ਹਰਿਆਣਾ ਸਰਕਾਰ ਤੋਂ ਤਿੰਨ ਆਜ਼ਾਦ ਵਿਧਾਇਕਾਂ ਨੇ ਸਮਰਥਨ ਵਾਪਸ ਲੈ ਲਿਆ 

ਏਜੰਸੀ

ਖ਼ਬਰਾਂ, ਹਰਿਆਣਾ

ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਹੁਣ ਘੱਟ ਗਿਣਤੀ ’ਚ ਹੈ, ਮੁੱਖ ਮੰਤਰੀ ਅਸਤੀਫ਼ਾ ਦੇਣ : ਸੂਬਾ ਕਾਂਗਰਸ ਪ੍ਰਧਾਨ ਉਦੈ ਭਾਨ 

Congress.

ਕਿਸਾਨਾਂ ਨਾਲ ਜੁੜੇ ਮੁੱਦਿਆਂ ਕਾਰਨ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਤੋਂ ਵਾਪਸ ਲਿਆ ਸਮਰਥਨ, ਕਾਂਗਰਸ ਦਾ ਫੜਿਆ ਪੱਲਾ

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਤਿੰਨ ਆਜ਼ਾਦ ਵਿਧਾਇਕਾਂ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਸੂਬੇ ’ਚ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਤੋਂ ਅਪਣਾ ਸਮਰਥਨ ਵਾਪਸ ਲੈ ਲਿਆ ਹੈ।

ਤਿੰਨ ਵਿਧਾਇਕਾਂ ਸੋਮਬੀਰ ਸਾਂਗਵਾਨ, ਰਣਧੀਰ ਗੋਲਨ ਅਤੇ ਧਰਮਪਾਲ ਗੋਂਡਰ ਨੇ ਵੀ ਕਿਹਾ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਕਾਂਗਰਸ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਤਿੰਨਾਂ ਵਿਧਾਇਕਾਂ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਉਦੈ ਭਾਨ ਦੀ ਮੌਜੂਦਗੀ ’ਚ ਰੋਹਤਕ ’ਚ ਇਕ ਪ੍ਰੈਸ ਕਾਨਫਰੰਸ ’ਚ ਇਹ ਐਲਾਨ ਕੀਤਾ। 

ਉਨ੍ਹਾਂ ਕਿਹਾ, ‘‘ਅਸੀਂ ਸਰਕਾਰ ਤੋਂ ਸਮਰਥਨ ਵਾਪਸ ਲੈ ਰਹੇ ਹਾਂ। ਅਸੀਂ ਹੁਣ ਕਾਂਗਰਸ ਦੇ ਨਾਲ ਹਾਂ। ਅਸੀਂ ਇਹ ਫੈਸਲਾ ਕਿਸਾਨਾਂ ਨਾਲ ਜੁੜੇ ਮੁੱਦਿਆਂ ਸਮੇਤ ਵੱਖ-ਵੱਖ ਮੁੱਦਿਆਂ ’ਤੇ ਲਿਆ ਹੈ।’’ ਉਦੈ ਭਾਨ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ, ‘‘ਤਿੰਨ ਆਜ਼ਾਦ ਵਿਧਾਇਕਾਂ ਸੋਮਬੀਰ ਸਾਂਗਵਾਨ, ਰਣਧੀਰ ਗੋਲਨ ਅਤੇ ਧਰਮਪਾਲ ਗੋਂਦਰ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੋਂ ਅਪਣਾ ਸਮਰਥਨ ਵਾਪਸ ਲੈ ਲਿਆ ਹੈ ਅਤੇ ਕਾਂਗਰਸ ਨੂੰ ਅਪਣਾ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।’’ 

ਉਨ੍ਹਾਂ ਕਿਹਾ, ‘‘ਮੈਂ ਇਹ ਵੀ ਦਸਣਾ ਚਾਹੁੰਦਾ ਹਾਂ ਕਿ 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ਦੀ ਮੌਜੂਦਾ ਗਿਣਤੀ 88 ਹੈ, ਜਿਸ ’ਚੋਂ ਭਾਜਪਾ ਦੇ 40 ਮੈਂਬਰ ਹਨ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਪਹਿਲਾਂ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਵਿਧਾਇਕਾਂ ਅਤੇ ਆਜ਼ਾਦ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਸੀ, ਪਰ ਜੇ.ਜੇ.ਪੀ. ਨੇ ਵੀ ਸਮਰਥਨ ਵਾਪਸ ਲੈ ਲਿਆ ਸੀ ਅਤੇ ਹੁਣ ਆਜ਼ਾਦ ਉਮੀਦਵਾਰ ਵੀ ਅਸਤੀਫਾ ਦੇ ਰਹੇ ਹਨ।’’

