Haryana News: ਹਰਿਆਣਾ 'ਚ ਸਰਪੰਚ ਐਸੋਸੀਏਸ਼ਨ ਦੇ ਮੁਖੀ ਦਾ ਕਤਲ, ਬਦਮਾਸ਼ਾਂ ਨੇ ਚਲਾਈਆਂ 6 ਗੋਲੀਆਂ
ਵਿਆਹ ਸਮਾਗਮ ਤੋਂ ਪਰਤ ਰਹੇ ਸੀ ਸੰਜੇ ਦੁਹਾਨ
Haryana News In Punjabi/ਹਿਸਾਰ - ਹਰਿਆਣਾ ਦੇ ਹਿਸਾਰ ਵਿਚ ਸਰਪੰਚ ਐਸੋਸੀਏਸ਼ਨ ਦੇ ਮੁਖੀ ਸੰਜੇ ਦੁਹਾਨ ਦੀ ਐਤਵਾਰ (3 ਮਾਰਚ) ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਿੰਡ ਕੰਵਾੜੀ 'ਚ ਬਦਮਾਸ਼ਾਂ ਨੇ ਕਾਰ 'ਚ ਹੀ ਦੋਹਾਨ 'ਤੇ 6 ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਬਦਮਾਸ਼ ਆਪਣੀ ਕਾਰ ਵਿਚ ਫਰਾਰ ਹੋ ਗਏ। ਸੰਜੇ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਅਤੇ ਹਾਂਸੀ ਦੇ ਵਿਧਾਇਕ ਵਿਨੋਦ ਭਿਆਨਾ ਹਸਪਤਾਲ ਪਹੁੰਚੇ। ਇਸ ਤੋਂ ਬਾਅਦ ਪੁਲਸ ਨੇ ਸੰਜੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਸੂਤਰਾਂ ਅਨੁਸਾਰ ਸਾਬਕਾ ਸਰਪੰਚ ਨਾਲ ਚੋਣ ਰੰਜਿਸ਼ ਕਾਰਨ ਸੰਜੇ ਦਾ ਕਤਲ ਕੀਤਾ ਗਿਆ ਹੈ। ਹਾਂਸੀ ਦੇ ਐਸਪੀ ਮਕਸੂਦ ਅਹਿਮਦ ਨੇ ਹਮਲਾਵਰਾਂ ਨੂੰ ਫੜਨ ਲਈ 3 ਟੀਮਾਂ ਦਾ ਗਠਨ ਕੀਤਾ ਹੈ।
ਕੰਵਾੜੀ ਪਿੰਡ ਦਾ ਸਰਪੰਚ ਸੰਜੇ ਦੁਹਾਨ ਐਤਵਾਰ ਨੂੰ ਆਪਣੇ ਇੱਕ ਦੋਸਤ ਨਾਲ ਕਾਰ ਵਿਚ ਨਾਰਨੌਂਦ ਦੇ ਭੈਣੀ ਅਮੀਰਪੁਰ ਪਿੰਡ ਵਿੱਚ ਇੱਕ ਵਿਆਹ ਸਮਾਗਮ ਵਿਚ ਗਿਆ ਸੀ। ਉਹ ਰਾਤ ਕਰੀਬ 9.45 ਵਜੇ ਆਪਣੀ ਕਾਰ ਵਿਚ ਘਰ ਪਰਤ ਰਿਹਾ ਸੀ। ਜਦੋਂ ਸੰਜੇ ਪਿੰਡ ਕਾਂਵਾੜੀ ਵਿੱਚ ਸਾਬਕਾ ਸਰਪੰਚ ਮਹਾਬੀਰ ਦੇ ਘਰ ਨੇੜੇ ਪਹੁੰਚਿਆ ਤਾਂ ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ।
ਇਸ ਤੋਂ ਬਾਅਦ ਬਦਮਾਸ਼ ਆਪਣੀ ਕਾਰ ਵਿਚ ਫਰਾਰ ਹੋ ਗਏ। ਗੋਲੀਆਂ ਚੱਲਣ ਤੋਂ ਬਾਅਦ ਪਿੰਡ ਵਿਚ ਹਫੜਾ-ਦਫੜੀ ਮੱਚ ਗਈ। ਪਿੰਡ ਦੇ ਲੋਕ ਦੌੜਦੇ ਹੋਏ ਕਾਰ ਕੋਲ ਆਏ ਅਤੇ ਖੂਨ ਨਾਲ ਲੱਥਪੱਥ ਹਾਲਤ 'ਚ ਸੰਜੇ ਨੂੰ ਹਿਸਾਰ ਦੇ ਇਕ ਨਿੱਜੀ ਹਸਪਤਾਲ 'ਚ ਲੈ ਗਏ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਸੰਜੇ ਨੂੰ ਕਰੀਬ 6 ਗੋਲੀਆਂ ਲੱਗੀਆਂ। ਉਸ ਦੇ ਪੇਟ 'ਤੇ 5 ਨਿਸ਼ਾਨ ਮਿਲੇ ਹਨ।
(For more news apart from Murder of Sarpanch Association chief in Haryana news in punjabi , stay tuned to Rozana Spokesman)