Editorial : ਬੜਾ ਬਿਖਮ ਹੈ ਮਹਿਲਾ ਆਗੂਆਂ ਲਈ ਪ੍ਰਗਤੀ ਦਾ ਮਾਰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

Editorial :ਰੋਹਤਕ ਪੁਲੀਸ ਨੇ ਭਾਵੇਂ ਇਸ ਸਬੰਧ ਵਿਚ ਉਸ ਦੇ ਦੋਸਤ (ਪ੍ਰੇਮੀ) ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਫਿਰ ਵੀ ਬਹੁਤ ਕੁੱਝ ਸਾਹਮਣੇ ਆਉਣਾ ਅਜੇ ਬਾਕੀ ਹੈ।

The path of progress for women leaders is very difficult Editorial

ਰੋਹਤਕ ਜ਼ਿਲ੍ਹੇ ਵਿਚ ਇਕ ਮਹਿਲਾ ਕਾਂਗਰਸ ਆਗੂ ਦੀ ਲਾਸ਼ ਸੂਟਕੇਸ ਵਿਚੋਂ ਮਿਲਣ ਦਾ ਮਾਮਲਾ ਸਿਆਸਤ ਤੇ ਹੋਰਨਾਂ ਖੇਤਰਾਂ ਵਿਚ ਮਹਿਲਾਵਾਂ ਦੀ ਸੁਰੱਖਿਆ ਪ੍ਰਤੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ। 22 ਵਰਿ੍ਹਆਂ ਦੀ ਹਿਮਾਨੀ ਨਰਵਾਲ ਦੀ ਲਾਸ਼ ਸ਼ਨਿਚਰਵਾਰ ਸਵੇਰੇ ਸਾਂਪਲਾ ਬੱਸ ਸਟੈਂਡ ਨੇੜੇ ਪਏ ਇਕ ਲਾਵਾਰਸ ਸੂਟਕੇਸ ਵਿਚੋਂ  ਬਰਾਮਦ ਹੋਈ। ਰੋਹਤਕ ਪੁਲੀਸ ਨੇ ਭਾਵੇਂ ਇਸ ਸਬੰਧ ਵਿਚ ਉਸ ਦੇ ਦੋਸਤ (ਪ੍ਰੇਮੀ) ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਫਿਰ ਵੀ ਬਹੁਤ ਕੁੱਝ ਸਾਹਮਣੇ ਆਉਣਾ ਅਜੇ ਬਾਕੀ ਹੈ।

ਪੁਲੀਸ ਹਲਕਿਆਂ ਦਾ ਕਹਿਣਾ ਹੈ ਕਿ ਹਿਮਾਨੀ ਦੇ ਕਤਲ ਦੀ ਤਹਿਕੀਕਾਤ ਇਕ ਨਾਜ਼ੁਕ ਪੜਾਅ ’ਤੇ ਹੈ, ਇਸ ਲਈ ਬਹੁਤੇ ਵੇਰਵੇ ਅਜੇ ਜਾਰੀ ਨਹੀਂ ਕੀਤੇ ਜਾ ਸਕਦੇ। ਮ੍ਰਿਤਕਾ ਦੀ ਮਾਂ ਨੇ ਜਿੱਥੇ ਇਸ ਕਤਲ ਪਿੱਛੇ ਕੁੱਝ ਕਾਂਗਰਸੀ ਵਰਕਰਾਂ ਦਾ ਹੱਥ ਹੋਣ ਦੇ ਸ਼ੁਬਹੇ ਪ੍ਰਗਟਾਏ ਸਨ, ਉੱਥੇ ਗੜ੍ਹੀ ਸਾਂਪਲਾ ਹਲਕੇ ਦੇ ਵਿਧਾਇਕ ਤੇ ਹਰਿਆਣਾ ਕਾਂਗਰਸ ਦੇ ਸਿਰਮੌਰ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਵਿਚ ਅਮਨ-ਕਾਨੂੰਨ ਦੀ ਵਿਵਸਥਾ ਵਿਚ ਲਗਾਤਾਰ ਨਿਘਾਰ ਦੇ ਦੋਸ਼ ਲਾਉਂਦਿਆਂ ਮ੍ਰਿਤਕਾ ਦੇ ਪ੍ਰਵਾਰ ਨੂੰ ਮਸ਼ਵਰਾ ਦਿਤਾ ਹੈ ਕਿ ਜਾਂਚ ਮੁਕੰਮਲ ਹੋਣ ਤਕ ਉਹ ਤੋਹਮਤਬਾਜ਼ੀ ਤੋਂ ਪਰਹੇਜ਼ ਕਰੇ। ਹਰਿਆਣਾ ਕਾਂਗਰਸ ਦੇ ਕੁੱਝ ਆਗੂਆਂ ਦਾ ਕਹਿਣਾ ਹੈ ਕਿ ਹਿਮਾਨੀ ਦੇ ਕਤਲ ਬਾਰੇ ਪੁਲੀਸ ਤੇ ਪ੍ਰਵਾਰ ਦੇ ਕੁੱਝ ਦਾਅਵੇ ਬੇਮੇਲ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਤਲ ਦੇ ਕਾਰਨ ਸਪਸ਼ਟ ਤੌਰ ’ਤੇ ਨਿੱਜੀ ਹਨ, ਸਿਆਸੀ ਨਹੀਂ। ਇਸੇ ਪ੍ਰਸੰਗ ਵਿਚ ਹਿਮਾਨੀ ਦੀ ਕਿਰਦਾਰਕੁਸ਼ੀ ਵੀ ਕੀਤੀ ਜਾ ਰਹੀ ਹੈ।

