆਂ ਵਿਰੁਧ ਅਗਵਾ ਅਤੇ ਜਬਰ ਜਨਾਹ ਸਮੇਤ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਮਾਮਲੇ ’ਤੇ ਫੈਸਲਾ ਸੁਣਾਇਆ।