ਟੋਲ ਟੈਕਸ ਦੇ 100 ਰੁਪਏ ਬਚਾਉਣ ਦੇ ਚੱਕਰ ਵਿਚ ਛੱਪੜ ਵਿੱਚ ਡਿੱਗੀ ਕਾਰ, ਭਰਾ ਦੀ ਮੌਤ, ਭੈਣ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਭੈਣ ਦਾ ਪੇਪਰ ਦਿਵਾਉਣ ਲਈ ਭਰਾ ਯਮੁਨਾਨਗਰ ਤੋਂ ਆਇਆ ਸੀ ਚੰਡੀਗੜ੍ਹ

yamunanagar toll plaza accident

ਹਰਿਆਣਾ ਦੇ ਯਮੁਨਾਨਗਰ ਵਿੱਚ ਟੋਲ ਟੈਕਸ ਦੇ 100 ਰੁਪਏ ਬਚਾਉਣ ਦੀ ਕੋਸ਼ਿਸ਼ ਵਿੱਚ ਇੱਕ ਕਾਰ ਛੱਪੜ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ, ਜਦੋਂ ਕਿ ਪਿੰਡ ਵਾਸੀਆਂ ਨੇ ਸਮੇਂ ਸਿਰ ਉਸ ਦੀ ਭੈਣ ਨੂੰ ਬਚਾ ਲਿਆ। ਭਰਾ ਭੈਣ ਨੂੰ ਚੰਡੀਗੜ੍ਹ ਤੋਂ ਪੇਪਰ ਦਵਾ ਕੇ ਵਾਪਸ ਲੈ ਕੇ ਜਾ ਰਿਹਾ ਸੀ। ਇਹ ਘਟਨਾ ਸ਼ੁੱਕਰਵਾਰ ਦੁਪਹਿਰ 12 ਵਜੇ ਪਿੰਡ ਕਨਹਰੀ ਖੁਰਦ ਵਿੱਚ ਵਾਪਰੀ।

ਸੂਚਨਾ ਮਿਲਦੇ ਹੀ ਨੇੜਲੇ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਅਤੇ ਟਰੈਕਟਰ-ਟਰਾਲੀ ਦੀ ਮਦਦ ਨਾਲ ਕਾਫ਼ੀ ਕੋਸ਼ਿਸ਼ ਤੋਂ ਬਾਅਦ ਕਾਰ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ। ਪਿੰਡ ਵਾਸੀਆਂ ਨੇ ਤੁਰੰਤ ਦੋਵਾਂ ਵਿਅਕਤੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਭੈਣ ਦਾ ਇਲਾਜ ਚੱਲ ਰਿਹਾ ਹੈ। ਨੌਜਵਾਨ ਨੇ 15 ਦਿਨ ਪਹਿਲਾਂ ਹੀ ਇੱਕ ਨਵੀਂ ਕਾਰ ਖਰੀਦੀ ਸੀ। ਘਰ ਵਿੱਚ ਉਸਦੇ ਵਿਆਹ ਦੀਆਂ ਗੱਲਾਂ ਹੋ ਰਹੀਆਂ ਸਨ।

ਮ੍ਰਿਤਕ ਦੀ ਪਛਾਣ ਹਿਮਾਂਸ਼ੂ ਵਜੋਂ ਹੋਈ ਹੈ, ਜੋ ਕਿ ਪ੍ਰੋਫੈਸਰ ਕਲੋਨੀ ਦਾ ਰਹਿਣ ਵਾਲਾ ਸੀ। ਹਿਮਾਂਸ਼ੂ ਚੰਡੀਗੜ੍ਹ ਦੀ ਇੱਕ ਕੰਪਨੀ ਵਿੱਚ ਸਾਫਟਵੇਅਰ ਇੰਜੀਨੀਅਰ ਸੀ। ਸ਼ੁੱਕਰਵਾਰ ਸਵੇਰੇ ਉਹ ਆਪਣੀ ਭੈਣ ਤਾਨਿਆ ਨੂੰ ਇੱਕ ਪੇਪਰ ਦਿਵਾਉਣ ਲਈ ਡਕੌਲੀ, ਚੰਡੀਗੜ੍ਹ ਲੈ ਕੇ ਆਇਆ ਸੀ। ਵਾਪਸ ਆਉਂਦੇ ਹੋਏ, ਉਹ ਦੁਪਹਿਰ 12 ਵਜੇ ਦੇ ਕਰੀਬ ਮਿਲਕ ਮਾਜਰਾ ਟੋਲ ਪਲਾਜ਼ਾ ਪਹੁੰਚੇ। ਤਾਨਿਆ ਗੱਡੀ ਦੀ ਪਿੱਛੇ ਬੈਠੀ ਸੀ।

ਟੋਲ ਟੈਕਸ ਤੋਂ ਬਚਣ ਲਈ, ਉਨ੍ਹਾਂ ਨੇ ਨੇੜਲੇ ਪਿੰਡ ਵਿੱਚੋਂ ਇੱਕ ਛੋਟਾ ਰਸਤਾ ਚੁਣਿਆ। ਕਨਹਰੀ ਖੁਰਦ ਪਿੰਡ ਵਿੱਚ ਸੜਕ ਤੰਗ ਹੈ, ਅੱਗੇ ਵਾਹਨ ਆਉਣ ਕਾਰਨ  ਭੈਣ ਭਰਾ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਕਾਰ ਸਮੇਤ ਛੱਪੜ ਵਿਚ ਡਿੱਗ ਗਏ।