ਕਤਲ ਦੀ ਅਸਲ ਹਕੀਕਤ ਸਾਹਮਣੇ ਆਉਣੀ ਅਜੇ ਬਾਕੀ ਹੋਣ ਦੇ ਬਾਵਜੂਦ ਇਹ ਕਹਿਣਾ ਵਾਜਬ ਜਾਪਦਾ ਹੈ ਕਿ ਜਨਤਕ ਖੇਤਰ ਵਿਚ ਸਰਗਰਮ ਮਹਿਲਾਵਾਂ ਖ਼ਿਲਾਫ਼ ਅਪਰਾਧਾਂ ਦੇ ਮਾਮਲੇ ਵੱਧ ਸਨਸਨੀਖੇਜ਼ ਰੂਪ ਧਾਰਨ ਕਰਦੇ ਜਾ ਰਹੇ ਹਨ। ਚਾਰ ਦਿਨ ਪਹਿਲਾਂ ਛਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚੋਂ ਇਕ ਮੁਕਾਮੀ ਮਹਿਲਾ ਭਾਜਪਾ ਆਗੂ ਦੀ ਲਾਸ਼ ਟੁਕੜਿਆਂ ਦੇ ਰੂਪ ਵਿਚ ਮਿਲੀ। ਇਸੇ ਤਰ੍ਹਾਂ, ਮਹਾਰਾਸ਼ਟਰ ਦੇ ਜਲਗਾਉਂ ਜ਼ਿਲ੍ਹੇ ਵਿਚ ਸ਼ਿਵਰਾਤਰੀ ਉਤਸਵ ਦੌਰਾਨ ਇਕ ਕੇਂਦਰੀ ਮੰਤਰੀ ਦੀ ਨਾਬਾਲਗ ਬੱਚੀ ਨਾਲ ਛੇੜਛਾੜ ਦਾ ਮਾਮਲਾ ਉਸ ਸੂਬੇ ਵਿਚ ਰਾਜਸੀ ਰੱਸਾਕਸ਼ੀ ਦਾ ਵਿਸ਼ਾ ਬਣਿਆ ਹੋਇਆ ਹੈ। ਭਾਵੇਂ ਉਸ ਮਾਮਲੇ ਵਿਚ ਦੋ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਪਰ ਕੁਝ ਹੋਰਨਾਂ ਦਾ ਗ੍ਰਿਫ਼ਤਾਰੀ ਤੋਂ ਬਚੇ ਰਹਿਣਾ ਉਨ੍ਹਾਂ ਦੀ ਸਿਆਸੀ ਪੁਸ਼ਤਪਨਾਹੀ ਦੇ ਦੋਸ਼ਾਂ ਨੂੰ ਹਵਾ ਦੇ ਰਿਹਾ ਹੈ।

ਹਿਮਾਨੀ ਦੀ ਮਾਤਾ ਦਾ ਦਾਅਵਾ ਹੈ ਕਿ ਹਿਮਾਨੀ, ਹਰਿਆਣਾ ਕਾਂਗਰਸ ਵਿਚ ਚੰਗੀ ਕਾਰਗੁਜ਼ਾਰੀ ਸਦਕਾ ਲਗਾਤਾਰ ਪ੍ਰਗਤੀ ਕਰਦੀ ਆ ਰਹੀ ਸੀ ਅਤੇ ਉਸ ਨੂੰ ਉੱਚ-ਅਹੁਦਾ ਮਿਲਣ ਦੇ ਆਸਾਰ ਸਨ। ਉਸ ਦੀ ਇਸੇ ਪ੍ਰਗਤੀ ਤੋਂ ਕੁੱਝ ਪਾਰਟੀ ਆਗੂ ਨਾਖ਼ੁਸ਼ ਸਨ। ਛਤੀਸਗੜ੍ਹ ਵਿਚ ਭਾਜਪਾ ਮਹਿਲਾ ਆਗੂ ਦੇ ਕਤਲ ਦੀ ਵਜ੍ਹਾ ਵੀ ਕੁੱਝ ਇਹੋ ਜਿਹੀ ਦੱਸੀ ਜਾ ਰਹੀ ਹੈ। ਅਜਿਹੇ ਘਟਨਾਕ੍ਰਮ ਜਿਥੇ ਜਨਤਕ ਖੇਤਰ ਵਿਚ ਊਰਜਾਵਾਨਤਾ ਦਿਖਾਉਣ ਵਾਲੀਆਂ ਮਹਿਲਾਵਾਂ ਨੂੰ ਦਰਪੇਸ਼ ਕਠਿਨਾਈਆਂ ਤੇ ਚੁਣੌਤੀਆਂ ਵਲ ਸਿੱਧਾ ਸੰਕੇਤ ਹਨ, ਉੱਥੇ ਸਾਡੀ ਪੁਰਸ਼-ਪ੍ਰਧਾਨ ਬਿਰਤੀ ਦੇ ਘਿਨਾਉਣੇਪਣ ਦੀ ਤਸਵੀਰ ਵੀ ਹਨ। 