ਉਨ੍ਹਾਂ ਕਿਹਾ ਕਿ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਹੁਣ ਘੱਟ ਗਿਣਤੀ ’ਚ ਹੈ। ਮੁੱਖ ਮੰਤਰੀ ਸੈਣੀ ਨੂੰ ਅਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਇਕ ਮਿੰਟ ਵੀ ਅਹੁਦੇ ’ਤੇ ਬਣੇ ਰਹਿਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਵਿਧਾਨ ਸਭਾ ਚੋਣਾਂ ਛੇਤੀ ਤੋਂ ਛੇਤੀ ਹੋਣੀਆਂ ਚਾਹੀਦੀਆਂ ਹਨ।

ਕੀ ਡਿੱਗ ਸਕਦੀ ਹੈ ਹਰਿਆਣਾ ਸਰਕਾਰ?

ਹਰਿਆਣਾ ਵਿਧਾਨ ਸਭਾ ਵਿੱਚ 90 ਮੈਂਬਰ ਹਨ। ਹਰਿਆਣਾ ਵਿਧਾਨ ਸਭਾ 'ਚ ਸਰਕਾਰ ਬਣਾਉਣ ਲਈ ਕਿਸੇ ਵੀ ਸਿਆਸੀ ਪਾਰਟੀ ਨੂੰ 46 ਵਿਧਾਇਕਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਵਿਧਾਨ ਸਭਾ 'ਚ ਪਾਰਟੀ ਦੀ ਮੌਜੂਦਾ ਸਥਿਤੀ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਕੋਲ 40 ਵਿਧਾਇਕ ਹਨ। ਹਰਿਆਣਾ ਭਾਜਪਾ ਨੂੰ ਹਰਿਆਣਾ ਲੋਕਹਿਤ ਪਾਰਟੀ (HHP) ਦੇ ਇਕਲੌਤੇ ਵਿਧਾਇਕ ਅਤੇ ਘੱਟੋ ਘੱਟ ਤਿੰਨ ਆਜ਼ਾਦ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ (ਪਹਿਲਾਂ, ਉਸ ਦੇ ਸਮਰਥਨ ਵਿੱਚ ਛੇ ਆਜ਼ਾਦ ਵਿਧਾਇਕ ਸਨ)। ਕੁੱਲ ਮਿਲਾ ਕੇ ਸੱਤਾਧਾਰੀ ਭਾਜਪਾ ਕੋਲ 44 ਵਿਧਾਇਕਾਂ ਦਾ ਸਮਰਥਨ ਹੈ, ਜੋ ਅੱਧੇ ਅੰਕੜੇ ਨੂੰ ਪਾਰ ਕਰਨ ਤੋਂ ਸਿਰਫ ਦੋ ਦੂਰ ਹੈ। ਇਕ ਵਿਧਾਇਕ ਘੱਟ ਹੋਣ 'ਤੇ ਵੀ ਭਾਜਪਾ ਸੂਬੇ 'ਚ ਸਰਕਾਰ ਨਹੀਂ ਬਣਾ ਸਕੇਗੀ। 

ਹਰਿਆਣਾ ਵਿਧਾਨ ਸਭਾ ਦੀ ਮੌਜੂਦਾ ਸਥਿਤੀ : 

ਭਾਰਤੀ ਜਨਤਾ ਪਾਰਟੀ (ਭਾਜਪਾ): 40 ਵਿਧਾਇਕ (ਮਨੋਹਰ ਲਾਲ ਖੱਟਰ ਦੇ ਮਾਰਚ 2024 ਵਿੱਚ ਵਿਧਾਇਕ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ) 

ਆਜ਼ਾਦ: 7 ਵਿਧਾਇਕ 

ਜਨਨਾਇਕ ਜਨਤਾ ਪਾਰਟੀ (JJP) ਦੇ 10 ਵਿਧਾਇਕ ਹਨ। 

ਕਾਂਗਰਸ: 30 ਵਿਧਾਇਕ 

ਹਰਿਆਣਾ ਲੋਕਹਿਤ ਪਾਰਟੀ (HLP): 1 ਵਿਧਾਇਕ 

ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ): 1 ਵਿਧਾਇਕ