ਏਕਤਾ ਦੀ ਮਿਸਾਲ : ਮੁਸਲਿਮ ਬਹੁਗਿਣਤੀ ਵਾਲੀ ਹਰਿਆਣਾ ਪੰਚਾਇਤ ਨੇ ਹਿੰਦੂ ਔਰਤ ਨੂੰ ਸਰਪੰਚ ਚੁਣਿਆ 

ਏਜੰਸੀ

ਖ਼ਬਰਾਂ, ਹਰਿਆਣਾ

ਪੁਨਾਹਾਨਾ ਬਲਾਕ ਅਧੀਨ ਸਿਰੋਲੀ ਪੰਚਾਇਤ ’ਚ 15 ਮੈਂਬਰ ਹਨ ਜਿਨ੍ਹਾਂ ’ਚੋਂ 14 ਮੁਸਲਮਾਨ ਅਤੇ ਅੱਠ ਔਰਤਾਂ ਹਨ

30 ਸਾਲ ਦੀ ਨਿਸ਼ਾ ਚੌਹਾਨ 2 ਅਪ੍ਰੈਲ ਨੂੰ ਸਿਰੋਲੀ ਦੀ ਸਰਪੰਚ ਚੁਣੀ ਗਈ

ਗੁਰੂਗ੍ਰਾਮ : ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਮੁਸਲਿਮ ਬਹੁਗਿਣਤੀ ਵਾਲੇ ਸਿਰੋਲੀ ਪਿੰਡ ਨੇ ਅਪਣੇ ਇਕਲੌਤੇ ਹਿੰਦੂ ਪੰਚਾਇਤ ਮੈਂਬਰ ਨੂੰ ਸਰਪੰਚ ਚੁਣ ਲਿਆ ਹੈ। 30 ਸਾਲ ਦੀ ਨਿਸ਼ਾ ਚੌਹਾਨ 2 ਅਪ੍ਰੈਲ ਨੂੰ ਸਿਰੋਲੀ ਦੀ ਸਰਪੰਚ ਚੁਣੀ ਗਈ। ਇਕ ਸੀਨੀਅਰ ਪੰਚਾਇਤ ਅਧਿਕਾਰੀ ਅਨੁਸਾਰ ਪੁਨਾਹਾਨਾ ਬਲਾਕ ਅਧੀਨ ਸਿਰੋਲੀ ਪੰਚਾਇਤ ’ਚ 15 ਮੈਂਬਰ ਹਨ ਜਿਨ੍ਹਾਂ ’ਚੋਂ 14 ਮੁਸਲਮਾਨ ਅਤੇ ਅੱਠ ਔਰਤਾਂ ਹਨ। ਸਿਰੋਲੀ ਸਰਪੰਚ ਦਾ ਅਹੁਦਾ ਔਰਤਾਂ ਲਈ ਰਾਖਵਾਂ ਹੈ। ਪਿੰਡ ਦੇ 3,296 ਵੋਟਰਾਂ ਵਿਚੋਂ ਸਿਰਫ 250 ਹਿੰਦੂ ਹਨ। 

ਪੰਚਾਇਤ ਅਧਿਕਾਰੀ ਨਸੀਮ ਅਨੁਸਾਰ ਪੰਚਾਇਤੀ ਚੋਣਾਂ ਦਸੰਬਰ 2022 ’ਚ ਹੋਈਆਂ ਸਨ। ਹਾਲਾਂਕਿ ਜੇਤੂ ਉਮੀਦਵਾਰ ਸਾਹਾਨਾ ਨੂੰ ਕੁੱਝ ਮਹੀਨਿਆਂ ਬਾਅਦ ਉਸ ਦੇ ਸਿੱਖਿਆ ਸਰਟੀਫਿਕੇਟ ਜਾਅਲੀ ਪਾਏ ਜਾਣ ਤੋਂ ਬਾਅਦ ਬਰਖਾਸਤ ਕਰ ਦਿਤਾ ਗਿਆ ਸੀ। ਨਵੇਂ ਚੁਣੇ ਸਰਪੰਚ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਹਿੰਦੂ-ਮੁਸਲਿਮ ਏਕਤਾ ਦਾ ਪ੍ਰਤੀਕ ਹੈ। 

ਮੇਰਾ ਪਿੰਡ ਮੁਸਲਿਮ ਬਹੁਗਿਣਤੀ ਵਾਲਾ ਹੈ ਪਰ ਉੱਥੇ ਹਿੰਦੂ-ਮੁਸਲਿਮ ਭਾਈਚਾਰੇ ਦੀ ਪੁਰਾਣੀ ਪਰੰਪਰਾ ਅਜੇ ਵੀ ਮੌਜੂਦ ਹੈ। ਸਹੀ ਅਰਥਾਂ ਵਿਚ ਮੇਵਾਤ ਖੇਤਰ ਵਿਚ ਕੋਈ ਧਾਰਮਕ ਭੇਦਭਾਵ ਨਹੀਂ ਹੈ, ਜਿਸ ਦੀ ਜਿਉਂਦੀ ਜਾਗਦੀ ਉਦਾਹਰਣ ਸਰਪੰਚ ਵਜੋਂ ਮੇਰੀ ਚੋਣ ਹੈ। ਚੌਹਾਨ ਨੇ ਕਿਹਾ, ‘‘ਮੇਰੀ ਜਿੱਤ ਪੂਰੇ ਇਲਾਕੇ ’ਚ ਫਿਰਕੂ ਭਾਈਚਾਰੇ ਦਾ ਸੰਦੇਸ਼ ਹੈ।’’ ਸਿਰੋਲੀ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਵਾਰਡ ਮੈਂਬਰ ਅਸ਼ਰਫ ਨੇ ਕਿਹਾ, ‘‘ਪੰਚਾਂ ਨੇ ਚੌਹਾਨ ਨੂੰ ਬਿਹਤਰ ਪ੍ਰਸ਼ਾਸਨ ਦੀ ਉਮੀਦ ’ਚ ਚੁਣਿਆ ਹੈ। ਇੱਥੇ ਹਿੰਦੂ ਅਤੇ ਮੁਸਲਮਾਨ ਸਦਭਾਵਨਾ ’ਚ ਹਨ। ਅਸੀਂ ਇਕ-ਦੂਜੇ ਦੇ ਸੁੱਖ-ਦੁੱਖ ਵਿਚ ਪੂਰੀ ਤਰ੍ਹਾਂ ਹਿੱਸਾ ਲੈਂਦੇ ਹਾਂ।’’