ਇਸਤਰੀਆਂ ਸਾਡੇ ਸੰਸਾਰ ਦੀ ਕੁਲ ਆਬਾਦੀ ਦਾ 51 ਫ਼ੀ ਸਦੀ ਹਿੱਸਾ ਹਨ। ਇਨਸਾਨੀ ਪ੍ਰਗਤੀ ਦੇ ਹਰ ਖੇਤਰ ਵਿਚ ਪੁਰਸ਼ਾਂ ਜਿੰਨੀਆਂ ਹੀ ਸਮਰੱਥ ਸਾਬਤ ਹੋਣ ਦੇ ਬਾਵਜੂਦ ਪੁਰਸ਼-ਪ੍ਰਧਾਨ ਮਾਨਸਿਕਤਾ ਉਨ੍ਹਾਂ ਨੂੰ ਬਰਾਬਰੀ ਵਾਲਾ ਦਰਜਾ ਦੇਣ ਵਾਸਤੇ ਅਜੇ ਵੀ ਤਿਆਰ ਨਹੀਂ। ਉਨ੍ਹਾਂ ਅੰਦਰਲੀ ਕਾਬਲੀਅਤ ਦੀ ਕਦਰ ਕਰਨ ਅਤੇ ਇਨਸਾਨੀ ਵਿਕਾਸ ਵਿਚ ਬਰਾਬਰ ਦੀ ਭਾਈਵਾਲ ਬਣਾਉਣ ਦੀ ਥਾਂ ਉਨ੍ਹਾਂ ਦੀ ਪ੍ਰਗਤੀ ਰੋਕਣ ਦੇ ਸਿੱਧੇ-ਅਸਿੱਧੇ ਉਪਰਾਲੇ ਘਟਣ ਦਾ ਨਾਂ ਹੀ ਨਹੀਂ ਲੈ ਰਹੇ। ਦਰਅਸਲ, ਨਾਕਾਮੀ ਦੀ ਸੂਰਤ ਵਿਚ ਹਿੰਸਾ ਤੇ ਕਤਲੋ-ਗਾਰਤ ਦਾ ਸਹਾਰਾ ਲੈਣਾ ਪੁਰਸ਼-ਪ੍ਰਧਾਨ ਬਿਰਤੀ ਦੀ ਤਾਕਤ ਦਾ ਨਹੀਂ, ਕਮਜ਼ੋਰੀ ਦਾ ਪ੍ਰਗਟਾਵਾ ਹਨ।

ਸੱਚ ਤਾਂ ਇਹ ਹੈ ਕਿ ਸਦੀਆਂ ਪੁਰਾਣੀ ਮਾਨਸਿਕ ਬਣਤਰ ਛੇਤੀ ਛੇਤੀ ਬਦਲਣੀ ਆਸਾਨ ਨਹੀਂ ਹੁੰਦੀ। ਲਿਹਾਜ਼ਾ, ਇਸ ਵੇਲੇ ਇਹੋ ਤਵੱਕੋ ਕੀਤੀ ਜਾਣੀ ਚਾਹੀਦੀ ਹੈ ਕਿ ਪੁਲੀਸ ਰੋਹਤਕ ਤੇ ਛਤੀਸਗੜ੍ਹ ਹੱਤਿਆ ਕਾਂਡਾਂ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਏਗੀ। ਸਾਡੀਆਂ ਭੈਣਾਂ-ਬਹੂਆਂ-ਬੇਟੀਆਂ ਦੀ ਸੁਰੱਖਿਆ ਤੇ ਸਰਬ-ਅੰਗੀ ਵਿਕਾਸ ਲਈ ਅਜਿਹਾ ਕੀਤਾ ਜਾਣਾ ਅਤਿਅੰਤ ਜ਼ਰੂਰੀ ਹੈ।