ਮੇਵਾਤ ਦੀ 75 ਸਾਲਾ ਮਹਿਲਾ ਨੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਵੇਚੇ ਆਪਣੇ ਗਹਿਣੇ
ਪੰਜਾਬੀ ਗਾਇਕਾਂ ਅਤੇ ਫ਼ਿਲਮ ਇੰਡਸਟਰੀ ਵੱਲੋਂ ਕੀਤੀ ਜਾ ਰਹੀ ਹੈ ਹੜ੍ਹ ਪੀੜਤਾਂ ਦੀ ਮਦਦ
ਮੇਵਾਤ : ਹਰਿਆਣਾ ਦੇ ਮੇਵਾਤ ਦੀ ਇਕ 75 ਸਾਲਾ ਮਹਿਲਾ ਵੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਸਾਹਮਣੇ ਆਈ ਹੈ। 75 ਸਾਲਾ ਮਹਿਲਾ ਨੇ ਹੜ੍ਹ ਪ੍ਰਭਾਵਿਤ ਪੰਜਾਬ ਦੀ ਮਦਦ ਕਰਨ ਲਈ 2 ਕਿਲੋ ਚਾਂਦੀ ਅਤੇ 20 ਗ੍ਰਾਮ ਸੋਨਾ ਦਾਨ ਕੀਤਾ ਹੈ, ਜਿਸ ਦੀ ਕੀਮਤ ਲਗਭਗ 5 ਲੱਖ ਰੁਪਏ ਬਣਦੀ ਹੈ।
ਨਾਨਸਰਾ ਪਿੰਡ ਤੋਂ ਅਸਮੀਨਾ ਕਹਿੰਦੀ ਹੈ ਕਿ ਧੀਆਂ ਅਤੇ ਨੂੰਹਾਂ ਨੂੰ ਗਹਿਣੇ ਦੇਣ ਦੇ ਨਾਲ-ਨਾਲ ਔਰਤਾਂ ਬੁਢਾਪੇ ਵਿਚ ਆਪਣਾ ਦਾਜ ਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੁਦ ਹੜ੍ਹਾਂ ਦਾ ਸਾਹਮਣਾ ਕਰਨ ਤੋਂ ਬਾਅਦ ਸਾਨੂੰ ਲੱਗਿਆ ਕਿ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ। ਮੇਵਾਤ ਦੇ ਲੋਕਾਂ ਵੱਲੋਂ ਹੜ੍ਹ ਪ੍ਰਭਾਵਿਤ ਪੰਜਾਬ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਪੰਜਾਬ ਨੂੰ ਕਾਫ਼ੀ ਰਾਹਤ ਸਮੱਗਰੀ ਭੇਜੀ ਜਾ ਚੁੱਕੀ ਹੈ। ਇਸ ਵਿਚ ਸਭ ਤੋਂ ਵੱਧ ਯੋਗਦਾਨ ਮੇਵਾਤ ਦੀਆਂ ਔਰਤਾਂ ਦਾ ਹੈ।
ਜ਼ਿਕਰਯੋਗ ਹੈ ਕਿ ਸਮੁੱਚਾ ਪੰਜਾਬ ਇਸ ਸਮੇਂ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਨ੍ਹਾਂ ਹੜ੍ਹਾਂ ਕਾਰਨ ਪੰਜਾਬ ਵਿਚ 46 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹੜ੍ਹ ਪ੍ਰਭਾਵਿਤ ਪੰਜਾਬ ਦੀ ਲੋਕਾਂ ਵੱਲੋਂ ਖੁੱਲ੍ਹ ਕੇ ਮਦਦ ਕੀਤੀ ਜਾ ਰਹੀ ਹੈ। ਭਾਵੇਂ ਉਹ ਪੰਜਾਬੀ ਫ਼ਿਲਮ ਇੰਡਸਟਰੀ ਹੋਵੇ ਜਾਂ ਬਾਲੀਵੁੱਡ ਫ਼ਿਲਮ ਇੰਡਸਟਰੀ ਦੇ ਕਲਾਕਾਰ ਹੋਣ। ਪੰਜਾਬੀ ਗਾਇਕਾਂ ਵੱਲੋਂ ਜਿੱਥੇ ਹੜ੍ਹ ਪੀੜਤਾਂ ਦੀ ਖੁੱਲ੍ਹ ਕੇ ਮਦਦ ਕੀਤੀ ਜਾ ਰਹੀ ਹੈ, ਉਥੇ ਹੀ ਉਹ ਖੁਦ ਹੜ੍ਹ ਪੀੜਤ ਇਲਾਕਿਆਂ ’ਚ ਜਾ ਕੇ ਵੀ ਲੋਕਾਂ ਦੀ ਮਦਦ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਗਾਇਕ ਮਨਕੀਰਤ ਔਲਖ ਨੇ ਲੰਘੇ ਦਿਨੀਂ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ 10 ਟਰੈਕਟਰ ਦਿੱਤੇ ਹਨ। ਇਸੇ ਤਰ੍ਹਾਂ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਪੰਜਾਬ ਪਹੁੰਚੇ ਹਨ ਅਤੇ ਉਨ੍ਹਾਂ ਕਿਹਾ ਕਿ ਸੀ ਉਹ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨਗੇ। ਇਸ ਤੋਂ ਇਲਾਵਾ ਪੰਜਾਬੀ ਗਾਇਕ ਅਤੇ ਫ਼ਿਲਮ ਇੰਡਸਟਰੀ ਦੇ ਅਦਾਕਾਰਾਂ ਵੱਲੋਂ ਵੀ ਹੜ੍ਹ ਪੀੜਤਾਂ ਦੀ ਖੁੱਲ੍ਹ ਕੇ ਮਦਦ ਕੀਤੀ ਜਾ ਰਹੀ ਹੈ।