ਇਸ ਯੋਜਨਾ ਦੇ ਲਾਭਪਾਤਰੀ ਪਰਵਾਰਾਂ ਨੂੰ ਹੁਣ 500 ਰੁਪਏ ’ਚ ਮਿਲੇਗਾ ਗੈਸ ਸਿਲੰਡਰ

ਏਜੰਸੀ

ਖ਼ਬਰਾਂ, ਹਰਿਆਣਾ

ਕਿਹਾ, ਇਸ ਵਿੱਤੀ ਸਾਲ ’ਚ ਸਵੈ-ਸਹਾਇਤਾ ਸਮੂਹਾਂ ਨੂੰ 490 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਉਣ ਦਾ ਟੀਚਾ

Representative Image.

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁਧਵਾਰ  ਨੂੰ ਕਿਹਾ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਲਾਭਪਾਤਰੀ ਪਰਵਾਰਾਂ ਨੂੰ ਹੁਣ 500 ਰੁਪਏ ’ਚ ਗੈਸ ਸਿਲੰਡਰ ਮਿਲੇਗਾ। 

ਸੈਣੀ ਨੇ ਇਹ ਐਲਾਨ ਕੁੱਝ  ਮਹੀਨਿਆਂ ਬਾਅਦ ਹੋਣ ਵਾਲੀਆਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ‘ਹਰਿਆਲੀ ਤੀਜ’ ਦੇ ਮੌਕੇ ’ਤੇ  ਕੀਤਾ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਲਾਭਪਾਤਰੀ ਪਰਵਾਰਾਂ ਨੂੰ ਹੁਣ 500 ਰੁਪਏ ’ਚ ਗੈਸ ਸਿਲੰਡਰ ਮਿਲੇਗਾ। ਇਸ ਨਾਲ ਰਾਜ ’ਚ 1.80 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਲਗਭਗ 46 ਲੱਖ ਪਰਵਾਰਾਂ ਨੂੰ ਲਾਭ ਹੋਵੇਗਾ।

ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਮਿਲਕ ਗਿਫਟ ਸਕੀਮ ਤਹਿਤ ਹੁਣ ਸਕੂਲਾਂ ’ਚ ਪੜ੍ਹਦੀਆਂ 14 ਤੋਂ 18 ਸਾਲ ਦੀਆਂ ਲੜਕੀਆਂ ’ਚ ਕੁਪੋਸ਼ਣ ਨੂੰ ਰੋਕਣ ਲਈ ਉਨ੍ਹਾਂ ਨੂੰ 150 ਦਿਨਾਂ ਲਈ ‘ਫੋਰਟੀਫਾਈਡ’ (ਵਾਧੂ ਪੋਸ਼ਣ) ਦੁੱਧ ਵੀ ਦਿਤਾ ਜਾਵੇਗਾ, ਜਿਸ ਨਾਲ 2.65 ਲੱਖ ਕਿਸ਼ੋਰ ਲੜਕੀਆਂ ਨੂੰ ਲਾਭ ਹੋਵੇਗਾ। 

ਉਨ੍ਹਾਂ ਨੇ ਹਰਿਆਣਾ ਮਾਤ੍ਰਸ਼ਕਤੀ ਉੱਦਮਤਾ ਯੋਜਨਾ ਤਹਿਤ ਸਵੈ-ਰੁਜ਼ਗਾਰ ਸਥਾਪਤ ਕਰਨ ਲਈ ਦਿਤੇ ਜਾਣ ਵਾਲੇ 3 ਲੱਖ ਰੁਪਏ ਦੇ ਕਰਜ਼ੇ ਦੀ ਰਾਸ਼ੀ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ। 

ਮੁੱਖ ਮੰਤਰੀ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਨੂੰ ਰੋਜ਼ਾਨਾ ਲੋੜਾਂ ਲਈ ਦਿਤੇ ਜਾਣ ਵਾਲੇ 20 ਹਜ਼ਾਰ ਰੁਪਏ ਦੇ ‘ਰਿਵਾਲਵਿੰਗ ਫੰਡ’ ਦੀ ਰਾਸ਼ੀ ਵੀ ਵਧਾ ਕੇ 30 ਹਜ਼ਾਰ ਰੁਪਏ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਸਖੀ ਦਾ ਮਹੀਨਾਵਾਰ ਮਾਣ ਭੱਤਾ 150 ਰੁਪਏ ਤੋਂ ਵਧਾ ਕੇ 500 ਰੁਪਏ ਕਰਨ ਦਾ ਵੀ ਐਲਾਨ ਕੀਤਾ। 

ਸੈਣੀ ਨੇ ਸਮਾਰੋਹ ’ਚ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾ ਮੈਂਬਰਾਂ ਦੇ ਸਸ਼ਕਤੀਕਰਨ ਲਈ 100 ਕਰੋੜ ਰੁਪਏ ਦੇ ਵਿਆਜ ਮੁਕਤ ਕਰਜ਼ੇ ਵੀ ਵੰਡੇ। ਉਨ੍ਹਾਂ ਕਿਹਾ ਕਿ ਇਸ ਵਿੱਤੀ ਸਾਲ ’ਚ ਸਵੈ-ਸਹਾਇਤਾ ਸਮੂਹਾਂ ਨੂੰ 490 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਉਣ ਦਾ ਟੀਚਾ ਹੈ।  ਉਨ੍ਹਾਂ ਕਿਹਾ, ‘‘ਹਰਿਆਣਾ ਸਰਕਾਰ ਨੇ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਰਾਹੀਂ ਦੋ ਲੱਖ ਭੈਣਾਂ-ਧੀਆਂ ਨੂੰ ਕਰੋੜਪਤੀ ਬਣਾਉਣ ਦਾ ਟੀਚਾ ਮਿੱਥਿਆ ਹੈ।’’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਜਨਵਰੀ 2015 ਨੂੰ ਪਾਣੀਪਤ ਤੋਂ ਦੇਸ਼ ਵਿਆਪੀ ਮੁਹਿੰਮ ‘ਬੇਟੀ ਬਚਾਓ-ਬੇਟੀ ਪੜ੍ਹਾਓ‘ ਦੀ ਸ਼ੁਰੂਆਤ ਕੀਤੀ ਸੀ। ਸਾਡੀ ਸਰਕਾਰ ਅਤੇ ਔਰਤਾਂ ਨੇ ਮਿਲ ਕੇ ਇਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਇਆ ਹੈ। ” 

ਸੈਣੀ ਨੇ ਕਿਹਾ ਕਿ ਹੁਣ ਹਰਿਆਣਾ ’ਚ ਲਿੰਗ ਅਨੁਪਾਤ ਦੀ ਦਰ 871 ਤੋਂ ਵਧ ਕੇ 941 ਹੋ ਗਈ ਹੈ। ਪ੍ਰਧਾਨ ਮੰਤਰੀ ਨੇ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ’ਤੇ  ‘ਏਕ ਰੁੱਖ ਮਾਂ ਕੇ ਨਾਮ‘ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਅੱਜ ਹਰਿਆਲੀ ਤੀਜ ਦੇ ਮੌਕੇ ’ਤੇ  ਤੁਹਾਨੂੰ ਇਕ  ਸੰਕਲਪ ਲੈਣਾ ਚਾਹੀਦਾ ਹੈ ਅਤੇ ਘੱਟੋ ਘੱਟ ਇਕ  ਰੁੱਖ ਲਗਾਉਣਾ ਚਾਹੀਦਾ ਹੈ। ’’