223 ਵੋਟਾਂ ਉਤੇ ਛਪੀ ਬਜ਼ੁਰਗ ਔਰਤ ਦੀ ਤਸਵੀਰ
ਕਿਹਾ, ਮੇਰੇ ਨਾਮ ਉਤੇ ਵੋਟਾਂ ਪਹਿਲਾਂ ਹੀ ਪਾ ਦਿੱਤੀਆਂ ਗਈਆਂ
ਅੰਬਾਲਾ (ਹਰਿਆਣਾ): ਰਾਹੁਲ ਗਾਂਧੀ ਨੇ ਅੰਬਾਲਾ ਦੇ ਮੁਲਾਨਾ ਵਿਧਾਨ ਸਭਾ ਹਲਕੇ ਦੇ ਢਕੋਲਾ ਪਿੰਡ ’ਚ ਬਜ਼ੁਰਗ ਔਰਤ ਚਰਨਜੀਤ ਕੌਰ ਦੀ ਤਸਵੀਰ 223 ਵੋਟਾਂ ਉਤੇ ਮਿਲਣ ਦਾ ਮੁੱਦਾ ਉਠਾਇਆ ਸੀ। ਇਸ ਮਾਮਲੇ ’ਚ ਬਜ਼ੁਰਗ ਔਰਤ ਸਾਹਮਣੇ ਆਈ ਹੈ ਅਤੇ ਉਸ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਉਸ ਦੀ ਤਸਵੀਰ ਵੋਟਾਂ ਤੋਂ ਨਹੀਂ ਹਟਾਈ ਗਈ। ਰਾਹੁਲ ਗਾਂਧੀ ਨੇ ਜਾਅਲੀ ਵੋਟਾਂ ਦਾ ਮੁੱਦਾ ਉਠਾਇਆ ਸੀ, ਜਿਸ ਵਿਚ ਅੰਬਾਲਾ ਦੀ ਮੁਲਾਨਾ ਵਿਧਾਨ ਸਭਾ ਦੇ ਪਿੰਡ ਢਕੋਲਾ ਦਾ ਜ਼ਿਕਰ ਕੀਤਾ ਗਿਆ ਸੀ। ਇਸ ਵਿਚ ਬਜ਼ੁਰਗ ਚਰਨਜੀਤ ਕੌਰ ਦੀ ਤਸਵੀਰ ਵਾਲੀ ਇਕ ਵੋਟ ਸੂਚੀ ਵਿਖਾਈ ਗਈ ਜਿਸ ਵਿਚ 223 ਵੋਟਾਂ ਉਤੇ ਸਿਰਫ਼ ਉਸ ਦੀ ਹੀ ਤਸਵੀਰ ਸੀ।
ਮੀਡੀਆ ਨੇ ਜਦੋਂ ਪਿੰਡ ਢਕੋਲਾ ਦੀ ਬਜ਼ੁਰਗ ਔਰਤ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਸਪੱਸ਼ਟ ਤੌਰ ਉਤੇ ਇਸ ਨੂੰ ਸ਼ਰਾਰਤ ਦਸਿਆ ਅਤੇ ਕਿਹਾ ਕਿ ਪ੍ਰਵਾਸੀਆਂ ਦੀਆਂ ਜਾਅਲੀ ਵੋਟਾਂ ਬਣਾਈਆਂ ਗਈਆਂ ਹਨ ਅਤੇ ਤਸਵੀਰ ਉਨ੍ਹਾਂ ਦੀ ਵਰਤ ਲਈ ਗਈ। ਬਜ਼ੁਰਗ ਨੇ ਕਿਹਾ, ‘‘ਇਸ ਬਾਰੇ ਕਈ ਵਾਰ ਸ਼ਿਕਾਇਤ ਕੀਤੀ ਗਈ ਸੀ ਪਰ ਅਧਿਕਾਰੀਆਂ ਨੇ ਕੋਈ ਨੋਟਿਸ ਨਹੀਂ ਲਿਆ। ਜਦੋਂ ਮੈਂ ਪਿੰਡ ਵਿਚ ਵੋਟ ਪਾਉਣ ਜਾਂਦੀ ਹਾਂ ਤਾਂ ਪੁਲਿਸ ਅਤੇ ਉੱਥੇ ਬੈਠੇ ਲੋਕ ਮੇਰੇ ਉਤੇ ਹੱਸਦੇ ਸਨ ਕਿ ਮਾਤਾ ਜੀ ਹੁਣ ਵੋਟ ਪਾਉਣ ਆਏ ਹਨ, ਸਵੇਰ ਤੋਂ ਹੀ ਬਹੁਤ ਸਾਰੇ ਲੋਕ ਉਨ੍ਹਾਂ ਦੀ ਫੋਟੋ ਨਾਲ ਫਰਜ਼ੀ ਵੋਟਾਂ ਪਾ ਗਏ ਹਨ।’’