ਅਕੀਲ ਅਖ਼ਤਰ ਦੀ ਮੌਤ ਮਾਮਲੇ ਵਿਚ ਮੁਹੰਮਦ ਮੁਸਤਫਾ ਤੇ ਰਜ਼ੀਆ ਸੁਲਤਾਨਾ ਖ਼ਿਲਾਫ਼ FIR

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

FIR 'ਚ ਅਕੀਲ ਦੀ ਪਤਨੀ ਤੇ ਭੈਣ ਦਾ ਨਾਂਅ ਵੀ ਸ਼ਾਮਲ, ਅਕੀਲ ਅਖ਼ਤਰ ਮੌਤ ਮਾਮਲੇ 'ਚ CBI ਨੇ ਦਰਜ ਕੀਤੀ ਹੈ FIR

Aqeel Akhtar's death case CBI FIR News

 Aqeel Akhtar's death case CBI FIR News: ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਸ਼ੱਕੀ ਮੌਤ ਦਾ ਮਾਮਲਾ ਹੁਣ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਕੋਲ ਪਹੁੰਚ ਗਿਆ ਹੈ। ਸੀਬੀਆਈ ਨੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅਤੇ ਹੋਰ ਪਰਿਵਾਰਕ ਮੈਂਬਰਾਂ ਵਿਰੁੱਧ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਐਫਆਈਆਰ 6 ਨਵੰਬਰ ਨੂੰ ਦਰਜ ਕੀਤੀ ਗਈ ਸੀ। ਸੀਬੀਆਈ ਦੇ ਅਨੁਸਾਰ, ਅਕੀਲ ਅਖ਼ਤਰ ਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਸੀ ਅਤੇ ਮੁੱਢਲੀ ਜਾਂਚ ਵਿੱਚ ਪਰਿਵਾਰਕ ਝਗੜੇ ਦਾ ਖੁਲਾਸਾ ਹੋਇਆ ਹੈ। ਜ਼ਿਕਰਯੋਗ ਹੈ ਕਿ 35 ਸਾਲਾ ਅਕੀਲ ਅਖ਼ਤਰ ਦੀ ਲਾਸ਼ 16 ਅਕਤੂਬਰ ਨੂੰ ਹਰਿਆਣਾ ਦੇ ਪੰਚਕੂਲਾ ਸਥਿਤ ਉਸ ਦੇ ਘਰੋਂ ਬਰਾਮਦ ਹੋਈ ਸੀ।

ਅਕੀਲ ਅਖ਼ਤਰ ਦੀ ਮੌਤ ਦੇ ਮਾਮਲੇ ਵਿੱਚ ਕਤਲ ਅਤੇ ਸਾਜ਼ਿਸ਼ ਦੇ ਦੋਸ਼ਾਂ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ। 27 ਅਗਸਤ ਨੂੰ, ਆਪਣੀ ਮੌਤ ਤੋਂ ਲਗਭਗ ਦੋ ਮਹੀਨੇ ਪਹਿਲਾਂ, ਅਕੀਲ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ ਸੀ ਜਿਸ ਵਿੱਚ ਉਸ ਨੇ ਪਿਤਾ 'ਤੇ ਗੰਭੀਰ ਦੋਸ਼ ਲਗਾਏ ਗਏ ਸਨ।

ਅਕੀਲ ਅਖਤਰ ਨੇ ਵੀਡੀਓ ਵਿੱਚ ਦੋਸ਼ ਲਗਾਇਆ ਸੀ ਕਿ ਉਸ ਦੇ ਪਿਤਾ ਅਤੇ ਪਤਨੀ ਵਿਚਕਾਰ ਨਾਜਾਇਜ਼ ਸਬੰਧ ਸਨ।ਇਸੇ ਵੀਡੀਓ ਵਿੱਚ, ਅਕੀਲ ਅਖ਼ਤਰ ਨੇ ਆਪਣੀ ਮਾਂ ਅਤੇ ਭੈਣ 'ਤੇ ਵੀ ਗੰਭੀਰ ਦੋਸ਼ ਲਗਾਏ। ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਮਾਂ ਅਤੇ ਭੈਣ, ਉਸ ਦੇ ਪਿਤਾ ਨਾਲ ਮਿਲ ਕੇ, ਉਸ ਨੂੰ ਫਸਾਉਣ ਜਾਂ ਮਾਰਨ ਦੀ ਸਾਜ਼ਿਸ਼ ਰਚ ਰਹੇ ਸਨ।

ਅਕੀਲ ਦੀ ਲਾਸ਼ ਉਸ ਦੇ ਘਰ ਵਿੱਚ ਮਿਲਣ ਤੋਂ ਬਾਅਦ, ਪੰਚਕੂਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੰਚਕੂਲਾ ਪੁਲਿਸ ਨੇ ਸ਼ੁਰੂ ਵਿੱਚ ਅਕੀਲ ਅਖ਼ਤਰ ਦੀ ਮੌਤ ਦੀ ਜਾਂਚ ਕੀਤੀ ਸੀ, ਪਰ ਹਰਿਆਣਾ ਸਰਕਾਰ ਨੇ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ। ਸੀਬੀਆਈ ਹੁਣ ਇਸ ਮਾਮਲੇ ਵਿੱਚ ਦਾਖ਼ਲ ਹੋ ਗਈ ਹੈ।

ਸੀਬੀਆਈ ਨੇ ਕੱਲ੍ਹ ਦੇਰ ਰਾਤ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਏਜੰਸੀ ਨੇ ਮੁਸਤਫਾ, ਸੁਲਤਾਨਾ, ਅਕੀਲ ਦੀ ਪਤਨੀ ਅਤੇ ਭੈਣ ਵਿਰੁੱਧ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।